ਪੰਜਾਬ ਸਰਕਾਰ ਨੇ 'ਬੀਬੀਆਂ' ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਬੇਝਿਜਕ ਰੱਖ ਸਕਣਗੀਆਂ ਆਪਣੀ ਗੱਲ

Friday, Jan 01, 2021 - 10:47 AM (IST)

ਪੰਜਾਬ ਸਰਕਾਰ ਨੇ 'ਬੀਬੀਆਂ' ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ, ਬੇਝਿਜਕ ਰੱਖ ਸਕਣਗੀਆਂ ਆਪਣੀ ਗੱਲ

ਲੁਧਿਆਣਾ (ਰਿਸ਼ੀ) : ਬੀਬੀਆਂ ਦੀਆਂ ਸ਼ਿਕਾਇਤਾਂ ਦਾ ਜਲਦ ਹੱਲ ਹੋਵੇ, ਇਸੇ ਮਕਸਦ ਨਾਲ ਨਵੇਂ ਸਾਲ ’ਤੇ 29 ਥਾਣਿਆਂ ’ਚ ਵੂਮੈਨ ਹੈਲਪ ਡੈਸਕ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ’ਤੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਖੁਦ ਨਜ਼ਰ ਰੱਖਣਗੇ ਅਤੇ ਨਾਲ ਦੀ ਨਾਲ ਰੋਜ਼ਾਨਾ ਸ਼ਹਿਰ ’ਚ ਬੀਬੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਦੀ ਗਿਣਤੀ ਦਾ ਪਤਾ ਲੱਗਦਾ ਰਹੇਗਾ। ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ 1 ਜਨਵਰੀ, 2021 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਪੰਜਾਬ ’ਚ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੌਰਾਨ ਵੀਰਵਾਰ ਨੂੰ ਉਨ੍ਹਾਂ ਵੱਲੋਂ ਪੁਲਸ ਲਾਈਨ ’ਚ ਮੀਟਿੰਗ ਕੀਤੀ ਗਈ ਅਤੇ ਮੁਲਾਜ਼ਮ ਬੀਬੀਆਂ ਨੂੰ ਇਕ ਦਿਨ ਦੀ ਟ੍ਰੇਨਿੰਗ ਦਿੱਤੀ ਗਈ ਹੈ। ਪੁਲਸ ਕਮਿਸ਼ਨਰ ਮੁਤਾਬਕ ਜ਼ਿਆਦਾਤਰ ਕੇਸਾਂ ’ਚ ਥਾਣੇ ਸ਼ਿਕਾਇਤ ਲੈ ਕੇ ਆਉਣ ਵਾਲੀਆਂ ਬੀਬੀਆਂ ਵੱਲੋਂ ਪੁਰਸ਼ਾਂ ਦੇ ਸਾਹਮਣੇ ਆਪਣੀ ਦਾਸਤਾਨ ਨਹੀਂ ਦੱਸੀ ਜਾਂਦੀ। ਇਸੇ ਲਈ ਵੱਖ-ਵੱਖ ਡੈਸਕ ਬਣਾਇਆ ਗਿਆ ਹੈ ਤਾਂ ਜੋ ਬੀਬੀਆਂ ਖੁੱਲ੍ਹ ਕੇ ਆਪਣੀ ਗੱਲ ਪੁਲਸ ਨੂੰ ਦੱਸ ਸਕਣ।

ਇਹ ਵੀ ਪੜ੍ਹੋ : ਪੰਜਾਬ 'ਚ ਠੰਡ ਕਾਰਨ 'ਆਰੈਂਜ ਅਲਰਟ' ਜਾਰੀ, ਧੁੰਦ ਪੈਣ ਦੇ ਨਾਲ ਵਧੇਗੀ ਕੰਬਣੀ
ਥਾਣੇ ਆਉਂਦੇ ਹੀ ਸ਼ਿਕਾਇਤ ਹੋਵੇਗੀ ਰਜਿਸਟਰਡ, ਲੱਗੇਗਾ ਨੰਬਰ
ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਮੁਤਾਬਕ ਥਾਣੇ ’ਚ ਹੈਲਪ ਡੈਸਕ ’ਤੇ ਪੁੱਜਦੇ ਹੀ ਬੀਬੀ ਦੀ ਸ਼ਿਕਾਇਤ ਰਜਿਸਟਰਡ ਕਰ ਕੇ ਪਹਿਲਾਂ ਯੂ. ਆਈ. ਡੀ. ਨੰਬਰ ਲਾਇਆ ਜਾਵੇਗਾ। ਇਸ ਲਈ ਵੱਖ-ਵੱਖ ਪੋਰਟਲ ਸ਼ੁਰੂ ਕੀਤਾ ਜਾ ਰਿਹਾ ਹੈ। ਚੰਡੀਗੜ੍ਹ ਤੱਕ ਦਫ਼ਤਰ ’ਚ ਬੈਠੇ ਅਧਿਕਾਰੀ ਆਨਲਾਈਨ ਰੋਜ਼ਾਨਾ ਦੀਆਂ ਸ਼ਿਕਾਇਤਾਂ, ਪੁਰਾਣੀਆਂ ਸ਼ਿਕਾਇਤਾਂ ਦੀ ਜਾਂਚ ਦੇ ਸਮੇਂ ਤੋਂ ਇਲਾਵਾ ਕੁਝ ਵੀ ਚੈੱਕ ਕਰ ਸਕਦੇ ਹਨ। ਜੇਕਰ ਕਿਸੇ ਸ਼ਿਕਾਇਤ ਦੀ ਜਾਂਚ ਪੂਰੀ ਹੋਣ ’ਚ ਜ਼ਿਆਦਾ ਸਮਾਂ ਲੱਗ ਰਿਹਾ ਹੈ ਤਾਂ ਜਾਂਚ ਕਰ ਰਹੇ ਮੁਲਾਜ਼ਮ ’ਤੇ ਵੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੋਰਟਲ ’ਚ ਜਿਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੋਇਆ, ਉਨ੍ਹਾਂ ਦਾ ਵੱਖ ਤੋਂ ਪਤਾ ਲੱਗਦਾ ਰਹੇਗਾ। ਇਸ ਲਈ ਹਰ ਸ਼ਿਕਾਇਤ ਨੂੰ ਜਲਦ ਤੋਂ ਜਲਦ ਹੱਲ ਕਰਨਾ ਜ਼ਰੂਰੀ ਹੋਵੇਗਾ।

ਇਹ ਵੀ ਪੜ੍ਹੋ : ਨਾਭਾ ਜੇਲ ਬ੍ਰੇਕ ਕਾਂਡ : ਗੈਂਗਸਟਰ ਸੁੱਖਾ ਭਿਖਾਰੀਵਾਲ ਦੁਬਈ ਤੋਂ ਗ੍ਰਿਫ਼ਤਾਰ ਕਰ ਕੇ ਨਵੀਂ ਦਿੱਲੀ ਲਿਆਂਦਾ
ਸਵੇਰ 9 ਤੋਂ ਸ਼ਾਮ 6 ਵਜੇ ਤੱਕ ਮੌਜੂਦ ਰਹੇਗੀ ਮਹਿਲਾ ਮਿੱਤਰ
ਪੁਲਸ ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਹੈਲਪ ਡੈਸਕ ’ਤੇ ਬੈਠਣ ਵਾਲੀ ਮੁਲਾਜ਼ਮ ਬੀਬੀ ਨੂੰ ਮਹਿਲਾ ਮਿੱਤਰ ਦਾ ਨਾਮ ਦਿੱਤਾ ਗਿਆ ਹੈ। ਮਹਿਲਾ ਮਿੱਤਰ ਸਵੇਰ 9 ਤੋਂ ਸ਼ਾਮ 6 ਵਜੇ ਤੱਕ ਥਾਣੇ ’ਚ ਮੌਜੂਦ ਰਹੇਗੀ। ਰਾਤ ਸਮੇਂ ਅਮਰਜੈਂਸੀ ’ਚ ਉਨ੍ਹਾਂ ਨੂੰ ਬੁਲਾਇਆ ਜਾ ਸਕੇਗਾ। ਹਰ ਥਾਣੇ ’ਚ 2 ਮਹਿਲਾ ਮਿੱਤਰ ਤਾਇਨਾਤ ਕੀਤੀਆਂ ਗਈਆਂ ਹਨ। ਹਾਲਾਂਕਿ ਜਿਨ੍ਹਾਂ ਥਾਣਿਆਂ ਦੇ ਨਾਲ ਸਾਂਝ ਕੇਂਦਰ ਹਨ, ਸ਼ੁਰੂਆਤੀ ਦਿਨਾਂ ’ਚ ਮਹਿਲਾ ਮਿੱਤਰ ਉੱਥੇ ਬੈਠ ਕੇ ਸਮੱਸਿਆਵਾਂ ਸੁਣਨਗੀਆਂ। ਜਲਦ ਹੀ ਸਾਰੀਆਂ ਮਹਿਲਾ ਮਿੱਤਰ ਨੂੰ ਵੱਖ-ਵੱਖ ਲੈਪਟਾਪ, ਮੋਬਾਇਲ ਮੁਹੱਈਆ ਕਰਵਾਏ ਜਾਣਗੇ। ਪੀੜਤਾ ਦੀ ਸ਼ਿਕਾਇਤ ਨੋਟ ਕਰਨ ਤੋਂ ਬਾਅਦ ਜੇਕਰ ਮੌਕੇ ’ਤੇ ਐੱਫ. ਆਈ. ਆਰ. ਦਰਜ ਕਰਨੀ ਹੋਵੇਗੀ ਤਾਂ ਤੁਰੰਤ ਐੱਸ. ਐੱਚ. ਓ. ਨਾਲ ਗੱਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸ਼ਹੀਦ ਦੀ ਪਤਨੀ ਦੇ ਖਾਤੇ ’ਚ ਸਰਕਾਰ ਨੇ ਪਾਏ ਢਾਈ ਲੱਖ ਰੁਪਏ
ਕੰਟਰੋਲ ਰੂਮ ’ਤੇ ਕੀਤੀ ਜਾਣ ਵਾਲੀ ਸ਼ਿਕਾਇਤ ਦੀ ਵੀ ਇਹੀ ਕਰਨਗੀਆਂ ਜਾਂਚ
ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਮੁਤਾਬਕ ਕਈ ਵਾਰ ਬੀਬੀਆਂ ਵੱਲੋਂ ਮਦਦ ਲਈ ਪੁਲਸ ਕੰਟਰੋਲ ਰੂਮ ਦੇ ਨੰਬਰਾਂ ’ਤੇ ਫੋਨ ਕੀਤਾ ਜਾਂਦਾ ਹੈ ਤਾਂ ਉਕਤ ਕੇਸਾਂ ਦੀ ਜਾਂਚ ਵੀ ਹੁਣ ਇਸੇ ਹੈਲਪ ਡੈਸਕ ’ਤੇ ਬੈਠੀ ਮਹਿਲਾ ਮਿੱਤਰ ਵੱਲੋਂ ਕੀਤੀ ਜਾਵੇਗੀ। ਵੂਮੈਨ ਸੈੱਲ ’ਚ ਸ਼ਿਕਾਇਤ ਲੈ ਕੇ ਜਾਣ ਵਾਲੀਆਂ ਬੀਬੀਆਂ ਵੀ ਥਾਣੇ ਜਾ ਕੇ ਹੈਲਪ ਡੈਸਕ ’ਤੇ ਆਪਣੀ ਸ਼ਿਕਾਇਤ ਨੋਟ ਕਰਵਾ ਸਕਦੀਆਂ ਹਨ।
ਨੋਟ : ਪੰਜਾਬ ਸਰਕਾਰ ਵੱਲੋਂ ਬੀਬੀਆਂ ਲਈ ਚੁੱਕੇ ਗਏ ਇਸ ਅਹਿਮ ਕਦਮ ਬਾਰੇ ਦਿਓ ਆਪਣੀ ਰਾਏ


author

Babita

Content Editor

Related News