ਸਰਹੱਦੀ ਇਲਾਕੇ ਦੇ ਸਰੋਟਾ ਪਿੰਡ ''ਚ ਔਰਤ ਦੀ ਕੱਟੀ ਗੁੱਤ
Friday, Sep 01, 2017 - 06:22 AM (IST)

ਪਠਾਨਕੋਟ(ਸ਼ਾਰਦਾ, ਰਾਕੇਸ਼)-ਸਰਹੱਦੀ ਕਸਬਾ ਸਰੋਟਾ 'ਚ ਦੇਰ ਰਾਤ ਸੁੱਤੀ ਪਈ ਇਕ ਔਰਤ ਦੀ ਗੁੱਤ ਕੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਪਿੰਡ ਸਰੋਟਾ 'ਚ ਪੀੜਤ ਕਮਲਾ ਦੇਵੀ ਦੇ ਪਤੀ ਤਰਸੇਮ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਕਮਰੇ 'ਚ ਪਰਿਵਾਰ ਸਮੇਤ ਸੁੱਤੇ ਹੋਏ ਸਨ ਅਤੇ ਕਮਰੇ ਦੀ ਖਿੜਕੀ ਦਰਵਾਜ਼ੇ ਪੂਰੀ ਤਰ੍ਹਾਂ ਅੰਦਰੋਂ ਲਾਕ ਕੀਤੇ ਹੋਏ ਸੀ। ਇਸ ਦੌਰਾਨ ਰਾਤ ਕਰੀਬ 2.30 ਵਜੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਦੇਖਿਆ ਕਿ ਉਸ ਦੀ ਪਤਨੀ ਦੀ ਗੁੱਤ ਫਰਸ਼ 'ਤੇ ਡਿੱਗੀ ਹੋਈ ਸੀ, ਜਿਸ 'ਤੇ ਉਸ ਨੇ ਆਪਣੀ ਪਤਨੀ ਨੂੰ ਜਗਾਇਆ। ਜਦੋਂ ਉਸ ਦੀ ਪਤਨੀ ਨੀਂਦ ਤੋਂ ਜਾਗੀ ਤਾਂ ਉਸ ਦੇ ਸਿਰ 'ਚ ਬਹੁਤ ਤੇਜ਼ ਦਰਦ ਹੋ ਰਿਹਾ ਸੀ ਅਤੇ ਘਟਨਾ ਦਾ ਪਤਾ ਚਲਦੇ ਹੀ ਉਸ ਦੀ ਪਤਨੀ ਬੇਹੋਸ਼ ਹੋ ਕੇ ਡਿੱਗ ਗਈ, ਜਿਸ 'ਤੇ ਉਸ ਨੇ ਆਪਣੀ ਪਤਨੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਅਤੇ 2 ਘੰਟੇ ਬਾਅਦ ਕਮਲਾ ਦੇਵੀ ਨੂੰ ਹੋਸ਼ ਆਇਆ। ਉਕਤ ਘਟਨਾ ਸਬੰਧੀ ਖ਼ਬਰ ਸੁਣ ਕੇ ਸਰਹੱਦੀ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।