ਧੋਖਾਦੇਹੀ ਮਾਮਲੇ ''ਚ ਪੀ. ਓ. ਚੱਲ ਰਹੀ ਔਰਤ ਨੇ ਅਦਾਲਤ ''ਚ ਕੀਤਾ ਸਰੰਡਰ

Thursday, Feb 22, 2018 - 07:25 AM (IST)

ਚੰਡੀਗੜ੍ਹ (ਸੰਦੀਪ) - ਮੁੱਲਾਂਪੁਰ ਦੇ ਸਾਬਕਾ ਥਾਣਾ ਇੰਚਾਰਜ ਤੇ ਉਨ੍ਹਾਂ ਦੀ ਪਤਨੀ ਖਿਲਾਫ ਧੋਖਾਦੇਹੀ, ਅਪਰਾਧਿਕ ਸਾਜ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਦਰਜ ਕੀਤੇ ਗਏ ਮਾਮਲੇ ਵਿਚ ਬੁੱਧਵਾਰ ਨੂੰ ਮੁਲਜ਼ਮ ਤੇ ਕੇਸ ਵਿਚ ਪੀ. ਓ. ਚੱਲ ਰਹੀ ਔਰਤ ਨੇ ਜ਼ਿਲਾ ਅਦਾਲਤ ਵਿਚ ਸਰੰਡਰ ਕਰ ਦਿੱਤਾ। ਸੈਕਟਰ-39 ਪੁਲਸ ਨੇ 1999 ਵਿਚ ਮੁੱਲਾਂਪੁਰ ਦੇ ਥਾਣਾ ਇੰਚਾਰਜ ਰਹੇ ਸਰਬਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਜਿੰਦਰ ਕੌਰ ਖਿਲਾਫ ਸਬੰਧਤ ਕੇਸ ਦਰਜ ਕੀਤਾ ਸੀ। ਕੇਸ ਦਰਜ ਹੋਣ ਤੋਂ ਬਾਅਦ ਸੁਖਜਿੰਦਰ ਕੌਰ ਨਿਊਜ਼ੀਲੈਂਡ ਚਲੀ ਗਈ ਸੀ ਤੇ ਉਦੋਂ ਤੋਂ ਉਥੇ ਹੀ ਰਹੀ ਸੀ। ਉਥੇ ਹੀ ਸਰਬਜੀਤ ਸਿੰਘ 2008 ਵਿਚ ਕੇਸ ਵਿਚੋਂ ਬਰੀ ਹੋ ਗਿਆ ਸੀ, ਜਦਕਿ ਅਦਾਲਤ ਵਿਚ ਸਰੰਡਰ ਕੀਤੇ ਜਾਣ ਤੋਂ ਬਾਅਦ ਜ਼ਿਲਾ ਅਦਾਲਤ ਨੇ ਉਸ ਨੂੰ 65 ਹਜ਼ਾਰ ਰੁਪਏ ਦੇ ਬੇਲ ਬਾਂਡ 'ਤੇ ਜ਼ਮਾਨਤ ਦੇ ਹੁਕਮ ਦਿੱਤੇ। ਸੈਕਟਰ-39 ਥਾਣੇ ਵਿਚ ਦਰਜ ਕੇਸ ਤਹਿਤ 1999 ਵਿਚ ਤਤਕਾਲੀ ਮੁੱਲਾਂਪੁਰ ਥਾਣਾ ਇੰਚਾਰਜ ਸਰਬਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਜਿੰਦਰ ਕੌਰ 'ਤੇ ਝੂਠੇ ਦਸਤਾਵੇਜ਼ ਦੇ ਆਧਾਰ 'ਤੇ ਪੁਲਸ ਕੇਸ ਪ੍ਰਾਪਰਟੀ ਦੀ ਨਿੱਜੀ ਵਰਤੋਂ ਦਾ ਦੋਸ਼ ਲਾਇਆ ਸੀ। ਥਾਣਾ ਪੁਲਸ ਨੇ ਉਨ੍ਹਾਂ ਦੇ ਘਰ 'ਤੇ ਰੇਡ ਕੀਤੀ ਤੇ ਉਨ੍ਹਾਂ ਦੇ ਘਰੋਂ ਕੇਸ ਪ੍ਰਾਪਰਟੀ ਬਰਾਮਦ ਹੋਈ ਸੀ। ਇਸ ਮਗਰੋਂ ਦੋਵਾਂ ਖਿਲਾਫ ਕੇਸ ਦਰਜ ਕੀਤਾ ਸੀ।
ਹਾਈ ਕੋਰਟ ਨੇ ਜ਼ਿਲਾ ਅਦਾਲਤ 'ਚ ਸਰੰਡਰ ਕਰਨ ਦੇ ਦਿੱਤੇ ਸਨ ਹੁਕਮ
ਕੇਸ ਦਰਜ ਹੋਣ ਤੋਂ ਬਾਅਦ ਸਰਬਜੀਤ ਸਿੰਘ ਨੂੰ ਤਾਂ ਪਲਸ ਨੇ ਗ੍ਰਿਫਤਾਰ ਕਰ ਲਿਆ ਸੀ ਪਰ ਸੁਖਜਿੰਦਰ ਕੌਰ ਫਰਾਰ ਹੋ ਗਈ ਸੀ। ਇਸ ਤੋਂ ਬਾਅਦ ਉਹ ਨਿਊਜ਼ੀਲੈਂਡ ਚਲੀ ਗਈ ਸੀ। ਉਸ ਦੀ ਗ੍ਰਿਫਤਾਰੀ ਨਾ ਹੋਣ 'ਤੇ ਪੁਲਸ ਨੇ ਉਸ ਨੂੰ ਅਦਾਲਤ ਤੋਂ ਪੀ. ਓ. ਐਲਾਨ ਕਰਵਾ ਦਿੱਤਾ ਸੀ। ਉਥੇ ਹੀ ਮਈ 2008 ਵਿਚ ਜ਼ਿਲਾ ਅਦਾਲਤ ਤੋਂ ਸਰਬਜੀਤ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ। ਕੁਝ ਸਮਾਂ ਪਹਿਲਾਂ ਸੁਖਜਿੰਦਰ ਕੌਰ ਫਤਿਹਗੜ੍ਹ ਸਾਹਿਬ ਵਿਚ ਇਕ ਕੇਸ ਵਿਚ ਅਦਾਲਤ ਵਿਚ ਪੇਸ਼ ਹੋਈ ਸੀ। ਇਸ ਤੋਂ ਬਾਅਦ ਉਸ ਨੇ ਐੱਫ. ਆਈ. ਆਰ. ਨੂੰ ਰੱਦ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਸ 'ਤੇ ਹਾਈ ਕੋਰਟ ਨੇ ਸੁਖਜਿੰਦਰ ਨੂੰ ਪਹਿਲਾਂ ਜ਼ਿਲਾ ਅਦਾਲਤ ਵਿਚ ਸਰੰਡਰ ਕਰਨ ਦੇ ਹੁਕਮ ਦਿੱਤੇ ਸਨ। ਇਸੇ ਕਾਰਨ ਬੁੱਧਵਾਰ ਨੂੰ ਸੁਖਜਿੰਦਰ ਨੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਸਰੰਡਰ ਕਰ ਦਿੱਤਾ, ਨਾਲ ਹੀ ਉਨ੍ਹਾਂ ਨੇ ਜ਼ਮਾਨਤ ਲਈ ਪਟੀਸ਼ਨ ਵੀ ਦਾਇਰ ਕੀਤੀ।
65 ਹਜ਼ਾਰ ਦੇ ਬੇਲ ਬਾਂਡ 'ਤੇ ਜ਼ਮਾਨਤ ਦੇ ਦਿੱਤੇ ਹੁਕਮ
ਅਦਾਲਤ ਵਲੋਂ ਥਾਣਾ ਪੁਲਸ ਨੂੰ ਇਸ ਦੀ ਸੂਚਨਾ ਭਿਜਵਾਈ ਗਈ ਤਾਂ ਉਥੋਂ ਆਈ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਜਾਂਚ ਅਧਿਕਾਰੀ ਅਨੁਸਾਰ ਕੇਸ ਵਿਚ ਰਿਕਵਰੀ ਪਹਿਲਾਂ ਹੀ ਹੋ ਚੁੱਕੀ ਹੈ, ਇਸ ਆਧਾਰ 'ਤੇ ਮੁਲਜ਼ਮ ਦਾ ਪੁਲਸ ਨੇ ਰਿਮਾਂਡ ਨਹੀਂ ਮੰਗਿਆ। ਪੁਲਸ ਨੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਦੀ ਅਪੀਲ ਕੀਤੀ। ਉਥੇ ਹੀ ਅਦਾਲਤ ਨੇ ਮੁਲਜ਼ਮ ਸੁਖਜਿੰਦਰ ਕੌਰ ਦੀ ਜ਼ਮਾਨਤ 'ਤੇ ਸੁਣਵਾਈ ਕਰਦਿਆਂ ਪਟੀਸ਼ਨ ਮਨਜ਼ੂਰ ਕਰਦਿਆਂ ਉਸ ਨੂੰ 65 ਹਜ਼ਾਰ ਰੁਪਏ ਦੇ ਬੇਲ ਬਾਂਡ 'ਤੇ ਜ਼ਮਾਨਤ ਦੇ ਹੁਕਮ ਦਿੱਤੇ।


Related News