ਗੁਆਂਢੀਆਂ ਤੋਂ ਦੁਖੀ ਹੋ ਕੇ ਮਹਿਲਾ ਨੇ ਕੀਤੀ ਖੁਦਕੁਸ਼ੀ

Tuesday, Nov 26, 2019 - 05:04 PM (IST)

ਗੁਆਂਢੀਆਂ ਤੋਂ ਦੁਖੀ ਹੋ ਕੇ ਮਹਿਲਾ ਨੇ ਕੀਤੀ ਖੁਦਕੁਸ਼ੀ

ਗੜ੍ਹਦੀਵਾਲਾ (ਜਤਿੰਦਰ) : ਨਜ਼ਦੀਕੀ ਪਿੰਡ ਰਾਜਾਂ ਕਲਾਂ ਵਿਖੇ ਗੁਆਂਢੀਆਂ ਵਲੋਂ ਤੰਗ-ਪ੍ਰੇਸ਼ਾਨ ਕਰਨ ਕਰਕੇ ਇਕ ਮਹਿਲਾ ਵਲੋਂ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਹੈ। ਇਸ ਸਬੰਧੀ ਮ੍ਰਿਤਕ ਮਹਿਲਾ ਦੇ ਸਹੁਰੇ ਕਿਰਪਾਲ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਰਾਜਾ ਕਲਾਂ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਲੜਕਾ ਬਲਦੀਪ ਸਿੰਘ ਕੁਵੈਤ ਗਿਆ ਹੋਇਆ ਹੈ ਤੇ ਉਸ ਦੀ ਨੂੰਹ ਅਮਨਦੀਪ ਕੌਰ (32) ਪਤਨੀ ਬਲਦੀਪ ਸਿੰਘ ਘਰ ਰਹਿੰਦੀ ਸੀ। ਜਿਸ ਨੂੰ ਉਨ੍ਹਾਂ ਦੇ ਗੁਆਂਢੀਆਂ ਇਕਬਾਲ ਸਿੰਘ ਪੁੱਤਰ ਕਮਲਜੀਤ ਸਿੰਘ, ਗੁਰਜੀਤ ਕੌਰ ਪਤਨੀ ਕਮਲਜੀਤ ਸਿੰਘ ਅਤੇ ਕਮਲਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਰਾਜਾ ਕਲਾਂ ਵਲੋਂ ਅਕਸਰ ਹੀ ਤੰਗ-ਪ੍ਰੇਸ਼ਾਨ ਤੇ ਗਾਲੀ-ਗਲੋਚ ਕੀਤਾ ਜਾਂਦਾ ਸੀ ਕਿ ਉਹ ਉਨ੍ਹਾਂ ਦੀ ਨੂੰਹ ਨੂੰ ਵਸਣ ਨਹੀਂ ਦਿੰਦੀ। ਇਸ ਬਾਰੇ ਉਸ ਦੀ ਨੂੰਹ ਅਮਨਦੀਪ ਕੌਰ ਨੇ ਕਈ ਵਾਰ ਉਨ੍ਹਾਂ ਨੂੰ ਦੱਸਿਆ ਕਿ ਉਕਤ ਗੁਆਂਢੀ ਬਿਨਾਂ ਵਜ੍ਹਾ ਗਲੀ ਵਿਚੋਂ ਲੰਘਦੀ ਨੂੰ ਗਾਲਾਂ ਕੱਢਦੇ ਹਨ। ਜਿਸ ਦੇ ਬਾਅਦ ਉਸ ਨੇ ਕਈ ਵਾਰ ਗੁਆਂਢੀਆਂ ਨੂੰ ਸਮਝਾਇਆ। 

ਬੀਤੀ 24 ਨਵੰਬਰ ਨੂੰ ਸਵੇਰੇ ਲਗਭਗ 10.30 ਵਜੇ ਉਸ ਦੀ ਨੂੰਹ ਅਮਨਦੀਪ ਕੌਰ ਜੋ ਕਿਸੇ ਕੰਮ ਤੋਂ ਘਰੋਂ ਬਾਹਰ ਗਈ ਹੋਈ ਸੀ, ਉਹ ਰੋਂਦੀ ਹੋਈ ਘਰ ਆਈ ਤੇ ਉਸ ਨੇ ਦੱਸਿਆ ਕਿ ਗੁਰਜੀਤ ਕੌਰ, ਇਕਬਾਲ ਸਿੰਘ ਤੇ ਕਮਲਜੀਤ ਸਿੰਘ ਨੇ ਉਸ ਨੂੰ ਗਾਲੀ-ਗਲੋਚ ਤੇ ਭੱਦੀ ਸ਼ਬਦਾਵਲੀ ਬੋਲੀ ਹੈ ਅਤੇ ਉਹ ਪਿੰਡ ਵਿਚ ਉਸ ਨੂੰ ਬਦਨਾਮ ਕਰ ਰਹੇ ਹਨ ਕਿ ਉਹ ਉਨ੍ਹਾਂ ਦੀ ਨੂੰਹ ਨੂੰ ਵਸਣ ਨਹੀਂ ਦਿੰਦੀ। ਅਮਨਦੀਪ ਕੌਰ ਰੋਂਦੀ ਹੋਈ ਕਮਰੇ ਵਿਚ ਚਲੀ ਗਈ ਅਤੇ ਜਦੋਂ ਉਹ ਕਮਰੇ ਵਿਚੋਂ ਬਾਹਰ ਆਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਗੁਰਜੀਤ ਕੌਰ, ਇਕਬਾਲ ਸਿੰਘ ਤੇ ਕਮਲਜੀਤ ਸਿੰਘ ਤੋਂ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਇਸ ਤੋਂ ਬਾਅਦ ਉਹ ਅਮਨਦੀਪ ਕੌਰ ਨੂੰ ਹੁਸ਼ਿਆਰਪੁਰ ਵਿਖੇ ਇਲਾਜ ਲਈ ਲੈ ਗਏ, ਜਿਥੇ 25 ਨਵੰਬਰ ਨੂੰ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਏ. ਐਸ. ਆਈ. ਪੰਡਿਤ ਅਨਿਲ ਕੁਮਾਰ ਨੇ ਦੱਸਿਆ ਕਿ ਪੁਲਸ ਵਲੋਂ ਮ੍ਰਿਤਕਾ ਦੇ ਸਹੁਰੇ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ।


author

Gurminder Singh

Content Editor

Related News