ਪਤੀ ਦੀ ਮੌਤ ਤੋਂ ਬਾਅਦ ਚਚੇਰਾ ਭਰਾ ਕਰਨਾ ਚਾਹੁੰਦਾ ਸੀ ਜ਼ਮੀਨੀ ਕਬਜ਼ਾ, ਸਾਜਿਸ਼ ਸਫਲ ਨਾ ਹੋਈ ਤਾਂ ਕਰ ''ਤਾ ਇਹ ਕਾਰਾ
Saturday, Sep 09, 2017 - 07:04 PM (IST)
ਝਬਾਲ/ ਬੀੜ ਸਾਹਿਬ(ਹਰਬੰਸ ਲਾਲੂਘੁੰਮਣ, ਬਖਤਾਵਰ, ਭਾਟੀਆ)— ਪਿੰਡ ਪੰਡੋਰੀ ਰਣ ਸਿੰਘ ਵਾਸੀ ਇਕ ਵਿਧਵਾ ਦੀ ਘਰ 'ਚ ਦਾਖਲ ਹੋ ਕੇ ਕੁੱਟਮਾਰ ਕਰਕੇ ਜ਼ਖਮੀ ਕਰਨ ਦੇ ਦੋਸ਼ 'ਚ ਥਾਣਾ ਝਬਾਲ ਦੀ ਪੁਲਸ ਨੇ ਤਿੰਨ ਔਰਤਾਂ ਸਮੇਤ 6 ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਸਰਕਾਰੀ ਹਸਪਤਾਲ ਝਬਾਲ ਵਿਖੇ ਜ਼ੇਰੇ ਇਲਾਜ ਵਿਧਵਾ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਹਰਜੀਤ ਸਿੰਘ ਦੀ ਮੌਤ ਤੋਂ ਬਾਅਦ ਪਤੀ ਦਾ ਚਚੇਰਾ ਭਰਾ ਰਣਜੀਤ ਸਿੰਘ ਉਸ ਦੀ 26 ਕਨਾਲ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਜਿਸ ਦੇ ਚਲਦਿਆਂ ਰਣਜੀਤ ਸਿੰਘ ਵੱਲੋਂ ਜਿੱਥੇ ਉਸ ਨੂੰ ਪਹਿਲਾਂ ਕਈ ਤਰ੍ਹਾਂ ਦੇ ਕੋਰਟ ਕੇਸਾਂ 'ਚ ਉਲਝਾ ਕੇ ਰੱਖਿਆ, ਉਥੇ ਹੀ ਜਦੋਂ ਉਸ ਦੀ ਕੋਈ ਚਾਲ ਸਫਲ ਨਾ ਹੋਈ ਤਾਂ ਉਸ ਨੇ ਉਸ ਨੂੰ ਘਰ ਆ ਕੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਪਰਮਜੀਤ ਕੌਰ ਨੇ ਦੱਸਿਆ ਕਿ ਬੀਤੀ 8 ਸਤੰਬਰ ਦੀ ਰਾਤ ਨੂੰ ਰਣਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਉਸ ਦੇ ਘਰ ਦਾਖਲ ਹੋ ਕਿ ਜਿੱਥੇ ਉਸ ਦੀ ਭਾਰੀ ਕੁੱਟਮਾਰ ਕੀਤੀ, ਉਥੇ ਹੀ ਉਸ ਨਾਲ ਆਏ ਲੋਕਾਂ ਵੱਲੋਂ ਉਸ ਦੇ ਗੱਲ 'ਚ ਚੁੰਨੀ ਪਾ ਕੇ ਧੂ-ਘੜੀਸ ਕਰਦਿਆਂ ਜ਼ਮੀਨ ਛੱਡ ਦੇਣ ਲਈ ਧਮਕਾਇਆ ਵੀ ਗਿਆ। ਉਸ ਨੇ ਦੱਸਿਆ ਕਿ ਮੌਕੇ 'ਤੇ ਪੁੱਜੇ ਸੁੱਖਾ ਸਿੰਘ ਪੁੱਤਰ ਸ਼ਮੀਰ ਸਿੰਘ ਨੇ ਦੋਸ਼ੀਆਂ ਦੀ ਚੁੰਗਲ 'ਚੋਂ ਉਸ ਨੂੰ ਛੁਡਵਾਇਆ ਅਤੇ ਰੌਲਾ ਪਾਉਣ 'ਤੇ ਦੋਸ਼ੀ ਫਰਾਰ ਹੋ ਗਏ। ਇਸ ਮੌਕੇ ਸ਼ੁਬੇਗ ਸਿੰਘ, ਗੁਰਦੀਪ ਸਿੰਘ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਜ਼ਖਮੀ ਹਾਲਤ 'ਚ ਪਰਮਜੀਤ ਕੌਰ ਨੂੰ ਸਰਕਾਰੀ ਹਸਪਤਾਲ ਝਬਾਲ ਵਿਖੇ ਲਿਆਂਦਾ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਥਾਣਾ ਮੁੱਖੀ ਝਬਾਲ ਇੰਸਪੈਕਟਰ ਹਰਿਤ ਸ਼ਰਮਾ ਦਾ ਕਹਿਣਾ ਹੈ ਕਿ ਪਰਮਜੀਤ ਕੌਰ ਦੀ ਮੈਡੀਕਲ ਰਿਪੋਰਟ ਅਤੇ ਬਿਆਨਾਂ ਦੇ ਆਧਾਰ 'ਤੇ ਰਣਜੀਤ ਸਿੰਘ ਪੁੱਤਰ ਬੰਤਾਂ ਸਿੰਘ, ਸੁੱਖ ਪੁੱਤਰ ਰਣਜੀਤ ਸਿੰਘ, ਵੀਰ ਕੌਰ ਪਤਨੀ ਰਣਜੀਤ ਸਿੰਘ, ਸੁੱਖ ਦੀ ਪਤਨੀ, ਅਵਤਾਰ ਸਿੰਘ ਉਰਫ ਬੂਰਾ ਪੁੱਤਰ ਬੰਤਾ ਸਿੰਘ, ਸੁਖਵਿੰਦਰ ਕੌਰ ਪਤਨੀ ਅਵਤਾਰ ਸਿੰਘ ਵਿਰੋਧ ਮੁਕੱਦਮਾਂ ਨੰਬਰ 138 ਜੇਰੇ ਧਾਰਾ 323,324,452,506, 148,149 ਆਈ. ਪੀ. ਸੀ. ਤਹਿਤ ਦਰਜ ਕਰਕੇ ਅਗਲੇਰੀ ਤਫਤੀਸ਼ ਏ. ਐੱਸ. ਆਈ. ਬਲਜੀਤ ਸਿੰਘ ਨੂੰ ਸੌਂਪੀ ਗਈ ਹੈ, ਜਦਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
