ਪਤੀ ਦੇ ਰਿਹਾ ਸੀ ਦੂਜਾ ਵਿਆਹ ਕਰਵਾਉਣ ਦੀਆਂ ਧਮਕੀਆਂ, ਦੁਖੀ ਹੋ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ
Sunday, Jun 28, 2020 - 07:12 PM (IST)
ਕਪੂਰਥਲਾ (ਭੂਸ਼ਣ)— ਆਪਣੇ ਪਤੀ ਵੱਲੋਂ ਦੂਜਾ ਵਿਆਹ ਕਰਵਾਉਣ ਦੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਦੁਖੀ ਹੋ ਕੇ ਇਕ ਜਨਾਨੀ ਨੇ ਸ਼ੱਕੀ ਹਾਲਾਤ 'ਚ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀ ਹੋ ਸਕੀ ਹੈ। ਜਾਣਕਾਰੀ ਮੁਤਾਬਕ ਨਿੰਬੋ ਪਤਨੀ ਜਸਬੀਰ ਸਿੰਘ ਵਾਸੀ ਮੁਹੱਲਾ ਸੀਨਪੁਰਾ ਕਪੂਰਥਲਾ ਨੇ ਥਾਣਾ ਸਿਟੀ ਕਪੂਰਥਲਾ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦੀ ਲੜਕੀ ਆਸ਼ਾ ਰਾਣੀ ਉਰਫ ਜਸਵਿੰਦਰ ਕੌਰ ਦਾ ਵਿਆਹ ਕਰੀਬ 12 ਸਾਲ ਪਹਿਲਾਂ ਮਲਕੀਅਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮੁਹੱਲਾ ਨਰੋਤਮ ਵਿਹਾਰ ਕਪੂਰਥਲਾ ਨਾਲ ਹੋਇਆ ਸੀ।
ਉਸ ਦਾ ਇਕ 10 ਸਾਲ ਦਾ ਲੜਕਾ ਵੀ ਹੈ। ਜਸਵਿੰਦਰ ਕੌਰ ਨੂੰ ਅਕਸਰ ਉਸ ਦਾ ਪਤੀ ਮਲਕੀਅਤ ਸਿੰਘ ਤੰਗ ਪਰੇਸ਼ਾਨ ਕਰਦਾ ਸੀ ਅਤੇ ਕੁੱਟਮਾਰ ਵੀ ਕਰਦਾ ਸੀ। ਜਿਸ ਦੌਰਾਨ ਉਸ ਦਾ ਪਤੀ ਆਸ਼ਾ ਰਾਣੀ ਨੂੰ ਦੂਜਾ ਵਿਆਹ ਕਰਵਾਉਣ ਦੀਆਂ ਲਗਾਤਾਰ ਧਮਕੀਆਂ ਦਿੰਦਾ ਸੀ, ਜਿਸ ਕਾਰਨ ਉਸ ਦੀ ਲੜਕੀ ਬਹੁਤ ਪਰੇਸ਼ਾਨ ਰਹਿੰਦੀ ਸੀ। ਜਿਸ ਨੂੰ ਲੈ ਕੇ ਉਸ ਨੇ ਆਪਣੇ ਜਵਾਈ ਦੀ ਕਈ ਵਾਰ ਮਿੰਨਤਾਂ ਵੀ ਕੀਤੀਆਂ ਸਨ ਤਾਂ ਜੋ ਉਸ ਦੀ ਲੜਕੀ ਪਰੇਸ਼ਾਨ ਨਾ ਹੋਵੇ।
ਇਸ ਦੌਰਾਨ ਬੀਤੇ ਦਿਨ ਉਸ ਦੇ ਜਵਾਈ ਮਲਕੀਅਤ ਸਿੰਘ ਨੇ ਉਸ ਨੂੰ ਦੱਸਿਆ ਕਿ ਉਸ ਦੀ ਲੜਕੀ ਆਸ਼ਾ ਰਾਣੀ ਉਰਫ ਜਸਵਿੰਦਰ ਕੌਰ ਬਹੁਤ ਜ਼ਿਆਦਾ ਬਿਮਾਰ ਹੈ ਅਤੇ ਸਿਵਲ ਹਸਪਤਾਲ ਕਪੂਰਥਲਾ 'ਚ ਦਾਖ਼ਲ ਹੈ। ਜਿਸ ਤੋਂ ਬਾਅਦ ਜਦੋਂ ਉਹ ਆਪਣੇ ਪਤੀ ਅਤੇ ਲੜਕਿਆਂ ਨੂੰ ਨਾਲ ਕੇ ਸਿਵਲ ਹਸਪਤਾਲ ਕਪੂਰਥਲਾ ਪਹੁੰਚੀ ਤਾਂ ਉਸ ਦੀ ਲੜਕੀ ਦੀ ਮੌਤ ਹੋ ਚੁੱਕੀ ਸੀ। ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਸੀ ਕਿ ਉਸ ਦੀ ਲੜਕੀ ਨੇ ਆਪਣੇ ਪਤੀ ਮਲਕੀਅਤ ਸਿੰਘ ਤੋਂ ਤੰਗ ਆ ਕੇ ਆਤਮ ਹੱਤਿਆ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਸਿਵਲ ਹਸਪਤਾਲ ਕਪੂਰਥਾਲ ਪੁੱਜੇ ਤੇ ਮ੍ਰਿਤਕਾ ਆਸ਼ਾ ਰਾਣੀ ਉਰਫ ਜਸਵਿੰਦਰ ਕੌਰ ਦੀ ਲਾਸ਼ ਨੂੰ ਆਪਣੇ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭੇਜਿਆ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਪਤੀ ਮਲਕੀਅਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।