ਬਠਿੰਡਾ 'ਚ ਬੱਚਾ ਚੋਰੀ ਹੋਣ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਸਾਹਮਣੇ ਆਈ ਹੈਰਾਨ ਕਰਦੀ ਗੱਲ

Thursday, Dec 08, 2022 - 06:27 PM (IST)

ਬਠਿੰਡਾ 'ਚ ਬੱਚਾ ਚੋਰੀ ਹੋਣ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਸਾਹਮਣੇ ਆਈ ਹੈਰਾਨ ਕਰਦੀ ਗੱਲ

ਬਠਿੰਡਾ (ਵਰਮਾ) : ਸਰਕਾਰੀ ਹਸਪਤਾਲ ’ਚੋਂ ਬੱਚਾ ਚੋਰੀ ਹੋਣ ਦੇ ਮਾਮਲੇ ’ਚ ਐੱਸ. ਐੱਸ. ਪੀ. ਬਠਿੰਡਾ ਜੇ. ਏਲਨਚੇਲੀਅਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਸ ਨੇ 60 ਘੰਟਿਆਂ ਦੇ ਅੰਦਰ-ਅੰਦਰ ਬੱਚੇ ਨੂੰ ਬਰਾਮਦ ਕਰ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਘਟਨਾ ਸਬੰਧੀ ਉਨ੍ਹਾਂ ਨੇ ਦੱਸਿਆ ਕਿ ਬੱਚਾ ਚੋਰੀ ਕਰਨ ਵਾਲੀ ਔਰਤ ਦਾ ਕਹਿਣਾ ਸੀ ਕਿ ਉਸਦਾ ਬੱਚਾ ਮਰ ਗਿਆ ਸੀ, ਜਿਸ ਦੇ ਗਮ ਵਿਚ ਉਸ ਨੇ ਬੱਚਾ ਚੋਰੀ ਕਰ ਕੇ ਦਾਗ ਧੋਣ ਦੀ ਕੋਸ਼ਿਸ਼ ਕੀਤੀ ਕਿ ਮੇਰਾ ਬੱਚਾ ਜਿਉਂਦਾ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਮਾਂ ਕੁਲਵਿੰਦਰ ਕੌਰ, ਧੀ ਸਿਮਰਨਜੀਤ ਕੌਰ ਅਤੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੁੱਧਵਾਰ ਨੂੰ ਐੱਸ. ਐੱਸ. ਪੀ. ਜੇ. ਏਲਨਚੇਲੀਅਨ ਨੇ ਸਿਵਲ ਹਸਪਤਾਲ ਪਹੁੰਚ ਕੇ ਬੱਚੇ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ।

ਇਹ ਵੀ ਪੜ੍ਹੋ- ਸੜਕ ਹਾਦਸੇ 'ਚ ਜ਼ਖ਼ਮੀ ਹੋਏ ਫ਼ੌਜੀ ਜਵਾਨ ਨੇ ਤੋੜਿਆ ਦਮ, 4 ਭੈਣਾਂ ਦਾ ਇਕਲੌਤਾ ਭਰਾ ਸੀ ਜਗਸੀਰ ਸਿੰਘ

ਐੱਸ. ਐੱਸ. ਪੀ. ਨੇ ਬੁੱਧਵਾਰ ਨੂੰ ਗੱਲਬਾਤ ਦੌਰਾਨ ਦੱਸਿਆ ਕਿ ਮੁਲਜ਼ਮ ਕੁੜੀ ਸਿਮਰਨਜੀਤ ਕੌਰ ਦਾ ਵਿਆਹ ਫਰੀਦਕੋਟ ਜ਼ਿਲ੍ਹੇ ਵਿਚ ਹੋਇਆ ਸੀ। ਜਿਸ ਤੋਂ ਬਾਅਦ ਉਸ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਪਤੀ ਤੋਂ ਵੱਖ ਰਹਿਣ ਲੱਗ ਪਈ ਸੀ। ਇਸ ਦੌਰਾਨ ਦੋਸ਼ੀ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ, ਜਿਸ ਦੀ ਕੁਝ ਦੇਰ ਬਾਅਦ ਮੌਤ ਹੋ ਗਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਅਗਲੇ ਕੁਝ ਦਿਨਾਂ ਵਿਚ ਦੋਸ਼ੀ ਕੁੜੀ ਨੇ ਪੰਚਾਇਤ ਦੇ ਸਾਹਮਣੇ ਆਪਣੇ ਬੱਚੇ ਦਿਖਾਉਣਾ ਸੀ, ਜਿਸ ਕਾਰਨ ਉਸ ਨੇ ਆਪਣੀ ਮਾਂ ਨਾਲ ਮਿਲ ਕੇ ਪਹਿਲਾਂ ਸਰਕਾਰੀ ਮਹਿਲਾ ਚਿਲਡਰਨ ਹਸਪਤਾਲ ਵਿਚ ਰੇਕੀ ਕੀਤੀ, ਫਿਰ 4 ਦਸੰਬਰ ਨੂੰ ਉਕਤ ਬੱਚਾ ਚੋਰੀ ਕਰ ਕੇ ਆਪਣੇ ਨਾਲ ਲੈ ਗਈਆਂ।

ਰੇਲਵੇ ਸਟੇਸ਼ਨ ਤਕ ਸਕੂਟਰੀ ’ਤੇ ਪਹੁੰਚੀਆਂ ਔਰਤਾਂ, ਬਾਅਦ ’ਚ ਲਿਆ ਆਟੋ

ਐੱਸ. ਐੱਸ. ਪੀ. ਨੇ ਖ਼ੁਲਾਸਾ ਕੀਤਾ ਕਿ ਬੱਚਾ ਚੋਰੀ ਕਰਨ ਤੋਂ ਬਾਅਦ ਉਕਤ ਦੋਸ਼ੀ ਮਾਂ-ਧੀ ਪਹਿਲਾਂ ਐਕਟਿਵਾ ਸਵਾਰ ਤੋਂ ਲਿਫਟ ਲੈ ਕੇ ਰੇਲਵੇ ਸਟੇਸ਼ਨ ਨੇੜੇ ਪਹੁੰਚੀਆਂ ਅਤੇ ਫਿਰ ਆਟੋ ਲੈ ਕੇ ਪ੍ਰਤਾਪ ਨਗਰ ਸਥਿਤ ਕਿਸੇ ਦੇ ਘਰ ਪਹੁੰਚੀਆਂ, ਜਿੱਥੇ ਉਹ ਦੋਵੇਂ ਰਾਤ ਰਹੀਆਂ। ਉਨ੍ਹਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਦੋਵੇਂ ਮਾਂ-ਧੀ ਬੱਚੇ ਨੂੰ ਲੈ ਕੇ ਸਿੱਧੇ ਪਿੰਡ ਮਲੂਕਾ ਵਿਚ ਕਿਰਾਏ ਦੇ ਮਕਾਨ ਵਿਚ ਚਲੀਆਂ ਗਈਆਂ ਸਨ, ਜਿੱਥੇ ਉਹ ਬੱਚਿਆਂ ਨੂੰ ਆਪਣੇ ਜਾਣਕਾਰ ਵਿਅਕਤੀ ਕੋਲ ਛੱਡ ਕੇ ਖ਼ੁਦ ਆਪਣੇ ਪਿੰਡ ਕੋਠਾ ਗੁਰੂ ਕਾ ਆ ਗਈਆਂ।

ਇਹ ਵੀ ਪੜ੍ਹੋ- ਮਲੋਟ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਠੇਕੇਦਾਰ ਦਾ ਬੇਰਹਿਮੀ ਨਾਲ ਕਤਲ

ਐੱਸ. ਐੱਸ. ਪੀ. ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸੀ. ਸੀ. ਟੀ. ਵੀ. ਫੁਟੇਜ ਤੋਂ ਮਿਲੀ ਮੁਲਜ਼ਮ ਕੁੜੀ ਦੀ ਸਪੱਸ਼ਟ ਫੋਟੋ ਨੇ ਪੁਲਸ ਦੀ ਮਦਦ ਕੀਤੀ। ਜਿਸ ਕਾਰਨ ਸਤਿਕਾਰ ਕਮੇਟੀ ਕੋਠਾ ਗੁਰੂਕਾ ਦੇ ਮੈਂਬਰਾਂ ਨੇ ਮੰਗਲਵਾਰ ਰਾਤ ਨੂੰ ਮਾਂ-ਧੀ ਦੀ ਸ਼ਨਾਖਤ ਕੀਤੀ ਅਤੇ ਪੁਲਸ ਸਮੇਤ ਉਨ੍ਹਾਂ ਦੇ ਘਰ ਛਾਪਾ ਮਾਰਿਆ , ਜਿਸ ਤੋਂ ਬਾਅਦ ਪੁਲਸ ਨੇ ਮਾਂ-ਧੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਇਸ਼ਾਰੇ ’ਤੇ ਪਿੰਡ ਮਲੂਕਾ ਤੋਂ ਕਿਰਾਏ ਦੇ ਮਕਾਨ ’ਚੋਂ ਬੱਚੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਪਰੋਕਤ ਮਾਮਲੇ ਵਿਚ ਮੁਲਜ਼ਮ ਮਾਂ-ਧੀ ਦੇ ਨਾਲ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਔਰਤਾਂ ਅਤੇ ਇਕ ਹੋਰ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News