ਔਰਤ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

Thursday, Aug 01, 2024 - 01:29 PM (IST)

ਔਰਤ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ’ਚ ਇਕ ਔਰਤ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਅਦਾਲਤ ਨੇ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਰਹਿਣ ਵਾਲੇ ਅਰਜੁਨ ਉਰਫ਼ ਬਾਰੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਅਰਜੁਨ ’ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਕਾਤਲ ਅਰਜੁਨ ਅਤੇ ਮ੍ਰਿਤਕ ਔਰਤ ਦੀਪਾ ਇਕੋ ਪਿੰਡ ਦੇ ਰਹਿਣ ਵਾਲੇ ਸਨ। ਅਰਜੁਨ ਔਰਤ ਨੂੰ ਲਾਲਚ ਦੇ ਕੇ ਚੰਡੀਗੜ੍ਹ ਲੈ ਆਇਆ ਸੀ। ਇਹ ਮਾਮਲਾ 21 ਜਨਵਰੀ 2019 ਦਾ ਹੈ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਰਜੁਨ ਨੇ ਦੀਪਾ ਨੂੰ ਆਪਣੀ ਪਤਨੀ ਦੱਸ ਕੇ ਮਨੀਮਾਜਰਾ ਦੇ ਸ਼ਾਂਤੀਨਗਰ ’ਚ ਮਕਾਨ ਕਿਰਾਏ ’ਤੇ ਲਿਆ ਹੋਇਆ ਸੀ। ਉਸ ਦੇ ਨਾਲ ਇਕ ਬੱਚਾ ਵੀ ਸੀ। 5 ਫਰਵਰੀ 2019 ਨੂੰ ਰਾਤ 11.30 ਵਜੇ ਦੇ ਕਰੀਬ ਲੋਕਾਂ ਨੇ ਮਕਾਨ ਮਾਲਕ ਨੂੰ ਕਮਰੇ ’ਚੋਂ ਬਦਬੂ ਆਉਣ ਦੀ ਸੂਚਨਾ ਦਿੱਤੀ ਸੀ। ਮਕਾਨ ਮਾਲਕ ਮਹਿੰਦਰ ਨੇ ਦੱਸਿਆ ਕਿ ਜਦੋਂ ਉਹ ਕਮਰੇ ’ਚ ਦਾਖਲ ਹੋਇਆ ਤਾਂ ਦੀਪਾ ਦੀ ਲਾਸ਼ ਜ਼ਮੀਨ ’ਤੇ ਪਈ ਸੀ, ਜਿਸ ’ਤੇ ਰਜਾਈ ਪਾਈ ਹੋਈ ਸੀ।

ਦਰਵਾਜ਼ਾ ਬੰਦ ਨਹੀਂ ਸੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸੈਕਟਰ-16 ਜੀ.ਐੱਮ.ਐੱਸ.ਐੱਚ. ਵਿਚ ਰਖਵਾ ਦਿੱਤਾ ਸੀ। ਦੀਪਾ ਦੇ ਨੱਕ ਅਤੇ ਮੂੰਹ ’ਤੇ ਖੂਨ ਦੇ ਨਿਸ਼ਾਨ ਸਨ ਅਤੇ ਉਸ ਦਾ ਸਰੀਰ ਵੀ ਨੀਲਾ ਹੋ ਚੁੱਕਾ ਸੀ। ਗਰਦਨ ’ਤੇ ਵੀ ਨਿਸ਼ਾਨ ਸਨ। ਮਨੀਮਾਜਰਾ ਥਾਣਾ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਅਰਜੁਨ ਨੇ ਮ੍ਰਿਤਕ ਦੀਪਾ ਨੂੰ ਵਰਗਲਾ ਕੇ ਆਪਣੇ ਨਾਲ ਲੈ ਲਿਆ ਸੀ। ਇਸ ਤੋਂ ਪਹਿਲਾਂ ਵੀ 2015 ’ਚ ਦੀਪਾ ਨਾਬਾਲਗ ਹੋਣ ’ਤੇ ਉਸ ਨੂੰ ਆਪਣੇ ਨਾਲ ਲੈ ਗਿਆ ਸੀ। ਦੀਪਾ ਦੇ ਪਿਤਾ ਨੇ ਉੱਥੇ ਹੀ ਯੂ.ਪੀ. ਵਿਚ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 

ਇਸ ਤੋਂ ਬਾਅਦ ਉਹ ਜੇਲ੍ਹ ਵਿਚ ਸੀ ਪਰ ਜੇਲ੍ਹ ਤੋਂ ਆ ਕੇ ਉਸ ਨੇ ਦੀਪਾ ਨਾਲ ਦੁਬਾਰਾ ਸੰਪਰਕ ਕੀਤਾ। ਦੀਪਾ ਦਾ ਵਿਆਹ ਹੋ ਗਿਆ ਸੀ ਪਰ ਇਸ ਤੋਂ ਬਾਅਦ ਵੀ ਉਹ ਉਸ ਨੂੰ ਆਪਣੇ ਨਾਲ ਚੰਡੀਗੜ੍ਹ ਲੈ ਆਇਆ। ਇੱਥੇ ਦੋਵਾਂ ਨੇ ਆਪਣੇ ਆਪ ਨੂੰ ਪਤੀ-ਪਤਨੀ ਦੱਸ ਕੇ ਕਮਰਾ ਲਿਆ ਹੋਇਆ ਸੀ। ਇੱਥੇ ਰਹਿਣ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਅਰਜੁਨ ਦੀਪਾ ਦਾ ਕਤਲ ਕਰਕੇ ਫਰਾਰ ਹੋ ਗਿਆ ਸੀ। ਮਨੀਮਾਜਰਾ ਥਾਣੇ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਕ੍ਰਿਸ਼ਨ ਪਾਲ ਦੀ ਸ਼ਿਕਾਇਤ ’ਤੇ ਅਰਜੁਨ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ।


author

Gurminder Singh

Content Editor

Related News