ਨੌਜਵਾਨ ਔਰਤ ਦੇ ਗਲੇ ''ਚੋਂ ਚੈਨੀ ਝਪਟ ਕੇ ਹੋਇਆ ਫਰਾਰ

Tuesday, Nov 14, 2017 - 03:08 PM (IST)

ਨੌਜਵਾਨ ਔਰਤ ਦੇ ਗਲੇ ''ਚੋਂ ਚੈਨੀ ਝਪਟ ਕੇ ਹੋਇਆ ਫਰਾਰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸ਼ਹਿਰ 'ਚ ਗਲੇ ਅਤੇ ਕੰਨਾਂ 'ਚੋਂ ਚੈਨੀਆ ਤੇ ਵਾਲੀਆਂ ਖੋਹਣ ਵਾਲੇ ਲੁੱਟੇਰਿਆਂ ਕਾਰਨ ਪਹਿਲਾ ਤਾਂ ਔਰਤਾਂ ਅਤੇ ਲੜਕੀਆਂ ਬਾਜਾਰਾਂ /ਗਲੀਆਂ ਵਿਚ ਹੀ ਆਪਣੇ -ਆਪ ਨੂੰ ਅਸੁਰੱਖਿਅਤ ਸਮਝਦੀਆਂ ਸਨ ਪਰ ਹੁਣ ਤਾਂ ਉਹ ਆਪਣੇ ਘਰਾਂ ਦੀ ਚਾਰ ਦੀਵਾਰੀ 'ਚ ਵੀ ਸੁਰੱਖਿਅਤ ਨਹੀਂ ਹਨ, ਜਿਸ ਦੀ ਤਾਜ਼ਾ ਉਦਾਹਰਣ ਸਥਾਨਕ ਠੇਕੇ ਵਾਲੀ ਗਲੀ 'ਚ ਇਕ ਨੌਜਵਾਨ ਵੱਲੋਂ ਘਰ 'ਚ ਬੈਠੀ ਔਰਤ ਦੀ ਸੋਨੇ ਦੀ ਚੈਨੀ ਝਪਟ ਕੇ ਫਰਾਰ ਹੋਣ ਤੋਂ ਮਿਲਦੀ ਹੈ। ਹਲਾਂਕਿ ਲੋਕਾਂ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ ਪਰ ਉਹ ਕਿਸੇ ਦੇ ਹੱਥ ਨਹੀਂ ਆਇਆ ਅਤੇ ਫਰਾਰ ਹੋ ਗਿਆ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਠੇਕੇ ਵਾਲੀ ਗਲੀ ਨਿਵਾਸੀ ਉਸ਼ਾ ਰਾਣੀ ਦਾਬੜਾ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਹੀ ਮੌਜੂਦ ਸੀ ਤੇ ਉਸ ਦਾ ਬੇਟਾ ਖਾਣਾ ਖਾ ਰਿਹਾ ਸੀ। ਕਰੀਬ ਸਵਾ ਚਾਰ ਵਜੇ ਉਨ੍ਹਾਂ ਦੇ ਘਰ ਦੀ ਘੰਟੀ ਵੱਜੀ ਅਤੇ ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਇਕ ਨੌਜਵਾਨ ਖੜਾ ਸੀ , ਜਿਸ ਨੇ ਪੁੱਛਿਆ ਕਿ ਮੇਰੀ ਮਾਤਾ ਤੁਹਾਡੇ ਘਰ ਕੰਮ ਕਰਕੇ ਚੱਲੀ ਗਈ ਜਾਂ ਨਹੀਂ। ਉਸ਼ਾ ਰਾਣੀ ਨੇ ਨੌਜਵਾਨ ਨੂੰ ਕਿਹਾ ਕਿ ਉਨ੍ਹਾਂ ਦੇ ਘਰ ਤਾਂ ਕੋਈ ਵੀ ਕੰਮ ਨਹੀਂ ਕਰਦਾ। ਇਨਾਂ ਕਹਿ ਕੇ ਜਦੋਂ ਉਹ ਵਾਪਸ ਜਾਣ ਲੱਗੀ ਤਾਂ ਪਿੱਛੋਂ ਨੌਜਵਾਨ ਨੇ ਉਸ ਦੇ ਗਲੇ 'ਚ ਪਾਈ ਹੋਈ ਚੈਨੀ ਝਪਟ ਲਈ ਅਤੇ ਫਰਾਰ ਹੋ ਗਿਆ। ਉਸ ਦਾ ਬੇਟਾ ਅਤੇ ਗਲੀ ਦੇ ਹੋਰ ਲੋਕਾਂ ਨੇ ਉਸ ਦਾ ਪਿੱਛਾ ਵੀ ਕੀਤਾ ਪਰ ਉਹ ਗਲੀਆਂ 'ਚੋਂ ਦੀ ਹੁੰਦਾ ਹੋਇਆ ਸਟੇਸ਼ਨ ਵੱਲ ਭੱਜਣ 'ਚ ਸਫ਼ਲ ਹੋ ਗਿਆ। ਉਸ਼ਾ ਰਾਣੀ ਨੇ ਇਸ ਸਬੰਧੀ ਥਾਣਾ ਸਿਟੀ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।


Related News