ਏਜੰਟਾਂ ਦਾ ਇਕ ਹੋਰ ਕਾਰਨਾਮਾ: ਦੁਬਈ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਔਰਤ ਨੂੰ ਭੇਜਿਆ ਓਮਾਨ
Saturday, Oct 08, 2022 - 10:45 PM (IST)
ਮਲੋਟ (ਜੁਨੇਜਾ) : ਮਲੋਟ ਉਪ ਮੰਡਲ ਦੇ ਪਿੰਡ ਬੋਦੀਵਾਲਾ ਨਾਲ ਸਬੰਧਤ ਇਕ ਔਰਤ ਨੂੰ ਟ੍ਰੈਵਲ ਏਜੰਟਾਂ ਵੱਲੋਂ ਦੁਬਈ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਹੋਰ ਦੇਸ਼ (ਓਮਾਨ) ਭੇਜਣ ਤੇ ਅੱਗੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਔਰਤ ਨੇ ਵੀਡੀਓ ਮੈਸੇਜ ਰਾਹੀਂ ਆਪਣੇ ਪਤੀ ਨੂੰ ਦੱਸਿਆ ਕਿ ਉਸ ਨੂੰ ਏਜੰਟਾਂ ਨੇ ਦੁਬਈ ਭੇਜਣ ਦੀ ਥਾਂ ਇੱਥੇ ਭੇਜ ਕੇ ਵੇਚ ਦਿੱਤਾ ਹੈ ਤੇ ਉਸ ਨੂੰ ਇੱਥੋਂ ਛੁਡਾਇਆ ਜਾਵੇ।
ਇਹ ਵੀ ਪੜ੍ਹੋ : ਮਾਸੂਮ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ETT ਅਧਿਆਪਕ ਖ਼ਿਲਾਫ਼ ਕੇਸ ਦਰਜ
ਪੀੜਤਾ ਦੇ ਪਤੀ ਨੇ ਕਬਰਵਾਲਾ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਹ ਮਿਹਨਤ-ਮਜ਼ਦੂਰੀ ਕਰਦਾ ਹੈ, ਉਸ ਦੇ 3 ਬੱਚੇ ਹਨ ਤੇ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਰਕੇ ਉਸ ਦੀ ਪਤਨੀ ਨੇ ਦੁਬਈ ਜਾਣ ਦੀ ਇੱਛਾ ਪ੍ਰਗਟਾਈ ਸੀ। ਇਸ ਸਬੰਧੀ ਪੱਟੀ ਸ਼ਹਿਰ ਦੇ ਏਜੰਟ ਰੇਸ਼ਮ ਸਿੰਘ ਪਿੰਡ ਸਥਾਰਪੁਰਾ ਅਤੇ ਕਮਲਜੀਤ ਕੌਰ ਵਾਸੀ ਸਿੰਗਲ ਬਸਤੀ ਪੱਟੀ ਦੇ ਸੰਪਰਕ ਵਿੱਚ ਆ ਗਏ, ਜਿਨ੍ਹਾਂ ਨੇ ਮੇਰੀ ਪਤਨੀ ਨੂੰ ਦੁਬਈ ਪਹੁੰਚਾਉਣ ਲਈ ਜੂਨ ਮਹੀਨੇ ਸਾਡੇ ਤੋਂ ਕਾਗਜ਼-ਪੱਤਰ ਲੈ ਕੇ ਦੁਬਈ ਦਾ ਵੀਜ਼ਾ ਲਗਵਾ ਦਿੱਤਾ। ਇਸ ਤੋਂ ਬਾਅਦ ਬੀਤੀ 16 ਸਤੰਬਰ ਨੂੰ ਮੇਰੀ ਪਤਨੀ ਅੰਮ੍ਰਿਤਸਰ ਤੋਂ ਫਲਾਈਟ ਫੜ ਦੁਬਈ ਪਹੁੰਚ ਗਈ।
ਇਹ ਵੀ ਪੜ੍ਹੋ : ...ਤੇ ਹੁਣ 9 ਸਾਲਾ ਬੱਚੇ ਨੇ ਮੁਕੇਰੀਆਂ ਦੇ ਇਸ ਗੁਰਦੁਆਰਾ ਸਾਹਿਬ ’ਚ ਕੀਤੀ ਬੇਅਦਬੀ, ਮਾਮਲਾ ਦਰਜ
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ 17 ਸਤੰਬਰ ਨੂੰ ਉਸ ਦੀ ਪਤਨੀ ਨੇ ਫੋਨ 'ਤੇ ਰੋ-ਰੋ ਕੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਹੈ ਕਿ ਏਜੰਟ ਰੇਸ਼ਮ ਸਿੰਘ ਤੇ ਕਮਲਜੀਤ ਕੌਰ ਨੇ ਉਸ ਨੂੰ ਵੇਚ ਦਿੱਤਾ ਹੈ। ਉਸ ਨੂੰ ਇੱਥੇ ਬੰਦੀ ਬਣਾਇਆ ਹੋਇਆ ਹੈ ਤੇ ਪੈਸੇ ਵੀ ਖੋਹ ਲਏ ਹਨ। ਉਸ ਤੋਂ ਬਾਅਦ ਉਹ ਵਟਸਐਪ ਰਾਹੀਂ ਵਾਇਸ ਮੈਸੇਜ ਭੇਜਦੀ ਰਹੀ ਤੇ ਲਗਾਤਾਰ ਦੱਸਦੀ ਰਹੀ ਕਿ ਉਸ ਦਾ ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਹੋ ਰਹੀ ਹੈ ਤੇ ਅਲੱਗ-ਅਲੱਗ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ। ਉਸ ਨਾਲ ਹੋਰ ਵੀ ਔਰਤਾਂ ਹਨ। ਅੱਜ-ਕੱਲ੍ਹ ਉਹ ਓਮਾਨ ਦੇ ਪਿੰਡ ਅਸਲ ਵਿੱਚ ਹੈ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਸੰਤ ਬਲਵੀਰ ਸਿੰਘ ਸੀਚੇਵਾਲ ਰਾਹੀਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਵੀ ਸੂਚਿਤ ਕੀਤਾ ਹੈ ਪਰ ਕਈ ਦਿਨ ਹੋ ਗਏ, ਮਸਲਾ ਹੱਲ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ : ਨੌਕਰੀ ਦੇ ਮੋਹ ’ਚ ਵਿਦੇਸ਼ ’ਚ ਤਸੀਹੇ ਭੁਗਤਣ ਲਈ ਮਜਬੂਰ ਹੋ ਰਹੇ ਨੌਜਵਾਨ
ਸ਼ਿਕਾਇਤਕਰਤਾ ਅਨੁਸਾਰ ਏਜੰਟਾਂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਪੁਲਸ ਨੂੰ ਸੂਚਿਤ ਕੀਤਾ ਤਾਂ ਉਸ ਦੀ ਪਤਨੀ ਨੂੰ ਉਥੇ ਹੀ ਖਤਮ ਕਰਾ ਦਿੱਤਾ ਜਾਵੇਗਾ, ਜਿਸ ਕਰਕੇ ਰੇਸ਼ਮ ਸਿੰਘ ਤੇ ਕਮਲਜੀਤ ਕੌਰ ਵਿਰੁੱਧ ਮਾਮਲਾ ਦਰਜ ਕਰਨ ਉਪਰੰਤ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾਵੇ ਅਤੇ ਮੇਰੀ ਪਤਨੀ ਨੂੰ ਭਾਰਤ ਵਾਪਸ ਲਿਆਂਦਾ ਜਾਵੇ। ਇਸ ਸਬੰਧੀ ਥਾਣਾ ਕਬਰਵਾਲਾ ਦੀ ਪੁਲਸ ਨੇ ਰੇਸ਼ਮ ਸਿੰਘ ਤੇ ਕਮਲਜੀਤ ਕੌਰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।