ਕੈਨੇਡਾ ਦੀ ਪੀ. ਆਰ. ਪਤਨੀ ਦੇ ਸ਼ਿਕਾਇਤ ''ਤੇ ਪਤੀ, ਸੱਸ ਤੇ ਸਹੁਰੇ ਖ਼ਿਲਾਫ ਕੇਸ ਦਰਜ

Thursday, Aug 06, 2026 - 08:38 PM (IST)

ਕੈਨੇਡਾ ਦੀ ਪੀ. ਆਰ. ਪਤਨੀ ਦੇ ਸ਼ਿਕਾਇਤ ''ਤੇ ਪਤੀ, ਸੱਸ ਤੇ ਸਹੁਰੇ ਖ਼ਿਲਾਫ ਕੇਸ ਦਰਜ

ਨਵਾਂਸ਼ਹਿਰ (ਤ੍ਰਿਪਾਠੀ)- ਕੈਨੇਡਾ ਤੋਂ ਪੀ.ਆਰ. ਲੈਣ ਉਪਰੰਤ ਫੁਲਵੈਰੀ ਦੀ ਬੀਮਾਰੀ ਦੇ ਮੇਹਣੇ ਮਾਰਨ, ਸੋਨੇ ਦੇ ਗਹਿਣੇ ਆਪਣੇ ਕਬਜ਼ੇ ਵਿਚ ਕਰਨ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਤਹਿਤ ਪੁਲਸ ਨੇ ਪਤੀ, ਸੱਸ ਅਤੇ ਸਹੁਰੇ ਖਿਲਾਫ ਦਾਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਸੁਖਵਿੰਦਰ ਨੂਰਮੀ ਪੁੱਤਰੀ ਬਲਜੀਤ ਸਿੰਘ ਚੋਪੜਾ ਵਾਸੀ ਫਰੈਂਡਜ਼ ਕਾਲੋਨੀ ਸਲੋਹ ਰੋਡ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਆਪਣੀ ਪੜ੍ਹਾਈ ਦੇ ਮਕਸਦ ਨਾਲ 2016 ਵਿਚ ਕੈਨੇਡਾ ਗਈ ਸੀ ਅਤੇ 2021 ਵਿਚ ਉਸ ਨੇ ਪੀ.ਆਰ. ਲਈ ਅਤੇ ਮੌਜੂਦਾ ਸਮੇਂ ਵਿਚ ਉਹ ਕੈਨੇਡਾ ਦੀ ਨਾਗਰਿਕ ਹੈ।

ਉਸ ਨੇ ਦੱਸਿਆ ਕਿ ਉਹ ਫੁਲਵੈਰੀ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਉਸ ਨੇ ਸ਼ਾਦੀ ਡਾਟ ਕਾਮ ’ਤੇ ਆਪਣੇ ਵਿਆਹ ਲਈ ਆਈ.ਡੀ. ਬਣਾਈ ਸੀ ਅਤੇ ਉਸ ਦੀ ਪੂਰੀ ਜਾਣਕਾਰੀ ਦਿੱਤੀ ਸੀ। ਉਸ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਵੀ ਇਸੇ ਤਰ੍ਹਾਂ ਆਪਣੀ ਆਈ.ਡੀ. ਬਣਾਈ ਸੀ।

ਉਸ ਨੇ ਦੱਸਿਆ ਕਿ ਇਕ-ਦੂਜੇ ਨੂੰ ਜਾਣਨ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ 8 ਜਨਵਰੀ 2023 ਨੂੰ ਉਨ੍ਹਾਂ ਦਾ ਵਿਆਹ ਨਵਾਂਸ਼ਹਿਰ ਦੇ ਇਕ ਰਿਜ਼ੋਰਟ ਵਿਚ ਹੋਇਆ ਜਿਸ ਵਿਚ ਉਸ ਦੇ ਮਾਪੇ ਪਰਿਵਾਰ ਨੇ ਆਪਣੀ ਸਮਰੱਥਾ ਤੋਂ ਵੱਧ ਖਰਚ ਕਰ ਕੇ ਉਸ ਨੂੰ ਇਕ ਸੋਨੇ ਦਾ ਸੈੱਟ, ਕੜੇ, ਮੁੰਦਰੀ, ਝੁੱਮਕੇ, ਪਤੀ ਲਈ 2 ਮੁੰਦਰੀਆਂ, ਬਰੇਸਲੇਟ ਅਤੇ ਚੇਨ ਅਤੇ ਉਸ ਦੇ ਸਹੁਰੇ ਅਤੇ ਸੱਸ ਲਈ ਸੋਨੇ ਦਾ ਤੋਹਫ਼ੇ ਪਾਏ ਸਨ।

ਉਸ ਨੇ ਦੱਸਿਆ ਕਿ ਵਿਆਹ ਤੋਂ 2 ਮਹੀਨੇ ਬਾਅਦ ਤੱਕ ਸਹੁਰੇ ਪਰਿਵਾਰ ’ਚ ਸਭ ਕੁਝ ਠੀਕ-ਠਾਕ ਸੀ ਜਿਸ ਤੋਂ ਬਾਅਦ ਉਹ ਕੈਨੇਡਾ ਚਲੀ ਗਈ ਅਤੇ ਆਪਣੇ ਪਤੀ ਦੇ ਦਸਤਾਵੇਜ਼ ਤਿਆਰ ਕਰ ਕੇ ਉਸ ਨੂੰ ਕੈਨੇਡਾ ਬੁਲਾ ਲਿਆ। ਉਸ ਨੇ ਦੱਸਿਆ ਕਿ ਕੈਨੇਡਾ ਆਉਣ ਤੋਂ ਬਾਅਦ ਉਸ ਦੇ ਪਤੀ ਦਾ ਰਵੱਈਆ ਪੂਰੀ ਤਰ੍ਹਾਂ ਬਦਲ ਗਿਆ ਅਤੇ ਉਹ ਉਸ ਦੀ ਬੀਮਾਰੀ ਕਾਰਨ ਉਸ ਨੂੰ ਤਾਅਨੇ ਮਾਰਨ ਲੱਗਾ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਨੇ ਲੜਕੇ ਨੂੰ ਜਨਮ ਦਿੱਤਾ। ਸਮਾਗਮ ਕਰਨ ਲਈ ਉਹ ਆਪਣੇ ਪਤੀ ਦੇ ਕਹਿਣ ’ਤੇ ਭਾਰਤ ਆ ਗਏ।

ਉਸ ਨੇ ਦੱਸਿਆ ਕਿ ਭਾਰਤ ਆ ਕੇ ਉਸ ਦਾ ਪਤੀ ਉਸ ਨੂੰ ਉਸਦੇ ਪੇਕੇ ਘਰ ਛੱਡ ਕੇ ਆਪਣੀ ਵਾਪਸੀ ਦੀ ਟਿਕਟ ਚੇਂਜ ਕਰਵਾ ਕੇ ਪਹਿਲਾਂ ਹੀ ਵਾਪਸ ਕੈਨੇਡਾ ਚਲਾ ਗਿਆ ਅਤੇ ਉਸ ਨੇ ਉੱਥੇ ਆਪਣਾ ਘਰ ਬਦਲ ਲਿਆ ਅਤੇ ਉਥੋਂ ਆਪਣਾ ਸਾਮਾਨ ਵੀ ਲੈ ਗਿਆ ਅਤੇ ਉਸ ਨੇ ਕਿਹਾ ਕਿ ਉਹ ਹੁਣ ਮੇਰੇ ਨਾਲ ਨਹੀਂ ਰਹਿਣਾ ਚਾਹੁੰਦਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਮਾਪੇ ਪਰਿਵਾਰ ਨੇ ਕਈ ਪਤਵੰਤੇ ਲੋਕਾਂ ਨੂੰ ਸ਼ਾਮਲ ਕਰਕੇ ਉਸ ਦੇ ਸਹੁਰੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਰਵੱਈਏ ਵਿਚ ਕੋਈ ਬਦਲਾਅ ਨਹੀਂ ਆਇਆ।

ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਆਪਣੇ ਪਰਿਵਾਰ ਨਾਲ ਸਲਾਹ ਕਰ ਕੇ ਕੈਨੇਡਾ ਜਾ ਕੇ ਪੀ.ਆਰ. ਲੈਣ ਦੇ ਲਾਲਚ ਵਿਚ ਹੀ ਉਸ ਦੇ ਨਾਲ ਵਿਆਹ ਕਰਵਾਇਆ ਸੀ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮ ਸਹੁਰੇ ਪਰਿਵਾਰ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਉਪਰੋਕਤ ਸ਼ਿਕਾਇਤ ਦੀ ਪੜਤਾਲ ਡੀ.ਐੱਸ.ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਪਤੀ ਮਨਪ੍ਰੀਤ ਸਿੰਘ, ਸਹੁਰਾ ਪ੍ਰੀਤਮ ਸਿੰਘ ਪੁੱਤਰ ਪਰਸ ਰਾਮ ਅਤੇ ਸੱਸ ਸੁਖਵਿੰਦਰ ਕੌਰ ਦੇ ਖਿਲਾਫ਼ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 85 ਅਤੇ 316 (2) ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Anmol Tagra

Content Editor

Related News