28 ਸਾਲ ਬਾਅਦ ਪੰਜਾਬ 'ਚ ਭਾਜਪਾ ਦੇ ਹੱਥ ਰਹੇ ਖਾਲੀ, ਵੋਟਾਂ ਖਿੱਚਣ ਦੇ ਮਾਮਲੇ 'ਚ ਅਕਾਲੀ ਦਲ ਨੂੰ ਪਛਾੜਿਆ

06/05/2024 8:10:49 AM

ਚੰਡੀਗੜ੍ਹ (ਹਰੀਸ਼)- ਪੰਜਾਬ ’ਚ ਭਾਜਪਾ ਇਸ ਗੱਲ ਦਾ ਮਾਣ ਕਰ ਸਕਦੀ ਹੈ ਕਿ ਸੂਬੇ ’ਚ ਉਸ ਦੀ ਵੋਟ ਪ੍ਰਤੀਸ਼ਤਤਾ ਵਧ ਕੇ ਤੀਜੇ ਨੰਬਰ ’ਤੇ ਪਹੁੰਚ ਗਈ ਹੈ ਪਰ 28 ਸਾਲਾਂ ਬਾਅਦ ਆਪਣਾ ਖਾਤਾ ਨਾ ਖੁੱਲ੍ਹਣਾ ਉਸ ਲਈ ਬਹੁਤ ਵੱਡਾ ਝਟਕਾ ਹੈ। ਇਸ ਤੋਂ ਪਹਿਲਾਂ 1996 ’ਚ ਭਾਜਪਾ ਨੂੰ ਇਕ ਵੀ ਸੀਟ ਨਹੀਂ ਸੀ ਮਿਲੀ। ਹਾਲਾਂਕਿ ਇਸ ਤੋਂ ਬਾਅਦ ਅਕਾਲੀ ਦਲ ਨਾਲ ਗੱਠਜੋੜ ਕਰ ਕੇ ਲੋਕ ਸਭਾ ’ਚ ਇਸ ਦੀ ਮੌਜੂਦਗੀ ਹਮੇਸ਼ਾ ਬਣੀ ਰਹੀ। 1998 ’ਚ 3 ਸੀਟਾਂ ’ਤੇ ਚੋਣ ਜਿੱਤਣ ’ਚ ਸਫਲ ਰਿਹਾ। ਉਦੋਂ ਭਾਜਪਾ ਦੇ ਸੂਬਾ ਪ੍ਰਧਾਨ ਦਇਆ ਸਿੰਘ ਸੋਢੀ ਅੰਮ੍ਰਿਤਸਰ ਤੋਂ ਤੇ ਕਮਲ ਚੌਧਰੀ ਹੁਸ਼ਿਆਰਪੁਰ ਤੋਂ ਜਿੱਤੇ ਸਨ। ਇਸ ਦੇ ਨਾਲ ਹੀ ਅਦਾਕਾਰ ਵਿਨੋਦ ਖੰਨਾ ਵੀ ਗੁਰਦਾਸਪੁਰ ਤੋਂ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਗਏ ਸਨ।

ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਨੇ ਬਚਾਇਆ ਕਾਂਗਰਸ ਦਾ ਕਿਲ੍ਹਾ! ਲੁਧਿਆਣਾ 'ਚ ਬਿੱਟੂ ਨੂੰ 20 ਹਜ਼ਾਰ ਵੋਟਾਂ ਨਾਲ ਦਿੱਤੀ ਸ਼ਿਕਸਤ

1999 ’ਚ ਪੰਜਾਬ ਤੋਂ ਵਿਨੋਦ ਖੰਨਾ ਦੇ ਰੂਪ ’ਚ ਸਿਰਫ਼ ਇਕ ਭਾਜਪਾ ਸੰਸਦ ਮੈਂਬਰ ਲੋਕ ਸਭਾ ’ਚ ਪੁੱਜਾ ਸੀ। 2004 ’ਚ ਇਸ ਦੇ 3 ਮੈਂਬਰ ਲੋਕ ਸਭਾ ਚੋਣ ਜਿੱਤ ਗਏ ਸਨ। ਵਿਨੋਦ ਖੰਨਾ ਨੇ ਫਿਰ ਇਹ ਸੀਟ ਬਰਕਰਾਰ ਰੱਖੀ ਜਦਕਿ ਕ੍ਰਿਕਟਰ ਨਵਜੋਤ ਸਿੱਧੂ ਅੰਮ੍ਰਿਤਸਰ ਤੋਂ ਜਿੱਤੇ ਤੇ ਅਵਿਨਾਸ਼ ਰਾਏ ਖੰਨਾ ਪਹਿਲੀ ਵਾਰ ਹੁਸ਼ਿਆਰਪੁਰ ਤੋਂ ਚੋਣ ਜਿੱਤੇ ਸਨ ਪਰ 2009 ’ਚ ਭਾਜਪਾ ਇਕ ਵਾਰ ਫਿਰ ਇਕ ਸੀਟ ਤੋਂ ਅੱਗੇ ਨਾ ਵਧ ਸਕੀ ਅਤੇ ਫਿਰ ਨਵਜੋਤ ਸਿੱਧੂ ਹੀ ਚੋਣ ਜਿੱਤੇ ਸਨ। 2014 ’ਚ ਵਿਨੋਦ ਖੰਨਾ ਗੁਰਦਾਸਪੁਰ ਤੋਂ ਤੇ ਵਿਜੇ ਸਾਂਪਲਾ ਪਹਿਲੀ ਵਾਰ ਹੁਸ਼ਿਆਰਪੁਰ ਤੋਂ ਲੋਕ ਸਭਾ ਪੁੱਜੇ ਜਦਕਿ 2019 ’ਚ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੇ ਅਦਾਕਾਰ ਸੰਨੀ ਦਿਓਲ ਗੁਰਦਾਸਪੁਰ ਤੋਂ ਚੋਣ ਜਿੱਤੇ ਸਨ।

ਤਾਜ਼ਾ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਇਕ ਵੀ ਸੀਟ ਨਾ ਮਿਲਣ ਪਿੱਛੇ ਕਿਸਾਨਾਂ ਦਾ ਵਿਰੋਧ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਰਾਮ ਮੰਦਰ ਦੀ ਉਸਾਰੀ ਵਰਗਾ ਮੁੱਦਾ ਵੀ ਇੱਥੇ ਪ੍ਰਫੁੱਲਤ ਨਹੀਂ ਹੋਇਆ। ਮੌਜੂਦਾ ਸੰਸਦ ਮੈਂਬਰ ਰਵਨੀਤ ਬਿੱਟੂ, ਪ੍ਰਨੀਤ ਕੌਰ ਤੇ ਸੁਸ਼ੀਲ ਰਿੰਕੂ ਵਰਗੇ ਹੋਰ ਪਾਰਟੀਆਂ ਦੇ ਆਗੂ ਵੀ ਭਾਜਪਾ ’ਚ ਸ਼ਾਮਲ ਹੋ ਕੇ ਆਪਣੀ ਤਾਕਤ ਨਹੀਂ ਦਿਖਾ ਸਕੇ।

ਇਹ ਖ਼ਬਰ ਵੀ ਪੜ੍ਹੋ - ਸਿਆਸੀ ਸਰਗਰਮੀਆਂ 'ਚ ਸ਼ਾਮਲ ਹੋਣ ਵਾਲੇ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਐਕਸ਼ਨ! ਫੇਸਬੁੱਕ ਪੋਸਟ ਵੇਖ ਕੀਤਾ ਸਸਪੈਂਡ

ਹਾਲਾਂਕਿ ਇਸ ਸਭ ਦਰਮਿਆਨ ਭਾਜਪਾ ਲਈ ਵੱਡੀ ਰਾਹਤ ਇਹ ਹੈ ਕਿ ਸੂਬੇ ’ਚ ਉਸ ਦੀ ਵੋਟ ਪ੍ਰਤੀਸ਼ਤਤਾ 18.5 ਦੇ ਆਸਪਾਸ ਹੋ ਗਈ ਹੈ। ਸਿਰਫ਼ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਹੀ ਇਸ ਤੋਂ ਵੱਧ ਵੋਟਾਂ ਮਿਲੀਆਂ ਹਨ, ਜੋ 26-26 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਕਰਨ ’ਚ ਕਾਮਯਾਬ ਰਹੀਆਂ। ਪਹਿਲੀ ਵਾਰ ਭਾਜਪਾ ਨੇ ਸਾਰੀਆਂ ਸੀਟਾਂ ’ਤੇ ਇਕੱਲਿਆਂ ਹੀ ਚੋਣਾਂ ਲੜੀਆਂ ਸਨ ਤੇ ਅਕਾਲੀ ਦਲ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ, ਜੋ ਖ਼ੁਦ 10 ਸੀਟਾਂ ’ਤੇ ਚੋਣ ਲੜਦਿਆ ਉਸ ਲਈ ਸਿਰਫ਼ 3 ਸੀਟਾਂ ਹੀ ਛੱਡਦਾ ਸੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿਰਫ਼ 13.5 ਫ਼ੀਸਦੀ ਵੋਟਾਂ ਮਿਲੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News