ਸਹੁਰੇ ਪਰਿਵਾਰ ਦੀ ਘਟੀਆ ਕਰਤੂਤ, ਵਿਆਹੁਤਾ ਦੀ ਕੁੱਟਮਾਰ ਕਰਕੇ ਨਹਾਉਂਦੇ ਸਮੇਂ ਜੇਠਾਣੀ ਨੇ ਖਿੱਚੀਆਂ ਤਸਵੀਰਾਂ
Tuesday, Dec 12, 2017 - 06:31 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਵਿਆਹੁਤਾ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਤਹਿਤ ਪੁਲਸ ਨੇ ਪਤੀ, ਸੱਸ ਤੇ ਜੇਠਾਣੀ ਖਿਲਾਫ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਕਿਰਨਦੀਪ ਕੌਰ ਪੁੱਤਰੀ ਜੋਗਿੰਦਰਪਾਲ ਵਾਸੀ ਡਿੰਗਰੀਆਂ ਥਾਣਾ ਬਹਿਰਾਮ ਨੇ ਦੱਸਿਆ ਕਿ ਉਸ ਦਾ ਵਿਆਹ ਅਗਸਤ, 2016 ਨੂੰ ਜਸਵਿੰਦਰ ਸਿੰਘ ਪੁੱਤਰ ਸਵ. ਰੇਸ਼ਮ ਲਾਲ ਵਾਸੀ ਪਿੰਡ ਡੱਲਾ ਤਹਿਸੀਲ ਫਿਲੌਰ ਜ਼ਿਲਾ ਜਲੰਧਰ ਹਾਲ ਵਾਸੀ ਭੁੱਲਾ ਰਾਈ (ਫਗਵਾੜਾ) ਨਾਲ ਹੋਇਆ ਸੀ। ਵਿਆਹ 'ਤੇ ਉਸ ਦੇ ਮਾਪਿਆਂ ਨੇ ਆਪਣੀ ਹੈਸੀਅਤ ਤੋਂ ਵੱਧ ਖਰਚਾ ਕੀਤਾ ਸੀ ਅਤੇ ਦਾਜ 'ਚ ਸਮਰੱਥਾ ਅਨੁਸਾਰ ਗਹਿਣੇ ਅਤੇ ਹੋਰ ਘਰੇਲੂ ਸਾਮਾਨ ਦਿੱਤਾ ਸੀ ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਸੁਹਰੇ ਪਰਿਵਾਰ ਵੱਲੋਂ ਦਾਜ ਲਿਆਉਣ ਲਈ ਤੰਗ-ਪਰੇਸ਼ਾਨ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ।
ਉਕਤ ਸ਼ਿਕਾਇਤ ਦੀ ਜਾਂਚ ਕਰਦੇ ਹੋਏ ਡੀ. ਐੱਸ. ਪੀ. ਬੰਗਾ ਨੇ ਦੱਸਿਆ ਕਿ ਜਾਂਚ 'ਚ ਸਾਹਮਣੇ ਆਇਆ ਹੈ ਕਿ ਨਾ ਸਿਰਫ ਵਿਆਹੁਤਾ ਦੇ ਚਰਿੱਤਰ 'ਤੇ ਸ਼ੱਕ ਕਰਕੇ ਉਸ ਨੂੰ ਤੰਗ ਕੀਤਾ ਜਾ ਰਿਹਾ ਸੀ ਸਗੋਂ ਨਹਾਉਂਦੇ ਸਮੇਂ ਉਸ ਦੀ ਜੇਠਾਣੀ ਵੱਲੋਂ ਮੋਬਾਇਲ 'ਤੇ ਫੋਟੋ ਖਿੱਚਣ ਦੀ ਗੱਲ ਵੀ ਸਾਹਮਣੇ ਆਈ ਹੈ। ਥਾਣਾ ਬਹਿਰਾਮ ਦੀ ਪੁਲਸ ਨੇ ਵਿਆਹੁਤਾ ਦੇ ਪਤੀ ਜਸਵਿੰਦਰ ਸਿੰਘ ਪੁੱਤਰ ਸਵ. ਰੇਸ਼ਮ ਲਾਲ, ਸੱਸ ਬਲਵੀਰ ਕੌਰ ਅਤੇ ਜੇਠਾਣੀ ਰਣਦੀਪ ਕੌਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।