ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ 2 ਬੱਚਿਆਂ ਸਮੇਤ ਨਹਿਰ ''ਚ ਮਾਰੀ ਛਾਲ

Thursday, Dec 07, 2017 - 04:53 PM (IST)


ਫਰੀਦਕੋਟ (ਜਗਤਾਰ) - ਥਾਰਾ ਕਾਲੋਨੀ ਦੀ ਰਹਿਣ ਵਾਲੀ ਇਕ ਔਰਤ ਨੇ ਸਹੁਰੇ ਪਰਿਵਾਰ ਤੋਂ ਦੁੱਖੀ ਹੋ ਕੇ ਬੱਚਿਆਂ ਸਮੇਤ ਸਰਹਿੰਦ ਨਹਿਰ 'ਚ ਛਲਾਂਗ ਮਾਰ ਕੇ ਆਤਮ-ਹੱਤਿਆ ਕਰ ਲਈ। ਔਰਤ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ ਪਰ ਬੱਚੇ ਲਾਪਤਾ ਹਨ। ਥਾਣਾ ਕੋਤਵਾਲੀ ਦੀ ਪੁਲਸ ਨੇ ਮ੍ਰਿਤਕ ਔਰਤ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਸਹੁਰਾ ਪਰਿਵਾਰ ਅਤੇ ਪਤੀ ਖਿਲਾਫ ਮਾਮਲਾ ਦਰਜ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਨਦੀਪ ਕੌਰ 10 ਦਿਨ ਪਹਿਲਾਂ ਲਾਪਤਾ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਮਚਾਕੀ ਕਲਾਂ ਦੀ ਪੀੜਤ ਮਨਦੀਪ ਕੌਰ ਨਾਮ ਦੀ ਲੜਕੀ ਦੀ 6 ਸਾਲ ਪਹਿਲਾਂ ਉਸਦਾ ਵਿਆਹ ਫਰੀਦਕੋਟ 'ਚ ਗੁਰਮੀਤ ਸਿੰਘ ਦੇ ਨਾਲ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਅਭਿਜੋਤ ਸਿੰਘ (4) ਅਤੇ ਨਵਜੋਤ ਕੌਰ ਸਨ। ਇਕ ਸਾਲ ਬਾਅਦ ਉਸਦਾ ਸਹੁਰਾ ਪਰਿਵਾਰ ਤੰਗ ਕਰਨ ਲੱਗ ਪਿਆ ਅਤੇ ਉਹ ਆਪਣੇ ਪੇਕੇ ਚਲੀ ਜਾਂਦੀ ਅਤੇ ਸਮਝਾ ਕੇ ਉਸ ਨੂੰ ਵਾਪਸ ਭੇਜ ਦਿੱਤਾ ਜਾਂਦਾ। ਮ੍ਰਿਤਕ ਲੜਕੀ ਦੀ ਮਾਂ ਛਿੰਦਰ ਕੌਰ ਨੇ ਦੱਸਿਆ ਕਿ ਉਹ ਮਨਦੀਪ ਨੂੰ ਫੋਨ ਕਰਦੀ ਰਹੀ ਪਰ ਉਸਦਾ ਫੋਨ ਨਹੀਂ ਸੀ ਮਿਲ ਰਿਹਾ। 26 ਨੰਵਬਰ ਨੂੰ ਉਹ ਆਪਣੇ ਪਿੰਡ ਦੇ ਸਰਪੰਚ ਨੂੰ ਲੈ ਕੇ ਉਸਦੇ ਸਹੁਰੇ ਘਰ ਗਈ ਪਰ ਉਸ ਦੇ ਘਰ ਉਸ ਨੂੰ ਨਾ ਤਾਂ ਲੜਕੀ ਮਿਲੀ ਅਤੇ ਨਾ ਹੀ ਉਸਦੇ ਬੱਚੇ। ਸਹੁਰਾ ਪਰਿਵਾਰ ਗੱਲ ਨੂੰ ਟਾਲ-ਮਟੋਲ ਕਰਦੇ ਰਹੇ। ਇਕ ਦਿਨ ਪਹਿਲਾਂ ਮਨਦੀਪ ਕੌਰ ਦੀ ਲਾਸ਼ ਸਰਹਿੰਦ ਫੀਡਰ ਤੋਂ ਬਰਾਮਦ ਕੀਤੀ ਗਈ। ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਲੜਕੀ ਨੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਬੱਚਿਆਂ ਸਮੇਤ ਨਹਿਰ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ।
ਇਸ ਮੌਕੇ ਥਾਣਾ ਪ੍ਰਭਾਰੀ ਦੇ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਔਰਤ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਔਰਤ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਅਤੇ ਬੱਚਿਆਂ ਦੀ ਭਾਲ ਜਾਰੀ ਹੈ।


Related News