ਘਰ ''ਚ ਖੁਸ਼ੀਆਂ ਆਉਣ ਤੋਂ ਪਹਿਲਾਂ ਹੀ ਛਾਇਆ ਮਾਤਮ, ਦੁੱਖਾਂ ''ਚ ਡੁੱਬਾ ਪਰਿਵਾਰ

07/24/2017 7:39:17 PM

ਭੀਖੀ (ਤਾਇਲ) : ਬੀਤੀ ਰਾਤ ਸਥਾਨਕ ਸਿਵਲ ਹਸਪਤਾਲ ਵਿਚ ਜਣੇਪੇ ਲਈ ਦਾਖਲ ਹੋਈ ਔਰਤ ਦੀ ਜਣੇਪੇ ਤੋਂ ਬਾਦ ਮੌਤ ਹੋ ਗਈ। ਜਿਸ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਵੱਲੋਂ ਹਸਪਤਾਲ ਵਿਖੇ ਡਾਕਟਰਾਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤਕਰੀਬਨ 9 ਵਜੇ ਵਾਰਡ ਨੰ . 1 ਵਾਸੀ ਸੋਨੀਆ (25) ਪਤਨੀ ਵਿਕਰਮ ਕੁਮਾਰ ਨੂੰ ਜਣੇਪੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਨੂੰ ਦਾਖਲ ਕਰਕੇ ਇਲਾਜ ਸ਼ੁਰੂ ਕੀਤਾ ਗਿਆ। ਸੋਮਵਾਰ ਸਵੇਰੇ 4:35 ਵਜੇ ਸੋਨੀਆ ਨੇ ਇਕ ਤੰਦਰੁਸਤ ਲੜਕੇ ਨੂੰ ਜਨਮ ਦਿੱਤਾ। ਕਰੀਬ ਇਕ ਘੰਟੇ ਬਾਅਦ ਜੱਚਾ ਨੂੰ ਖੂਨ ਪੈਣਾ ਸ਼ੁਰੂ ਹੋ ਗਿਆ ਜਿਸਨੂੰ ਹਾਜ਼ਰ ਡਾਕਟਰਾਂ ਅਤੇ ਨਰਸਾਂ ਨੇ ਸੰਭਾਲਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਜੱਚਾ ਦੀ ਵਿਗੜਦੀ ਹਾਲਤ ਨੂੰ ਦੇਖ ਕੇ ਉਸਨੂੰ ਸਿਵਲ ਹਸਪਤਾਲ ਮਾਨਸਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸਦੀ ਮੌਤ ਹੋ ਗਈ। 
ਮੌਤ ਤੋਂ ਭੜਕੇ ਔਰਤ ਦੇ ਵਾਰਸਾਂ ਨੇ ਉਸਦੀ ਲਾਸ਼ ਨੂੰ ਮੁੜ ਭੀਖੀ ਸਿਵਲ ਹਸਪਤਾਲ 'ਚ ਲਿਆ ਕੇ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰੇ ਨੂੰ ਬਹੁਜਨ ਸਮਾਜ ਪਾਰਟੀ ਦੇ ਆਗੂ ਰਘੁਵੀਰ ਸਿੰਘ ਰਾਮਗੜ੍ਹੀਆ, ਆਤਮਾ ਸਿੰਘ ਪੁਮਾਰ ਅਤੇ ਰਜਿੰਦਰ ਕੁਮਾਰ ਭੀਖੀ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਦੋਸ਼ੀ ਡਾਕਟਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਇਸ ਸੰਬੰਧੀ ਜਦ ਹਸਪਤਾਲ 'ਚ ਮੌਜੂਦ ਡਾਕਟਰਾਂ ਅਤੇ ਸਟਾਫ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਣੇਪੇ ਸਮੇਂ ਜੱਚਾ ਅਤੇ ਬੱਚਾ ਬਿਲਕੁੱਲ ਠੀਕ ਸਨ ਅਤੇ ਜਣੇਪਾ ਵੀ ਨਾਰਮਲ ਹੋਇਆ ਹੈ ਪਰ ਖੂਨ ਦੀ ਸਮੱਸਿਆ ਤੋਂ ਬਾਅਦ ਇਸ ਹਸਪਤਾਲ 'ਚ ਖੂਨ ਦਾ ਪ੍ਰਬੰਧ ਨਾ ਹੋਣ ਕਰਕੇ ਮਰੀਜ਼ ਨੂੰ ਮਾਨਸਾ ਰੈਫਰ ਕੀਤਾ ਗਿਆ ਜਿੱਥੇ ਮਰੀਜ਼ ਦੀ ਮੌਤ ਹੋ ਗਈ। ਇਸ ਲਈ ਭੀਖੀ ਹਸਪਤਾਲ ਦੇ ਕਿਸੇ ਵੀ ਡਾਕਟਰ ਅਤੇ ਸਟਾਫ ਦੀ ਅਣਗਹਿਲੀ ਦੀ ਗੱਲ ਸਾਹਮਣੇ ਨਹੀਂ ਆਉਂਦੀ। 
ਧਰਨੇ ਦੌਰਾਨ ਪੁੱਜੇ ਡੀ.ਐੱਸ.ਪੀ. ਮਾਨਸਾ ਕਰਨਵੀਰ ਸਿੰਘ ਅਤੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਵਾਇਆ ਕਿ ਮ੍ਰਿਤਕ ਦਾ ਪੋਸਟਮਾਰਟਮ ਡਾਕਟਰਾਂ ਦੇ ਪੈਨਲ ਦੀ ਨਿਗਰਾਨੀ ਹੇਠ ਕਰਵਾਇਆ ਜਾਵੇਗਾ ਅਤੇ ਪੈਨਲ ਦੀ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਥਾਣਾ ਭੀਖੀ ਦੇ ਸਬ-ਇੰਸਪੈਕਟਰ ਬ੍ਰਿਜ ਮੋਹਨ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਮਾਨਸਾ ਲਿਜਾਇਆ ਜਾ ਰਿਹਾ ਹੈ।


Related News