ਦੁਬਈ ਦਾ ਆਖ ਓਮਾਨ ਭੇਜੀ ਮਲੋਟ ਦੀ ਔਰਤ ਪਰਤੀ ਘਰ, ਰੋਂਦੀ-ਕੁਰਲਾਉਂਦੀ ਨੇ ਦੱਸੀ ਦਿਲ ਝੰਜੋੜਣ ਵਾਲੀ ਹੱਡਬੀਤੀ

Monday, Jan 30, 2023 - 03:06 PM (IST)

ਦੁਬਈ ਦਾ ਆਖ ਓਮਾਨ ਭੇਜੀ ਮਲੋਟ ਦੀ ਔਰਤ ਪਰਤੀ ਘਰ, ਰੋਂਦੀ-ਕੁਰਲਾਉਂਦੀ ਨੇ ਦੱਸੀ ਦਿਲ ਝੰਜੋੜਣ ਵਾਲੀ ਹੱਡਬੀਤੀ

ਮਲੋਟ (ਜੁਨੇਜਾ) : ਦੁਬਈ ਵਿਖੇ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਓਮਾਨ ਵਿਚ ਵੇਚੀ ਗਈ ਮਲੋਟ ਇਲਾਕੇ ਨਾਲ ਸਬੰਧਤ ਇਕ ਪੀੜਤ ਔਰਤ ਆਖਿਰ ਵਾਪਸ ਘਰ ਪਰਤ ਆਈ ਹੈ। ਪੀੜਤਾ ਨੇ ਠੱਗ ਏਜੰਟਾਂ ਦੇ ਵੱਡੇ ਗਿਰੋਹ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਆਪਣੇ ਵਕੀਲ ਰਾਹੀਂ ਪੀੜਤ ਔਰਤ ਨੇ ਆਪਣੀ ਹੱਡਬੀਤੀ ਬਿਆਨ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਬੀਮਾਰ ਪਤੀ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਕੰਮ ਦੀ ਭਾਲ ਵਿਚ ਸੀ। ਇਸ ਦੌਰਾਨ ਇਕ ਟ੍ਰੈਵਲ ਏਜੰਟ ਰੇਸ਼ਮ ਸਿੰਘ ਅਤੇ ਉਸਦੀ ਸਾਥੀ ਔਰਤ ਕਮਲਜੀਤ ਕੌਰ ਪਤਨੀ ਰਣਜੀਤ ਸਿੰਘ ਨੇ ਉਸ ਨਾਲ ਸੰਪਰਕ ਕੀਤਾ। ਏਜੰਟਾਂ ਵੱਲੋਂ ਉਸਨੂੰ ਦੁਬਈ ’ਚ ਘਰੇਲੂ ਨੌਕਰਾਣੀ ਵਜੋਂ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਦੇਹ ਵਪਾਰ ਲਈ ਓਮਾਨ ਭੇਜ ਦਿੱਤਾ, ਜਿੱਥੇ ਪਹਿਲੇ ਦਿਨ ਹੀ ਉਸ ਦਾ ਸਰੀਰਕ ਸ਼ੋਸ਼ਣ ਹੋਣ ਲੱਗਾ।

ਇਹ ਵੀ ਪੜ੍ਹੋ- ਚਾਵਾਂ ਨਾਲ ਵਿਆਹੀ ਧੀ ਦੀ ਖ਼ੂਨ ਨਾਲ ਭਿੱਜੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ, ਸਹੁਰਿਆਂ 'ਤੇ ਲਾਏ ਵੱਡੇ ਦੋਸ਼

16 ਸਤੰਬਰ 2022 ਨੂੰ ਉਸ ਨੂੰ ਦੁਬਈ ਭੇਜਿਆ ਗਿਆ ਸੀ ਪਰ ਉੱਥੇ ਉਸ ਨੂੰ ਖ਼ੁਦ ਨਾਲ ਵੱਜੀ ਠੱਗੀ ਦਾ ਪਤਾ ਲੱਗਾ, ਜਿਸ ਕਰਕੇ ਉਸ ਨੇ ਅਗਲੇ ਹੀ ਦਿਨ ਆਪਣੇ ਨਾਲ ਹੁੰਦੇ ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਬਾਰੇ ਘਰ ਸੂਚਿਤ ਕੀਤਾ। ਆਖਿਰ ਉਸਦੇ ਹੀ ਪਿੰਡ ਦੇ ਹਾਈ ਕੋਰਟ ਦੇ ਵਕੀਲ ਗੁਰਭੇਜ ਸਿੰਘ ਨੇ ਉਸਨੂੰ ਵਾਪਸ ਲਿਆਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਵੀ ਚਾਰਾਜੋਈ ਕੀਤੀ। ਉਨ੍ਹਾਂ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿਚ ਲਿਆਂਦਾ, ਜਿਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਪਹੁੰਚ ਕੀਤੀ ਗਈ ਅਤੇ ਅੰਬੈਸੀ ਦੁਆਰਾ ਪੀੜਤਾ ਦੇ ਟਿਕਾਣੇ ਦਾ ਪਤਾ ਕਰਵਾ ਕੇ ਪੀੜਤਾ ਨੂੰ ਵਾਪਸ ਘਰ ਲਿਆਂਦਾ ਜਾ ਸਕਿਆ। 

ਇਹ ਵੀ ਪੜ੍ਹੋ- ਧਰਤੀ ਹੇਠੋਂ ਪਾਣੀ ਕੱਢਣ ਲਈ ਹੁਣ ਦੇਣਾ ਪਵੇਗਾ ਬਿੱਲ, ਪੰਜਾਬ ਵਾਟਰ ਰੈਗੂਲੇਸ਼ਨ ਨੇ ਜਾਰੀ ਕੀਤੇ ਇਹ ਹੁਕਮ

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੀੜਤਾ ਦੇ ਪਤੀ ਦੇ ਬਿਆਨਾਂ ’ਤੇ ਠੱਗ ਟ੍ਰੈਵਲ ਏਜ਼ੰਟ ਰੇਸ਼ਮ ਸਿੰਘ ਵਾਸੀ ਸੁਥਾਰਪੁਰ ਅਤੇ ਅਤੇ ਉਸਦੀ ਸਹਾਇਕ ਮਹਿਲਾ ਕਮਲਜੀਤ ਕੌਰ ਪਤਨੀ ਰਣਜੀਤ ਸਿੰਘ ਵਾਸੀ ਸਿੰਗਲ ਬਸਤੀ ਪੱਟੀ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਕਮਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਰੇਸ਼ਮ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੀੜਤਾ ਨੇ ਮੰਗ ਕੀਤੀ ਕਿ ਉਕਤ ਏਜੰਟਾਂ ਤੋਂ ਇਲਾਵਾ ਇਸ ਮਾਮਲੇ ਵਿਚ ਇਕ ਵੱਡਾ ਗਿਰੋਹ ਹੈ, ਜਿਸ ਕਰਕੇ ਉਸ ਵਰਗੀਆਂ ਅਨੇਕਾਂ ਔਰਤਾਂ ਠੱਗ ਏਜੰਟਾਂ ਦੇ ਕਾਰਨ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ, ਭਾਰਤ ਸਰਕਾਰ ਅਤੇ ਪੁਲਸ ਉਨ੍ਹਾਂ ਦਾ ਪਰਦਾਫਾਸ਼ ਕਰੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News