ਨਾਬਾਲਗ ਪੁੱਤ ਨਾਲ ਵਿਆਹ ਕਰਨ ਤੇ ਦਾਜ ਲਈ ਨੂੰਹ ਨੂੰ ਤੰਗ ਕਰਨ ਵਾਲੀ ਸੱਸ ਗ੍ਰਿਫ਼ਤਾਰ

2/23/2021 2:05:48 PM

ਦੀਨਾਨਗਰ (ਕਪੂਰ) : ਇੱਥੇ ਇਕ ਵਿਆਹੁਤਾ ਦੀ ਸ਼ਿਕਾਇਤ ’ਤੇ ਦੀਨਾਨਗਰ ਪੁਲਸ ਨੇ ਨਾਬਾਲਗ ਮੁੰਡੇ ਨਾਲ ਵਿਆਹ ਕਰਨ ਅਤੇ ਦਾਜ ਲਈ ਤੰਗ-ਪਰੇਸ਼ਾਨ ਕਰਨ ਖ਼ਿਲਾਫ਼ 7 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ ਅਤੇ ਇਸ ਦੇ ਨਾਲ ਹੀ ਸੱਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਵਿਆਹੁਤਾ ਆਰਤੀ ਪੁੱਤਰੀ ਪਰਮਜੀਤ ਸਿੰਘ ਵਾਸੀ ਪਿੰਡ ਕੌਂਟਾ ਨੇ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਨੂੰ 20-10-2020 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ ਮਲਕੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਰਾਂਝੇ ਦੇ ਕੋਠੇ ਦੇ ਨਾਲ 4-11-2018 ਨੂੰ ਹੋਇਆ ਸੀ।

ਵਿਆਹ ਦੇ ਸਮੇਂ ਮਾਤਾ-ਪਿਤਾ ਨੇ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ ਪਰ ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਦੀ ਉਮਰ 15 ਸਾਲ 4 ਮਹੀਨੇ ਹੈ ਅਤੇ ਉਸ ਦੇ ਸਹੁਰੇ ਵਾਲੇ ਉਸ ਨੂੰ ਦਾਜ ਘੱਟ ਲਿਆਉਣ ਦੇ ਲਈ ਪਰੇਸ਼ਾਨ ਕਰਨ ਲੱਗੇ। ਇਸ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਦੀਨਾਨਗਰ ਵੱਲੋਂ ਕਰਨ ਤੋਂ ਬਾਅਦ 19 ਜਨਵਰੀ, 2021 ਨੂੰ ਦੋਸ਼ੀ ਪਤੀ ਮਲਕੀਤ ਸਿੰਘ, ਜੇਠ ਮਨਜੀਤ ਸਿੰਘ, ਨਨਾਣ ਜੋਤੀ, ਸੱਸ ਦਲਬੀਰ ਕੌਰ, ਸਹੁਰਾ ਦਲਬੀਰ ਸਿੰਘ, ਚਾਚਾ ਸਹੁਰਾ ਰਾਜ ਕੁਮਾਰ ਅਤੇ ਚਾਚੀ ਸੱਸ ਭੋਲਾ ਸਾਰੇ ਵਾਸੀ ਰਾਂਝੇ ਦੇ ਕੋਠੇ ਦੇ ਖ਼ਿਲਾਫ਼ ਚਾਈਲਡ ਐਕਟ ਅਧੀਨ ਕੇਸ ਦਰਜ ਕੀਤਾ ਗਿਆ। ਪੁਲਸ ਨੇ ਸੱਸ ਦਲਬੀਰ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ ਹੋਰ ਦੋਸ਼ੀ ਪੁਲਸ ਦੀ ਪਕੜ ਤੋਂ ਬਾਹਰ ਹਨ।
 


Babita

Content Editor Babita