ਫਿਰ ਮੀਡੀਆ ਸਾਹਮਣੇ ਆਈ 'ਬੈਂਸ' 'ਤੇ ਜਬਰ-ਜ਼ਿਨਾਹ ਦਾ ਦੋਸ਼ ਲਾਉਣ ਵਾਲੀ ਜਨਾਨੀ, ਦਿੱਤੀ ਵੱਡੀ ਚਿਤਾਵਨੀ
Wednesday, Feb 10, 2021 - 01:32 PM (IST)
ਲੁਧਿਆਣਾ (ਜ. ਬ.) : ਲੋਕ ਇਨਸਾਫ ਪਾਰਟੀ (ਲਿਪ) ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਜਬਰ-ਜ਼ਿਨਾਹ ਦਾ ਦੋਸ਼ ਲਾਉਣ ਵਾਲੀ ਜਨਾਨੀ ਫਿਰ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਇਨਸਾਫ਼ ਨਾ ਮਿਲਣ ਕਾਰਨ ਧਰਨੇ ’ਤੇ ਬੈਠ ਗਈ। ਉਸ ਨੇ ਆਪਣੀ ਸ਼ਿਕਾਇਤ ਦੀ ਚੱਲ ਰਹੀ ਢਿੱਲੀ ਜਾਂਚ ’ਤੇ ਪੁਲਸ ਪ੍ਰਤੀ ਰੋਸ ਪ੍ਰਗਟ ਕੀਤਾ। ਜਨਾਨੀ ਨੇ ਦੋਸ਼ ਲਾਇਆ ਕਿ ਪੁਲਸ ਦੇ ਉੱਚ ਅਧਿਕਾਰੀ ਵੀ ਉਸ ਦੀ ਕੋਈ ਸੁਣਵਾਈ ਨਹੀਂ ਕਰ ਰਹੇ, ਜਿਸ ਕਾਰਨ ਉਹ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਈ।
ਉਸ ਨੇ ਦੋਸ਼ ਲਾਇਆ ਕਿ ਪੁਲਸ ਵੱਲੋਂ ਚੱਲ ਰਹੀ ਜਾਂਚ 'ਚ ਹੁਣ ਤੱਕ ਕੋਈ ਖ਼ੁਲਾਸਾ ਨਹੀਂ ਹੋ ਸਕਿਆ ਹੈ ਅਤੇ ਉਸ ਨੂੰ ਸਿਰਫ ਭਰੋਸਾ ਹੀ ਮਿਲ ਰਿਹਾ ਹੈ। ਜਨਾਨੀ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਕਿਹਾ ਕਿ ਪੁਲਸ ਵੀ ਉਕਤ ਵਿਧਾਇਕ ਦਾ ਸਾਥ ਦੇ ਰਹੀ ਹੈ। ਉਸ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਵੇਗੀ। ਇਸ ਦੌਰਾਨ ਡੀ. ਸੀ. ਪੀ. ਅਸ਼ਵਨੀ ਕਪੂਰ ਅਤੇ ਏ. ਡੀ. ਸੀ. ਪੀ. ਕ੍ਰਾਈਮ ਰੁਪਿੰਦਰ ਕੌਰ ਭੱਟੀ ਨੇ ਉਕਤ ਜਨਾਨੀ ਨਾਲ ਗੱਲ ਕੀਤੀ ਅਤੇ ਉਸ ਨੂੰ ਪੂਰੀ ਤਰ੍ਹਾਂ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ, ਜਿਸ ’ਤੇ ਜਨਾਨੀ ਧਰਨੇ ਤੋਂ ਉੱਠ ਗਈ।
ਇਹ ਵੀ ਪੜ੍ਹੋ : ਪੰਜਾਬ ਦੇ 'ਸੇਵਾਂ ਕੇਂਦਰਾਂ' 'ਚ ਸ਼ੁਰੂ ਹੋਈਆਂ 56 ਨਵੀਆਂ ਸੇਵਾਵਾਂ, ਆਮ ਜਨਤਾ ਨੂੰ ਮਿਲੇਗੀ ਸੌਖ
ਜਨਾਨੀ ਨੇ ਕਿਹਾ ਕਿ ਉਸ ਦੀ ਜਾਂਚ ਏ. ਡੀ. ਸੀ. ਪੀ. ਹੈੱਡ ਕੁਆਰਟਰ ਅਸ਼ਵਨੀ ਗੋਤਿਆਲ ਕੋਲ ਚੱਲ ਰਹੀ ਹੈ ਪਰ ਉਸ ਨੂੰ ਉੱਥੋਂ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਦਾ। ਧਰਨੇ ’ਤੇ ਬੈਠੀ ਉਕਤ ਜਨਾਨੀ ਨੇ ਕਿਹਾ ਕਿ ਉਸ ਨੇ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਤੋਂ ਵੀ ਆਪਣੇ ਨਾਲ ਹੋਏ ਜ਼ੁਲਮ ਸਬੰਧੀ ਮਦਦ ਦੀ ਮੰਗ ਕੀਤੀ ਪਰ ਕੜਵਲ ਵੱਲੋਂ ਉਸ ਨੂੰ ਇਹੀ ਕਿਹਾ ਗਿਆ ਕਿ ਉਹ ਇਸ ਕੇਸ ’ਚ ਪੁਲਸ ਕਮਿਸ਼ਨਰ ਨਾਲ ਗੱਲ ਕਰਨਗੇ ਅਤੇ ਫਿਰ ਚਲੇ ਗਏ।
ਇਹ ਵੀ ਪੜ੍ਹੋ : ਹੁਣ ਸ਼ਾਤਰ ਲੋਕ ਨਹੀਂ ਬਣਾ ਸਕਣਗੇ ਫਰਜ਼ੀ 'ਡਰਾਈਵਿੰਗ ਲਾਈਸੈਂਸ', ਨਵੀਂ ਯੋਜਨਾ ਲਿਆ ਰਹੀ ਸਰਕਾਰ
ਜਨਾਨੀ ਦੀ ਹਮਾਇਤ ’ਚ ਆਏ ਨਗਰ ਨਿਗਮ ਦੇ ਮੁਅੱਤਲ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੁਲਸ ਨੇ ਹੁਣ ਤੱਕ ਜਬਰ-ਜ਼ਿਨਾਹ ਦਾ ਕੇਸ ਹੀ ਨਹੀਂ ਦਰਜ ਕੀਤਾ ਅਤੇ ਇਨ੍ਹਾਂ ਤੋਂ ਇਨਸਾਫ਼ ਦੀ ਵੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਸੇਖੋਂ ਨੇ ਇਸ ਸਾਰੇ ਕੇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਅਤੇ ਕਿਹਾ ਕਿ ਉਹ ਜਨਾਨੀ ਨੂੰ ਇਨਸਾਫ਼ ਦਿਵਾਉਣ ਲਈ ਉਸ ਦਾ ਸਾਥ ਦੇਣਗੇ। ਦੱਸ ਦੇਈਏ ਕਿ ਇਸ ਕੇਸ ਦੀ ਸੁਣਵਾਈ ਮਾਣਯੋਗ ਹਾਈਕੋਰਟ ’ਚ ਚੱਲ ਰਹੀ ਹੈ।
ਨੋਟ : ਵਿਧਾਇਕ ਬੈਂਸ 'ਤੇ ਜਬਰ-ਜ਼ਿਨਾਹ ਦੇ ਦੋਸ਼ ਲਾਉਣ ਵਾਲੀ ਜਨਾਨੀ ਵੱਲੋਂ ਦਿੱਤੀ ਚਿਤਾਵਨੀ ਬਾਰੇ ਦਿਓ ਰਾਏ