ਸਹੁਰੇ ਪਰਿਵਾਰ ਦੀ ਕਰਤੂਤ, ਬੱਚਿਆਂ ਨੂੰ ਮਿਲਣ ਆਈ ਔਰਤ ਦੀ ਕਰਵਾਈ ਕੁੱਟਮਾਰ
Thursday, Jan 11, 2018 - 12:02 PM (IST)

ਲੋਹੀਆਂ ਖਾਸ (ਮਨਜੀਤ)— ਸਥਾਨਕ ਰੇਲਵੇ ਰੋਡ 'ਤੇ ਵਾਰਡ ਨੰਬਰ 7 ਦੀ ਪੁੱਡਾ ਕਾਲੋਨੀ ਵਿਖੇ ਪਿਛਲੇ 8 ਸਾਲਾਂ ਤੋਂ ਵਿਦੇਸ਼ ਰਹਿੰਦੇ ਵਿਅਕਤੀ ਦੀ ਪਤਨੀ ਜਦੋਂ ਆਪਣੇ ਬੱਚਿਆਂ ਨੂੰ ਮਿਲਣ ਆਈ ਤਾਂ ਸਹੁਰੇ ਪਰਿਵਾਰ ਨੇ ਰਿਸ਼ਤੇਦਾਰਾਂ ਤੋਂ ਉਸ ਦੀ ਕੁੱਟਮਾਰ ਕਰਵਾ ਦਿੱਤੀ।
ਮਨਦੀਪ ਕੌਰ ਨਾਮਕ ਉਕਤ ਔਰਤ ਆਪਣੀ ਵੱਡੀ ਧੀ ਨੂੰ ਲੈ ਕੇ ਪੇਕੇ ਪਿੰਡ ਚਲੀ ਗਈ, ਜਦਕਿ ਤਿੰਨ ਬੱਚੇ ਸਹੁਰੇ ਪਰਿਵਾਰ ਨੇ ਆਪਣੇ ਕੋਲ ਰੱਖ ਲਏ ਪਰ ਜਦੋਂ ਵੀ ਮਨਦੀਪ ਆਪਣੇ ਸਹੁਰੇ ਰਹਿੰਦੇ ਬੱਚਿਆਂ ਨੂੰ ਮਿਲਣ ਆਉਂਦੀ ਤਾਂ ਉਸ ਦੀ ਸੱਸ ਅਤੇ ਸਹੁਰਾ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਵਾਪਸ ਭੇਜ ਦਿੰਦੇ। ਬੁੱਧਵਾਰ ਉਸ ਸਮੇਂ ਹੱਦੋਂ ਵੱਧ ਹੋ ਗਈ, ਜਦੋਂ ਮਨਦੀਪ ਦੇ ਸਹੁਰੇ ਨੇ ਆਪਣੇ ਰਿਸ਼ਤੇਦਾਰਾਂ ਕੋਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਵਾਈ। ਜਦੋਂ ਆਂਢ-ਗੁਆਂਢ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕੁੱਟਮਾਰ ਕਰਨ ਵਾਲਿਆਂ ਨੂੰ ਭਜਾਇਆ ਅਤੇ ਜ਼ਖਮੀ ਮਨਦੀਪ ਨੂੰ 108 ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ। ਜਦਕਿ ਸ਼ਹਿਰ ਦੇ ਕੁਝ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਛੇ ਕੁ ਮਹੀਨੇ ਪਹਿਲਾਂ ਵੀ ਕੁੱਟਮਾਰ ਦਾ ਮਾਮਲਾ ਥਾਣੇ ਪਹੁੰਚਿਆ ਸੀ, ਉਦੋਂ ਵੀ ਮੋਹਤਬਰ ਵਿਅਕਤੀਆਂ ਨੇ ਫੈਸਲਾ ਕਰਵਾਇਆ ਸੀ।
ਪੁਲਸ ਨੇ ਦਰਜ ਕੀਤਾ ਮਾਮਲਾ, ਦੋਸ਼ੀ ਫਰਾਰ
ਘਟਨਾ ਸਥਾਨ 'ਤੇ ਪਹੁੰਚੇ ਏ. ਐੱਸ. ਆਈ. ਪਰਗਟ ਸਿੰਘ ਨੇ ਦੱਸਿਆ ਕਿ ਪੀੜਤ ਮਨਦੀਪ ਕੌਰ ਦੇ ਬਿਆਨਾਂ 'ਤੇ ਪੁਲਸ ਨੇ ਸਹੁਰੇ ਮਲਕੀਤ ਸਿੰਘ ਪੁੱਤਰ ਡੋਗਰ ਸਿੰਘ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸੰਦੀਪ ਸਿੰਘ ਪੁੱਤਰ ਗੁਰਦੀਪ ਅਤੇ ਉਸ ਦੀ ਪਤਨੀ ਅਨੀਤਾ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਜਦਕਿ ਖਬਰ ਲਿਖੇ ਜਾਣ ਤੱਕ ਮੁਲਜ਼ਮ ਫਰਾਰ ਹੋਣ ਕਰਕੇ ਪੁਲਸ ਹੱਥ ਨਹੀਂ ਲੱਗੇ।