ਬਲਾਤਕਾਰ ਪੀੜਤਾ ਦੇ ਸਬਰ ਦਾ ਟੁੱਟਾ ਬੰਨ੍ਹ, ਇਨਸਾਫ ਨਾ ਮਿਲਣ ''ਤੇ ਦਿੱਤੀ ਚਿਤਾਵਨੀ

Sunday, Nov 24, 2019 - 10:51 AM (IST)

ਬਲਾਤਕਾਰ ਪੀੜਤਾ ਦੇ ਸਬਰ ਦਾ ਟੁੱਟਾ ਬੰਨ੍ਹ, ਇਨਸਾਫ ਨਾ ਮਿਲਣ ''ਤੇ ਦਿੱਤੀ ਚਿਤਾਵਨੀ

ਲੁਧਿਆਣਾ (ਸਲੂਜਾ)— ਬੰਦੂਕ ਦੀ ਨੋਕ 'ਤੇ ਬਲਾਤਕਾਰ ਦੀ ਸ਼ਿਕਾਰ ਇਕ ਮੁਸਲਿਮ ਔਰਤ ਨੇ ਬੀਤੇ ਦਿਨ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਕੁੰਵਰ ਓਂਕਾਰ ਸਿੰਘ ਨਰੂਲਾ ਨੂੰ ਮੰਗ-ਪੱਤਰ ਸੌਂਪਿਆ। ਧਮਕੀ ਦਿੰਦੇ ਹੋਏ ਉਸ ਨੂੰ ਕਿਹਾ ਕਿ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ, ਇਸ ਲਈ ਸਿੱਧੇ ਤੌਰ 'ਤੇ ਉਸ ਦਾ ਸਹੁਰੇ ਪਰਿਵਾਰ ਅਤੇ ਪੁਲਸ ਪ੍ਰਸ਼ਾਸਨ ਜ਼ਿੰਮੇਵਾਰ ਹੋਣਗੇ। ਪੀੜਤ ਨੇ ਇਹ ਖੁਲਾਸਾ ਕੀਤਾ ਕਿ ਵਿਆਹ ਦੇ ਇਕ ਮਹੀਨੇ ਬਾਅਦ ਹੀ ਉਸ ਦੇ ਦਿਓਰ ਨੇ ਉਸ ਨਾਲ ਬੰਦੂਕ ਦੀ ਨੋਕ 'ਤੇ ਇਕ ਵਾਰ ਨਹੀਂ ਕਈ ਵਾਰ ਬਲਾਤਕਾਰ ਕੀਤਾ। ਪੀੜਤ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦਾ ਸਾਥ ਦੇਣ ਦੀ ਬਜਾਏ ਉਸ ਦੇ ਪਤੀ ਅਤੇ ਸੱਸ ਨੇ ਰੋਜ਼ਾਨਾ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਉਸ ਨੇ ਆਪਣੇ ਘਰਦਿਆਂ ਨੂੰ ਇਸ ਬੇਇਨਸਾਫੀ ਬਾਰੇ ਦੱਸਿਆ ਤਾਂ ਪਹਿਲਾਂ ਸਿਵਲ ਹਸਤਪਤਾਲ 'ਚ ਮੈਡੀਕਲ ਕਰਵਾਇਆ ਗਿਆ। ਉਸ ਤੋਂ ਬਾਅਦ ਪੁਲਸ ਨੇ ਲਗਭਗ 3 ਮਹੀਨੇ ਪਹਿਲਾਂ ਬਾਕਾਇਦਾ ਉਸ ਦੇ ਪਤੀ, ਦਿਓਰ ਅਤੇ ਸੱਸ ਨੂੰ ਕੇਸ 'ਚ ਨਾਮਜ਼ਦ ਕੀਤਾ ਪਰ ਅੱਜ ਤੱਕ ਇਕ ਵੀ ਗ੍ਰਿਫਤਾਰੀ ਨਹੀਂ ਕੀਤੀ ਸਗੋਂ ਉਸ ਦੇ ਪਰਿਵਾਰ 'ਤੇ ਰਾਜਨੀਤਿਕ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਕਿ ਸਮਝੌਤਾ ਕਰ ਲਓ। ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਕੁੰਵਰ ਓਂਕਾਰ ਸਿੰਘ ਨਰੂਲਾ ਨੇ ਪੀੜਤ ਅਤੇ ਉਸ ਦੇ ਪਰਿਵਾਰ ਨੂੰ ਇਹ ਭਰੋਸਾ ਦਿੱਤਾ ਕਿ ਇਨਸਾਫ ਲਈ ਉਨ੍ਹਾਂ ਨੂੰ ਜਿੱਥੇ ਵੀ ਜਾਣਾ ਪਵੇਗਾ ਉਹ ਜਾਣਗੇ ਤਾਂਕਿ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਮਿਲ ਸਕੇ।


author

shivani attri

Content Editor

Related News