ਚਾਕੂ ਦੀ ਨੌਕ ''ਤੇ 6 ਵਿਅਕਤੀਆਂ ਨੇ ਮਹਿਲਾ ਨਾਲ ਕੀਤਾ ਗੈਂਗਰੇਪ

11/03/2019 1:21:45 AM

ਲੁਧਿਆਣਾ,(ਅਨਿਲ): ਥਾਣਾ ਲਾਡੋਵਾਲ ਦੀ ਪੁਲਸ ਨੇ ਇਕ ਪੀੜਤ ਔਰਤ ਨਾਲ ਚਾਕੂ ਦੀ ਨੋਕ 'ਤੇ ਗੈਂਗਰੇਪ ਕਰਨ ਦਾ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਲਾਡੋਵਾਲ ਦੇ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਥਾਣਾ ਕਿਸ਼ਨਗੰਜ, ਬਿਹਾਰ ਤੋਂ ਇਕ 42 ਸਾਲਾ ਔਰਤ ਨੇ 4 ਅਗਸਤ ਨੂੰ ਇਕ ਸ਼ਿਕਾਇਤ ਦਿੱਤੀ ਸੀ, ਜਿਸ 'ਚ ਇਕ ਔਰਤ ਨੇ ਦੱਸਿਆ ਕਿ ਉਹ ਸਤੰਬਰ 2018 'ਚ ਆਪਣੇ ਪਤੀ ਨਾਲ ਪੰਜਾਬ 'ਚ ਆਈ ਸੀ ਤੇ ਹੰਬੜਾਂ ਚੌਕੀ ਅਧੀਨ ਆਉਂਦੇ ਇਕ ਪਿੰਡ ਦੀ ਇਕ ਫੈਕਟਰੀ 'ਚ ਕੰਮ ਕਰਨ ਲੱਗ ਗਈ ਤੇ ਨੇੜਲੇ ਪਿੰਡ 'ਚ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗ ਪਈ। 31 ਮਾਰਚ 2019 ਨੂੰ ਜਦੋਂ ਉਹ ਫੈਕਟਰੀ 'ਚ ਕੰਮ ਕਰ ਰਹੀ ਸੀ ਤਾਂ ਉਸ ਦੀ ਸਿਹਤ ਖਰਾਬ ਹੋ ਗਈ ਤੇ ਉਹ ਕੰਮ ਤੋਂ ਛੁੱਟੀ ਕਰ ਕੇ ਘਰ ਵਾਪਸ ਜਾ ਰਹੀ ਸੀ ਕਿ ਰਸਤੇ 'ਚ ਉਸ ਨੂੰ ਫੈਕਟਰੀ 'ਚ ਕੰਮ ਕਰਨ ਵਾਲੇ ਮੁਨਸ਼ੀ ਰਾਜੂ, ਬਲਰਾਮ, ਰਾਹੁਲ, ਪ੍ਰਮੋਦ ਤੇ 2 ਅਣਪਛਾਤੇ ਵਿਅਕਤੀਆਂ ਨੇ ਚਾਕੂ ਦਿਖਾ ਕੇ ਘੇਰ ਲਿਆ ਅਤੇ ਜ਼ਬਰਦਸਤੀ ਉਸ ਨੂੰ ਝਾੜੀਆਂ ਵਿਚ ਖਿੱਚ ਕੇ ਲੈ ਗਏ। ਇੱਥੇ ਉਕਤ ਲੋਕਾਂ ਨੇ ਗੈਂਗਰੇਪ ਕੀਤਾ, ਜਿਸ ਤੋਂ ਬਾਅਦ ਉਕਤ ਮੁਲਜ਼ਮ ਨੇ ਮੋਬਾਇਲ ਫੋਨ ਨਾਲ ਉਸ ਦੀ ਵੀਡੀਓ ਬਣਾ ਲਈ। ਥਾਣਾ ਮੁਖੀ ਨੇ ਦੱਸਿਆ ਕਿ ਜਿਸ ਤੋਂ ਬਾਅਦ ਔਰਤ ਆਪਣੇ ਪਿੰਡ ਚਲੀ ਗਈ ਤੇ ਉੱਥੇ ਜਾ ਕੇ  ਉਸ ਨੇ ਉਕਤ ਸਾਰੀ ਘਟਨਾ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ ਤੇ ਉੱਥੋਂ ਹੀ ਔਰਤ ਦੀ ਸ਼ਿਕਾÎਇਤ 'ਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਤੋਂ ਸਾਰੇ ਕੇਸ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਉਕਤ ਔਰਤ ਦੇ ਬਿਆਨਾਂ 'ਤੇ 6 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

 


Related News