ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਹੰਗਾਮਾ, ਔਰਤ ਨੇ ਜੜ੍ਹਿਆ ਨਰਸ ਦੇ ਥੱਪੜ

Friday, Oct 14, 2022 - 04:40 PM (IST)

ਜਲੰਧਰ (ਬਿਊਰੋ)- ਸਿਵਲ ਹਸਪਤਾਲ ’ਚ ਬਣਿਆ ਜੱਚਾ-ਬੱਚਾ ਹਸਪਤਾਲ ਹਮੇਸ਼ਾ ਹੀ ਕਿਸੇ ਨਾ ਕਿਸੇ ਮਾਮਲੇ ’ਚ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਿਆ ਰਹਿੰਦਾ ਹੈ ਪਰ ਇਸ ਵਾਰ ਇਕ ਔਰਤ ਨੇ ਜੱਚਾ-ਬੱਚਾ ਹਸਪਤਾਲ ਦਾ ਇਤਿਹਾਸ ਹੀ ਬਦਲ ਦਿੱਤਾ ਹੈ ਅਤੇ ਵਾਰਡ ’ਚ ਮਰੀਜ਼ਾਂ ਦੇ ਸਾਹਮਣੇ ਆਨ ਡਿਊਟੀ ਮਹਿਲਾ ਸਟਾਫ਼ ਨਾਲ ਬਦਤਮੀਜ਼ੀ ਕਰਨ ਦੇ ਨਾਲ ਉਸ ਦੇ ਮੂੰਹ ’ਤੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਵਾਰਡ ’ਚ ਹੰਗਾਮਾ ਹੋ ਗਿਆ। ਔਰਤ ਮੌਕੇ ਤੋਂ ਫਰਾਰ ਹੋ ਗਈ ਅਤੇ ਇਸ ਸਬੰਧੀ ਪੀੜਤ ਸਟਾਫ਼ ਨੇ ਮੈਡੀਕਲ ਸੁਪਰਡੈਂਟ ਨੂੰ ਲਿਖਤੀ ਸ਼ਿਕਾਇਤ ਦਿੱਤੀ ਅਤੇ ਬਾਅਦ ’ਚ ਥਾਣਾ 4 ਨੂੰ ਸ਼ਿਕਾਇਤ ਸੌਂਪੀ ਗਈ।

ਇਹ ਵੀ ਪੜ੍ਹੋ: ਜਲੰਧਰ 'ਚ ਕੁੜੀਆਂ ਦੀ 'ਖ਼ਤਰਨਾਕ ਸੈਲਫ਼ੀ', ਵਾਪਰਿਆ ਅਜਿਹਾ ਹਾਦਸਾ ਕਿ ਖ਼ਤਰੇ 'ਚ ਪਈ ਬਜ਼ੁਰਗ ਦੀ ਜਾਨ

ਸਟਾਫ਼ ਨਰਸ ਕੰਵਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਲੇਬਰ ਰੂਮ ’ਚ ਨਸੀਬ ਕੌਰ ਵਾਸੀ ਨੂਰਮਹਿਲ ਦੀ ਡਿਲਿਵਰੀ ਕਰ ਰਹੀ ਸੀ ਕਿ ਇਸੇ ਦੌਰਾਨ ਉਸ ਦੀ ਜਾਣਕਾਰ ਔਰਤ ਰਿਸ਼ਤੇਦਾਰ ਲੇਬਰ ਰੂਮ ’ਚ ਆ ਗਈ। ਉਸ ਨੇ ਔਰਤ ਨੂੰ ਬਾਹਰ ਜਾਣ ਲਈ ਕਿਹਾ ਤਾਂ ਔਰਤ ਬਦਤਮੀਜ਼ੀ ਕਰਨ ਲੱਗੀ ਅਤੇ ਬਾਹਰ ਚਲੀ ਗਈ ਪਰ ਕੁਝ ਦੇਰ ਬਾਅਦ ਉਹ ਦੋਬਾਰਾ ਆ ਗਈ। ਉਨ੍ਹਾਂ ਔਰਤ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਝਗੜਾ ਕਰਨ ਲੱਗੀ ਅਤੇ ਉਸ ਦੇ ਮੂੰਹ ’ਤੇ ਥੱਪੜ ਮਾਰ ਦਿੱਤਾ। ਉਕਤ ਔਰਤ ਨੇ ਵਿਚ ਆਈ ਡਾ. ਅੰਕਿਤਾ ਨਾਲ ਵੀ ਝਗੜਾ ਕੀਤਾ। ਉੱਥੇ ਹੀ ਪੰਜਾਬ ਨਰਸਿੰਗ ਐਸੋਸੀਏਸ਼ਨ ਜਲੰਧਰ ਦੀ ਪ੍ਰਧਾਨ ਕਾਂਤਾ ਰਾਣੀ ਦਾ ਕਹਿਣਾ ਹੈ ਕਿ ਸਟਾਫ਼ ਨਰਸਾਂ ਦਿਨ-ਰਾਤ ਮਰੀਜ਼ਾਂ ਦੀ ਸੇਵਾ ਕਰਦੀਆਂ ਹਨ ਅਤੇ ਇਸ ਦੇ ਬਾਵਜੂਦ ਕੁਝ ਲੋਕ ਸਟਾਫ਼ ਨਾਲ ਝਗੜਾ ਕਰਦੇ ਹਨ ਪਰ ਹੁਣ ਥੱਪੜ ਮਾਰਨ ਦੀ ਵੀ ਹੱਦ ਹੋ ਗਈ।

ਇਹ ਵੀ ਪੜ੍ਹੋ: ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਆਨ ਡਿਊਟੀ ਸਟਾਫ਼ ਨੂੰ ਥੱਪੜ ਮਾਰਨ ਦੀ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੇਕਰ ਥੱਪੜ ਮਾਰਨ ਵਾਲੀ ਔਰਤ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਨਾ ਕੀਤਾ ਤਾਂ ਸਮੂਹ ਸਟਾਫ਼ ਸੰਘਰਸ਼ ਦੇ ਰਾਹ 'ਤੇ ਚੱਲੇਗਾ। ਸ਼ੁੱਕਰਵਾਰ ਨੂੰ ਸਟਾਫ਼ ਨਰਸਾਂ ਨਾਲ ਮੀਟਿੰਗ ਕੀਤੀ ਜਾਵੇਗੀ। ਦੂਜੇ ਪਾਸੇ ਥਾਣਾ 4 ਦੇ ਐੱਸ. ਐੱਚ. ਓ. ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀ ਔਰਤ ਦੀ ਭਾਲ ਜਾਰੀ ਹੈ, ਜੇਕਰ ਲੋੜ ਪਈ ਤਾਂ ਪੁਲਸ ਪੀੜਤ ਸਟਾਫ ਨਰਸ ਦੇ ਬਿਆਨ ਦਰਜ ਕਰ ਕੇ ਮਾਮਲਾ ਦਰਜ ਕਰੇਗੀ, ਕਿਸੇ ਵੀ ਹਾਲ ’ਚ ਹਸਪਤਾਲ ਦੇ ਹਾਲਾਤ ਖ਼ਰਾਬ ਨਹੀਂ ਹੋਣ ਦਿੱਤੇ ਜਾਣਗੇ।

ਇਹ ਵੀ ਪੜ੍ਹੋ: MLA ਸ਼ੀਤਲ ਅੰਗੁਰਾਲ ਨੇ ਥਾਣੇ ’ਚ ਦਿੱਤੀ ਸ਼ਿਕਾਇਤ, ਕਿਹਾ-ਅੰਮ੍ਰਿਤਪਾਲ ਖ਼ਿਲਾਫ਼ ਬੋਲਣ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News