ਅੰਤਰਰਾਸ਼ਟਰੀ ਮਹਿਲਾ ਦਿਵਸ : ਔਰਤ ਦਾ ਹਰ ਖੇਤਰ ’ਚ ਸਮਾਜ ਲਈ ਆਪਣਾ ਵੱਡਮੁੱਲਾ ਯੋਗਦਾਨ

Sunday, Mar 08, 2020 - 12:12 PM (IST)

ਜਲਾਲਾਬਾਦ (ਸੇਤੀਆ) - ਵਿਸ਼ਵ ਭਰ ’ਚ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਕਿਉਂਕਿ ਇਕ ਔਰਤ ਹੀ ਸਮੁੱਚੇ ਰਿਸ਼ਤਿਆਂ ਨੂੰ ਬਾਖੂਬੀ ਨਾਲ ਨਿਭਾਉਂਦੀ ਹੈ। ਔਰਤਾਂ ਦਾ ਹਰ ਖੇਤਰ ’ਚ ਸਮਾਜ ਲਈ ਆਪਣਾ ਇਕ ਵੱਡਮੁੱਲਾ ਯੋਗਦਾਨ ਵੀ ਹੈ। 8 ਮਾਰਚ ਨੂੰ ਦੁਨੀਆ ਭਰ ’ਚ ਔਰਤਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਅਤੇ ਸਨਮਾਨ ਦੇਣ ਲਈ ਇਹ ਦਿਵਸ ਆਯੋਜਤ ਕੀਤਾ ਜਾ ਰਿਹਾ ਹੈ, ਕਿਉਂਕਿ ਔਰਤ ਆਪਣੀ ਜ਼ਿੰਦਗੀ ’ਚ ਕਈ ਤਰ੍ਹਾਂ ਦੇ ਕਿਰਦਾਰ ਨਿਭਾਉਂਦੀ ਹੈ, ਜਿਸ ’ਚ ਧੀ, ਭੈਣ, ਨੂੰਹ, ਮਾਂ ਅਤੇ ਹੋਰ ਰਿਸ਼ਤੇ ਸ਼ਾਮਲ ਹਨ। ਇਸ ਦਿਵਸ ’ਤੇ ਅਸੀਂ ਵੱਖ-ਵੱਖ ਸਿੱਖਿਆ ਅਤੇ ਹੋਰ ਘਰੇਲੂ ਔਰਤਾਂ ਦੇ ਵਿਚਾਰ ਪੇਸ਼ ਕਰਦੇ ਹਾਂ, ਜਿਨ੍ਹਾਂ ਮਹਿਲਾ ਦਿਵਸ ’ਤੇ ਆਪਣੀਆਂ ਇੱਛਾਵਾਂ ਅਤੇ ਔਰਤਾਂ ਦੇ ਬਣਦੇ ਹੱਕਾਂ ਪ੍ਰਤੀ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਮਹਿਲਾ ਦਿਵਸ ’ਤੇ ਲੈਕਚਰਾਰ ਸੀਮਾ ਠਕਰਾਲ ਦਾ ਕਹਿਣਾ ਹੈ ਕਿ ਔਰਤ ਨੇ ਹਰ ਖੇਤਰ ’ਚ ਸਮਾਜ ਨੂੰ ਵਿਕਸਿਤ ਕਰਨ ਲਈ ਜਿਥੇ ਮਰਦ ਦੀ ਮਦਦ ਹੀ ਨਹੀਂ ਕੀਤੀ, ਬਲਕਿ ਬਹੁਤ ਸਾਰੀਆਂ ਔਰਤਾਂ ਪ੍ਰੇਰਨਾ ਸਰੋਤ ਵੀ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ’ਚ ਔਰਤਾਂ ਸਿਰਫ ਘਰ ਦੀ ਜ਼ਿੰਮੇਵਾਰੀ ਹੀ ਨਹੀਂ, ਬਲਕਿ ਆਰਥਕ ਜ਼ਿੰਮੇਵਾਰੀਆਂ ਨੂੰ ਵੀ ਬਾਖੂਬੀ ਉਠਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਮਹਿਲਾ ਦਿਵਸ ’ਤੇ ਔਰਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ’ਤੇ ਸਨਮਾਨ ਮਿਲਣਾ ਚਾਹੀਦਾ ਹੈ।

ਇਹ ਖਬਰ ਵੀ ਪੜ੍ਹੋਂ - ਮਹਿਲਾ ਦਿਵਸ ’ਤੇ ਖਾਸ : ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਸਰਪੰਚ ਸ਼ੈਸ਼ਨਦੀਪ ਕੌਰ (ਵੀਡੀਓ)

ਇਸ ਸਬੰਧੀ ਸ਼ਿਵ ਬਬੂਟਾ ਪਬਲਿਕ ਸਕੂਲ ਦੀ ਸੰਚਾਲਕ ਅਤੇ ਸਮਾਜ ਸੇਵੀ ਪ੍ਰੀਤੀ ਬਬੂਟਾ ਦਾ ਕਹਿਣਾ ਹੈ ਕਿ ਔਰਤਾਂ ਨੂੰ ਕਮਜ਼ੋਰ ਅਤੇ ਲਾਚਾਰ ਨਹੀਂ ਸਮਝਣਾ ਚਾਹੀਦਾ, ਬਲਕਿ ਜੋ ਉਨ੍ਹਾਂ ਨੂੰ ਕਰਨ ਦੀ ਇੱਛਾ ਹੋਵੇ, ਉਸ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਹਰੇਕ ਔਰਤ ਆਪਣਾ ਚੰਗਾ-ਬੁਰਾ ਸਮਝਦੀ ਹੈ। ਮਰਦਾਂ ਨੂੰ ਵੀ ਔਰਤਾਂ ਨੂੰ ਬਰਾਬਰ ਅਧਿਕਾਰ ਦੇਣੇ ਚਾਹੀਦੇ ਹਨ। ਇਸ ਨਾਲ ਔਰਤਾਂ ਨੂੰ ਕੁਝ ਹੋਰ ਅੱਗੇ ਵਧਣ ਦੀ ਪ੍ਰੇਰਨਾ ਮਿਲੇਗੀ ਕਿਉਂਕਿ ਜਦੋਂ ਰੁਕਾਵਟਾ ਤੋਂ ਲੰਘ ਕੇ ਔਰਤ ਅੱਗੇ ਵਧਣ ਦਾ ਰਸਤਾ ਚੁਣੇਗੀ ਤਾਂ ਉਹ ਸਮਾਜ ਲਈ ਜ਼ਰੂਰ ਕੁਝ ਕਰ ਗੁਜ਼ਰੇਗੀ। ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਵਾਂ ’ਚ ਕੰਮ ਕਰਨ ਵਾਲੀਆਂ ਔਰਤਾਂ ’ਤੇ ਉਂਗਲੀ ਚੁੱਕਣਾ ਨਿੰਦਣਯੋਗ ਹੈ। ਅੱਜਕਲ ਜਲਾਲਾਬਾਦ ’ਚ ਕੁਝ ਔਰਤਾਂ ਵਲੋਂ ਜਿਮਸਫਿਰੋਸ਼ੀ ਦੀ ਆੜ੍ਹ ’ਚ ਬਲੈਕਮੇਲਿੰਗ ਕਰਨ ਦੇ ਧੰਦਿਆਂ ਦੇ ਮਾਮਲੇ ਸਾਹਮਣੇ ਆਏ ਹਨ, ਜੋ ਨਿੰਦਣਯੋਗ ਹਨ। ਔਰਤਾਂ ਨੂੰ ਇਸ ਤਰ੍ਹਾਂ ਦੀ ਧਾਰਨਾ ਨਹੀਂ ਰੱਖਣੀ ਚਾਹੀਦੀ ਹੈ।  

ਇਹ ਖਬਰ ਵੀ ਪੜ੍ਹੋਂ -  ਇਤਿਹਾਸ ਦੀ ਡਾਇਰੀ: ਆਖਿਰ 8 ਮਾਰਚ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਮਹਿਲਾ ਦਿਵਸ (ਵੀਡੀਓ)

ਗ੍ਰਹਿਣੀ ਅਨੀਤਾ ਸੇਤੀਆ ਦਾ ਕਹਿਣਾ ਹੈ ਕਿ ਇਕ ਔਰਤ ਸਾਰੇ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਸੰਭਾਲਦੀ ਹੈ। ਅੱਜ ਔਰਤਾਂ ਦਾ ਯੋਗਦਾਨ ਹਰੇਕ ਖੇਤਰ ’ਚ ਅਹਿਮ ਹੈ। ਔਰਤਾਂ ਜਿਥੇ ਕਿਸੇ ਵੀ ਦੇਸ਼ ਦੇ ਵਿਕਾਸ ਦਾ ਮੁੱਖ ਆਧਾਰ ਹੁੰਦੀਆਂ ਹਨ, ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਉਥੇ ਹੀ ਔਰਤਾਂ ਹਰ ਖੇਤਰ ’ਚ ਖੁਦ ਨੂੰ ਸਾਬਤ ਕਰ ਰਹੀਆਂ ਹਨ ਅਤੇ ਮਰਦਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ ਪਰ ਅਜੇ ਵੀ ਕਈ ਥਾਵਾਂ ’ਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਨਹੀਂ ਮਿਲ ਰਿਹਾ, ਜਿਸ ਕਾਰਣ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਲਈ ਲੜਣਾ ਪੈ ਰਿਹਾ ਹੈ। ਦੇਸ਼ ’ਚ ਘੱਟ ਰਹੀ ਔਰਤਾਂ ਦੀ ਗਿਣਤੀ ਤੇ ਭਰੂਣ ਹੱਤਿਆ, ਔਰਤਾਂ ’ਤੇ ਅੱਤਿਆਚਾਰ ਅਤੇ ਬਲਾਤਕਾਰ ਦੇ ਮਾਮਲੇ ਵੀ ਚਿੰਤਾ ਦਾ ਵਿਸ਼ਾ ਹਨ। ਅਧਿਆਪਕਾ ਰਜਨੀ ਨਾਰੰਗ ਦਾ ਕਹਿਣਾ ਹੈ ਕਿ ਵਿਸ਼ਵ ’ਚ ਅਜੇ ਵੀ ਔਰਤਾਂ ਦੀ ਸੁਤੰਤਰਤਾ ਨੂੰ ਲੈ ਕੇ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ ਅਤੇ ਇਕ ਔਰਤ ਸਮਾਨਤਾ ਦੇ ਅਧਿਕਾਰਾਂ ਤੋਂ ਕਾਫੀ ਦੂਰ ਹੈ ਪਰ ਵਰਤਮਾਨ ਸਮੇਂ ’ਚ ਔਰਤਾਂ ਦੇ ਸੰਘਰਸ਼ ਕਾਰਣ ਉਹ ਆਪਣੀ ਹਿੱਸੇਦਾਰੀ ਅਤੇ ਅਧਿਕਾਰਾਂ ਨੂੰ ਹਾਸਲ ਕਰਨ ਦੀ ਰਾਹ ’ਤੇ ਅੱਗੇ ਵਧ ਰਹੀ ਹੈ। ਜੇਕਰ ਰਾਜਨੀਤਕ ਲੋਕ ਆਪਣੀ ਸੋਚ ’ਚ ਪਰਿਵਰਤਨ ਲਿਆਉਣ ਤਾਂ ਔਰਤਾਂ ਦੇ ਹੱਕ ਉਸ ਨੂੰ ਜ਼ਰੂਰ ਮਿਲਣਗੇ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ’ਚ ਪੜ੍ਹਣ ਵਾਲੀਆਂ ਵਿਦਿਆਰਥਣਾਂ ਆਪਣੀ ਸੰਸਕ੍ਰਿਤੀ ਅਤੇ ਪਹਿਰਾਵੇ ਨੂੰ ਜ਼ਰੂਰ ਅਪਣਾਈ ਰੱਖਣ ਕਿਉਂਕਿ ਪੱਛਮੀ ਸੱਭਿਅਤਾ ਦਾ ਪ੍ਰਭਾਵ ਲੜਕੀਆਂ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾ ਰਿਹਾ ਹੈ।

ਗ੍ਰਹਿਣੀ ਬਰਿੰਦਰ ਕੌਰ ਦਾ ਕਹਿਣਾ ਹੈ ਕਿ ਔਰਤਾਂ ਨੂੰ ਅਧਿਕਾਰ ਦੇਣ ਲਈ ਸਰਕਾਰਾਂ ਯਤਨਸ਼ੀਲ ਹਨ ਪਰ ਕਈ ਵਾਰ ਇਹ ਅਧਿਕਾਰ ਰਸਤੇ ’ਚ ਦਬ ਕੇ ਰਹਿ ਜਾਂਦੇ ਹਨ, ਜ਼ਰੂਰਤ ਹੈ ਕਿ ਇਨ੍ਹਾਂ ਅਧਿਕਾਰਾਂ ਲਈ ਵਰਤੋਂ ਵਾਸਤੇ ਪਾਰਦਰਸ਼ੀ ਸੋਚ ਬਣੇ ਅਤੇ ਸਮਾਜ ’ਚ ਰਹਿਣ ਵਾਲੀਆਂ ਔਰਤਾਂ ਖੁਦ ਨੂੰ ਸੁਰੱਖਿਅਤ ਅਤੇ ਮਜ਼ਬੂਤ ਸਮਝਣ। ਉਨ੍ਹਾਂ ਕਿਹਾ ਕਿ ਕਈ ਖੇਤਰਾਂ ’ਚ ਔਰਤਾਂ ਦੀ ਰਾਏ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ, ਜਦਕਿ ਇਤਿਹਾਸ ’ਚ ਔਰਤ ਅਜਿਹੇ ਕੰਮਾਂ ਨੂੰ ਵਿਕਾਸ ਵੱਲ ਅੱਗੇ ਤੌਰ ਚੁੱਕੀ ਹੈ, ਜੋ ਦੇਸ਼ ਵਿਚ ਮਿਸਾਲ ਹਨ।


rajwinder kaur

Content Editor

Related News