ਦੋ ਪਤਨੀਆਂ ਦੇ ਪਤੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਨੇ ਚੱਕਰਾਂ ’ਚ ਪਾਈ ਪੁਲਸ
Tuesday, Jan 05, 2021 - 01:27 PM (IST)
ਲੁਧਿਆਣਾ (ਰਾਜ) : ਡਾਬਾ ਦੇ ਮੁਹੱਲਾ ਆਦਰਸ਼ ਕਾਲੋਨੀ ’ਚ ਰਹਿਣ ਵਾਲੇ ਪੰਡਿਤ ਪਵਨ ਜੋਸ਼ੀ (37) ਨੇ ਸ਼ੱਕੀ ਹਾਲਾਤ ’ਚ ਆਤਮਹੱਤਿਆ ਕਰ ਲਈ। ਉਸ ਨੇ ਦੋ ਵਿਆਹ ਕੀਤੇ ਹੋਏ ਸਨ। ਹੁਣ ਉਸ ਦੀਆਂ ਦੋਵੇਂ ਪਤਨੀਆਂ ਇਕ-ਦੂਜੇ ’ਤੇ ਦੋਸ਼ ਲਗਾ ਰਹੀਆਂ ਹਨ। ਇਕ ਪਤਨੀ ਨੇ ਥਾਣੇ ’ਚ ਸੁਸਾਈਡ ਨੋਟ ਦਿੱਤਾ ਹੈ ਕਿ ਇਹ ਉਸ ਦੇ ਪਤੀ ਨੇ ਮਰਨ ਤੋਂ ਪਹਿਲਾਂ ਲਿਖਿਆ ਸੀ, ਜਦੋਂ ਕਿ ਦੂਜੀ ਪਤਨੀ ਦਾ ਕਹਿਣਾ ਹੈ ਕਿ ਇਹ ਲਿਖਾਈ ਉਸ ਦੇ ਪਤੀ ਦੀ ਨਹੀਂ ਹੈ। ਹਾਲਾਂਕਿ, ਉਸ ’ਤੇ ਲਿਖਣ ਵਾਲੇ ਦੇ ਦਸਤਖਤ ਨਹੀਂ ਹਨ। ਲਿਹਾਜ਼ਾ, ਥਾਣਾ ਡਾਬਾ ਦੀ ਪੁਲਸ ਨੇ ਪਵਨ ਜੋਸ਼ੀ ਦੀ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਹੁਣ ਪੁਲਸ ਸੁਸਾਈਡ ਨੋਟ ਅਤੇ ਦੋਵਾਂ ਪਤਨੀਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਦਿਲ ਕੰਬਾਊ ਘਟਨਾ, ਵਿਆਹ ਤੋਂ ਪੰਜ ਦਿਨ ਪਹਿਲਾਂ ਲਾੜੀ ਨੇ ਪਰਿਵਾਰ ਸਮੇਤ ਕੀਤੀ ਖ਼ੁਦਕੁਸ਼ੀ
ਜਾਣਕਾਰੀ ਮੁਤਾਬਕ ਪਵਨ ਜੋਸ਼ੀ ਦੇ ਪਹਿਲੀ ਪਤਨੀ ਤੋਂ 3, ਜਦੋਂਕਿ ਦੂਜੀ ਤੋਂ 2 ਬੱਚੇ ਸਨ। ਦੋਵੇਂ ਵੱਖ-ਵੱਖ ਘਰਾਂ ’ਚ ਰਹਿੰਦੀਆਂ ਸਨ। ਪਵਨ ਕਦੇ ਪਹਿਲੀ ਪਤਨੀ ਤਾਂ ਕਦੇ ਦੂਜੀ ਦੇ ਕੋਲ ਜਾ ਕੇ ਰਹਿੰਦਾ ਸੀ। ਫਿਲਹਾਲ, ਇਨ੍ਹੀਂ ਦਿਨੀਂ ਉਹ ਆਪਣੀ ਦੂਜੀ ਪਤਨੀ ਦੇ ਨਾਲ ਰਹਿ ਰਿਹਾ ਸੀ। ਐਤਵਾਰ ਨੂੰ ਪਵਨ ਨੇ ਸ਼ੱਕੀ ਹਾਲਾਤ ’ਚ ਪਤਨੀ ਦੀ ਚੁੰਨੀ ਨਾਲ ਪੱਖੇ ਨਾਲ ਲਟਕ ਕੇ ਫਾਹ ਲੈ ਕੇ ਆਤਮਹੱਤਿਆ ਕਰ ਲਈ। ਘਟਨਾ ਵੇਲੇ ਉਸ ਦੀ ਪਤਨੀ ਬਾਜ਼ਾਰ ਗਈ ਹੋਈ ਸੀ। ਜਦੋਂ ਵਾਪਸ ਆਈ ਤਾਂ ਉਸ ਨੇ ਪਤੀ ਨੂੰ ਲਟਕਦੇ ਵੇਖਿਆ। ਉਸ ਨੇ ਰੌਲਾ ਪਾ ਕੇ ਆਂਢ-ਗੁਆਂਢ ਨੂੰ ਬੁਲਾਇਆ ਅਤੇ ਪਵਨ ਨੂੰ ਹੇਠਾਂ ਉਤਾਰ ਕੇ ਨੇੜਲੇ ਹਸਪਤਾਲ ’ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪਟਿਆਲਾ ’ਚ ਬੱਸ ਸਟੈਂਡ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਜਾਂਚ ਅਧਿਕਾਰੀ ਏ. ਐੱਸ. ਆਈ. ਮੀਤ ਰਾਮ ਨੇ ਦੱਸਿਆ ਕਿ ਪਵਨ ਦੀ ਮੌਤ ਤੋਂ ਬਾਅਦ ਦੋਵੇਂ ਪਤਨੀਆਂ ਇਕ-ਦੂਜੀ ’ਤੇ ਦੋਸ਼ ਲਾ ਰਹੀਆਂ ਹਨ। ਪਹਿਲੀ ਪਤਨੀ ਨੇ ਪੁਲਸ ਨੂੰ ਇਕ ਪੇਜ ਦਾ ਸੁਸਾਈਡ ਨੋਟ ਦਿੱਤਾ ਹੈ, ਉਸ ਦਾ ਦਾਅਵਾ ਹੈ ਕਿ ਇਹ ਉਸ ਨੂੰ ਘਰ ’ਚੋਂ ਮਿਲਿਆ ਹੈ। ਜਿਸ ’ਚ ਉਸ ਨੇ ਦੂਜੀ ਪਤਨੀ ਦੇ ਪਰਿਵਾਰ ਵਾਲਿਆਂ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਪੁਲਸ ਦਾ ਕਹਿਣਾ ਹੈ ਕਿ ਜਿਸ ਪੇਜ ’ਤੇ ਸੁਸਾਈਡ ਨੋਟ ਲਿਖਿਆ ਹੈ, ਉਸ ’ਤੇ ਕਿਸੇ ਦੇ ਦਸਤਖਤ ਨਹੀਂ ਹਨ। ਜਦੋਂ ਕਿ ਦੂਜੀ ਪਤਨੀ ਦਾ ਦੋਸ਼ ਹੈ ਕਿ ਨੋਟ ’ਤੇ ਲਿਖਾਈ ਪਵਨ ਦੀ ਨਹੀਂ ਹੈ। ਫਿਲਹਾਲ, ਪੁਲਸ ਦੋਵਾਂ ਔਰਤਾਂ ਦੇ ਬਿਆਨਾਂ ਨੂੰ ਲੈ ਕੇ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਹੋਏ ਸੁਖਬੀਰ ਸਿੰਘ ਬਾਦਲ!