84 ਲੱਖ ਰੁਪਏ ਦੀ ਹੈਰੋਇਨ ਸਮੇਤ 6 ਦੋਸ਼ੀ ਗ੍ਰਿਫ਼ਤਾਰ
Monday, Jul 06, 2026 - 02:44 PM (IST)
ਫਿਰੋਜ਼ਪੁਰ (ਮਲਹੋਤਰਾ) : ਜ਼ਿਲ੍ਹਾ ਪੁਲਸ ਨੇ ਵੱਖ-ਵੱਖ ਇਲਾਕਿਆਂ ਤੋਂ 84 ਲੱਖ ਰੁਪਏ ਮੁੱਲ ਦੀ 168 ਗ੍ਰਾਮ ਹੈਰੋਇਨ ਸਮੇਤ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਸ.ਪੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਅਧੀਨ ਸੀ.ਆਈ. ਏ. ਸਟਾਫ਼ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਗੱਬਰ ਪੁੱਤਰ ਸ਼ਮਾਰ ਸਿੰਘ ਪਿੰਡ ਗਾਮੇਵਾਲਾ, ਸੋਨੂੰ ਪੁੱਤਰ ਰਮੇਸ਼ ਪਿੰਡ ਅਲੀਕੇ ਅਤੇ ਦਵਿੰਦਰ ਉਰਫ਼ ਮਰਕਸ ਪੁੱਤਰ ਮਹਿੰਦਰ ਸਿੰਘ ਪਿੰਡ ਕੁੰਡੇ ਮਿਲ ਕੇ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ।
ਇਸ ਸਮੇਂ ਇਹ ਤਿੰਨੇ ਕੈਂਟ ਰੇਲਵੇ ਸਟੇਸ਼ਨ ਦੇ ਕੋਲ ਮੋਟਰਸਾਈਕਲ ਲੈ ਕੇ ਖੜ੍ਹੇ ਕਿਸੇ ਗਾਹਕ ਦੀ ਉਡੀਕ ਕਰ ਰਹੇ ਹਨ। ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਟੀਮ ਸਮੇਤ ਉਥੇ ਛਾਪਾ ਮਾਰ ਕੇ ਉਕਤ ਤਿੰਨਾਂ ਨੂੰ ਹਿਰਾਸਤ ਵਿਚ ਲੈ ਕੇ ਇਨ੍ਹਾਂ ਕੋਲੋਂ 153 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਕਤ ਤੋਂ ਇਲਾਵਾ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਸੰਜੂ ਉਰਫ਼ ਆਡੀ ਪਿੰਡ ਪੱਲਾ ਮੇਘਾ ਨੂੰ 6 ਗ੍ਰਾਮ ਹੈਰੋਇਨ ਸਮੇਤ, ਥਾਣਾ ਸਦਰ ਜੀਰਾ ਪੁਲਸ ਨੇ ਸਰਬਜੀਤ ਸਿੰਘ ਸੰਨੀ ਪਿੰਡ ਬਹਿਕ ਗੁੱਜਰਾਂ ਨੂੰ 4 ਗ੍ਰਾਮ ਹੈਰੋਇਨ ਸਮੇਤ, ਥਾਣਾ ਮੱਲਾਂਵਾਲਾ ਪੁਲਸ ਨੇ ਜਸਪਾਲ ਸਿੰਘ ਜੱਸਾ ਪਿੰਡ ਜੈਮਲਵਾਲਾ ਨੂੰ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਸਬੰਧਿਤ ਪੁਲਸ ਥਾਣਿਆਂ ਵਿਚ ਐਨ.ਡੀ.ਪੀ.ਐਸ. ਐਕਟ ਦੇ ਪਰਚੇ ਦਰਜ ਕਰ ਲਏ ਗਏ ਹਨ।
