ਪਿਛਲੀਆਂ ਸਰਕਾਰਾਂ ਪੰਜਾਬ ਦੀਆਂ 3 ਪੀੜ੍ਹੀਆਂ ਖਾ ਗਈਆਂ ਤੇ ਆਪਣੇ ਲਈ ਬਣਾ ਲਏ ਮਹਿਲ: ਭਗਵੰਤ ਮਾਨ

05/24/2024 11:26:44 AM

ਜਲੰਧਰ (ਧਵਨ)–ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ਤੋਂ ‘ਆਪ’ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਜਲੰਧਰ ਲੋਕ ਸਭਾ ਤਹਿਤ ਆਉਣ ਵਾਲੇ ਕਈ ਵਿਧਾਨ ਸਭਾ ਹਲਕਿਆਂ ਜਿਵੇਂ ਫਿਲੌਰ, ਨਕੋਦਰ, ਜਲੰਧਰ ਕੈਂਟ ਅਤੇ ਆਦਮਪੁਰ ਵਿਚ ਪਵਨ ਟੀਨੂੰ ਤੇ ‘ਆਪ’ਨੇਤਾਵਾਂ ਨਾਲ ਵਿਸ਼ਾਲ ਰੋਡ ਸ਼ੋਅ ਕੱਢਿਆ ਅਤੇ ਜਨਤਾ ਨੂੰ ‘ਆਪ’ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਨਕੋਦਰ ’ਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਾਅਦਾ ਕੀਤਾ ਅਤੇ ਕਿਹਾ ਕਿ ਤੁਸੀਂ ਮੇਰੇ ’ਤੇ ਭਰੋਸਾ ਕਰਕੇ ਪਵਨ ਟੀਨੂੰ ਨੂੰ ਸੰਸਦ ਮੈਂਬਰ ਬਣਾਓ, ਕੰਮ ਦੀ ਗਾਰੰਟੀ ਮੇਰੀ ਹੈ। ਪਵਨ ਟੀਨੂੰ ਸਾਧਾਰਨ ਪਰਿਵਾਰ ’ਚੋਂ ਉੱਠੇ ਹਨ। ਸੰਸਦ ਵਿਚ ਇਹ ਆਮ ਲੋਕਾਂ ਲਈ ਆਵਾਜ਼ ਉਠਾਉਣਗੇ ਅਤੇ ਕੇਂਦਰ ਸਰਕਾਰ ਤੋਂ ਤੁਹਾਡੇ ਹੱਕ ਦਿਵਾਉਣਗੇ।

ਮੁੱਖ ਮੰਤਰੀ ਨੇ ਆਪਣੇ 2 ਸਾਲਾਂ ਦੇ ਕੰਮ ਗਿਣਾਉਂਦੇ ਹੋਏ ਕਿਹਾ ਕਿ ਅਸੀਂ ਬਿਨਾਂ ਕਿਸੇ ਵਿਤਕਰੇ ਦੇ ਪੰਜਾਬ ਦੇ 43,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਆਮ ਲੋਕਾਂ ਦੀ ਸਹੂਲਤ ਲਈ ਬਿਜਲੀ ਮੁਫ਼ਤ ਕੀਤੀ ਅਤੇ ਕਿਸਾਨਾਂ ਲਈ ਦਿਨ ਵਿਚ ਹੀ ਬਿਨਾਂ ਕੱਟ ਲਾਏ ਲੋੜੀਂਦੀ ਬਿਜਲੀ ਦਾ ਪ੍ਰਬੰਧ ਕੀਤਾ। ਇਸ ਤਰ੍ਹਾਂ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਸਾਡੀ ਸਰਕਾਰ ਨੇ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖਰੀਦਿਆ। ਇਸ ਨਾਲ ਬਿਜਲੀ ਦਾ ਉਤਪਾਦਨ ਕਾਫ਼ੀ ਵਧੇਗਾ ਅਤੇ ਬਿਜਲੀ ਸਸਤੀ ਵੀ ਹੋਵੇਗੀ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਚੋਣ ਜਿੱਤਣ ਤੋਂ ਬਾਅਦ ਉਹ ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਸੀਵਰੇਜ ਸਿਸਟਮ ਤੇ ਪਾਰਕਿੰਗ ਵਿਵਸਥਾ ਨੂੰ ਠੀਕ ਕਰਨਗੇ।

ਇਹ ਵੀ ਪੜ੍ਹੋ- PM ਮੋਦੀ ਦੀ ਰੈਲੀ ਦੌਰਾਨ PAP ਫਲਾਈਓਵਰ ’ਤੇ ਨਹੀਂ ਚੱਲਣਗੇ ਹੈਵੀ ਤੇ ਕਮਰਸ਼ੀਅਲ ਵਾਹਨ, ਰੂਟ ਰਹੇਗਾ ਡਾਇਵਰਟ

ਫਿਲੌਰ ’ਚ ਉਨ੍ਹਾਂ ਨੇ ਵਿਰੋਧੀਆਂ ’ਤੇ ਹਮਲਾ ਬੋਲਦਿਆਂ ਕਿਹਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਪੰਜਾਬ ਦੀਆਂ ਤਿੰਨ ਪੀੜ੍ਹੀਆਂ ਖਾ ਗਈਆਂ ਅਤੇ ਆਪਣੇ ਲਈ ਪਹਾੜਾਂ ’ਚ ਵੱਡੇ-ਵੱਡੇ ਮਹਿਲ ਬਣਾ ਲਏ। ਇਨ੍ਹਾਂ ਲੋਕਾਂ ਨੂੰ ਕਦੇ ਵੀ ਪੰਜਾਬ ਵਾਸੀਆਂ ਦੀ ਚਿੰਤਾ ਨਹੀਂ ਰਹੀ, ਇਨ੍ਹਾਂ ਨੇ ਸਿਰਫ਼ ਆਪਣੇ ਪਰਿਵਾਰਾਂ ਨੂੰ ਅੱਗੇ ਵਧਾਇਆ। ਉਨ੍ਹਾਂ ਸੁਖਬੀਰ ਬਾਦਲ ’ਤੇ ਹਮਲਾ ਬੋਲਦਿਆਂ ਕਿਹਾ ਕਿ ਸੁਖ ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖ਼ੂਨ-ਪਸੀਨੇ ਨਾਲ ਬਣਿਆ ਹੈ। ਅਸੀਂ ਸੁਖ ਵਿਲਾਸ ਨੂੰ ਪੰਜਾਬ ਸਰਕਾਰ ਦੇ ਕਬਜ਼ੇ ਵਿਚ ਲਵਾਂਗੇ ਅਤੇ ਉਸ ਨੂੰ ਸਕੂਲ ਵਿਚ ਬਦਲ ਦੇਵਾਂਗੇ।

ਜਲੰਧਰ ਕੈਂਟ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ 'ਆਪ' ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੰਸਦ ਮੈਂਬਰ ਸੁਸ਼ੀਲ ਰਿੰਕੂ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ‘ਆਪ’ ਨੇ ਰਿੰਕੂ ਨੂੰ ਸੰਸਦ ਮੈਂਬਰ ਬਣਾਇਆ ਅਤੇ ਕੌਮੀ ਪੱਧਰ ’ਤੇ ਪਛਾਣ ਦਿਵਾਈ ਪਰ ਉਸ ਨੇ ਪਾਰਟੀ ਨਾਲ ਧੋਖਾ ਕੀਤਾ। ਰਿੰਕੂ ਬਿਨਾਂ ਸਟੈਂਡ ਦਾ ਆਦਮੀ ਹੈ। ਅਜਿਹੇ ਲੋਕ ਕਿਸੇ ਦੇ ਸਕੇ ਨਹੀਂ ਹੋ ਸਕਦੇ।

ਇਹ ਵੀ ਪੜ੍ਹੋ-ਜਲੰਧਰ 'ਚ ਭਿਆਨਕ ਸੜਕ ਹਾਦਸਾ, ਬੱਸ ਤੇ ਟੈਂਪੂ ਵਿਚਾਲੇ ਜ਼ਬਰਦਸਤ ਟੱਕਰ, ਔਰਤ ਸਮੇਤ ਦੋ ਦੀ ਮੌਤ

ਆਦਮਪੁਰ ’ਚ ਉਨ੍ਹਾਂ ਭਾਜਪਾ ’ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਇਸ ਵਾਰ ਉਹ ਜਿੱਤ ਗਈ ਤਾਂ ਦੇਸ਼ ਦਾ ਸੰਵਿਧਾਨ ਨਹੀਂ ਬਚੇਗਾ ਅਤੇ ਚੋਣ ਵਿਵਸਥਾ ਵੀ ਖ਼ਤਮ ਹੋ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਕ ਰਸਤਾ ਵਿਕਾਸ, ਚੰਗੀ ਸਿੱਖਿਆ, ਚੰਗੇ ਇਲਾਜ ਤੇ ਬਿਹਤਰ ਸਰਕਾਰੀ ਸਹੂਲਤਾਂ ਵੱਲ ਜਾਂਦਾ ਹੈ, ਜਦਕਿ ਦੂਜਾ ਹੰਕਾਰ, ਤਾਨਾਸ਼ਾਹੀ ਤੇ ਸੰਵਿਧਾਨ ਖ਼ਤਮ ਕਰਨ ਵੱਲ। ਇਹ ਤੁਸੀਂ ਤੈਅ ਕਰਨਾ ਹੈ ਕਿ ਕੌਣ ਬਿਹਤਰ ਹੈ ਅਤੇ ਕਿਸ ਨੂੰ ਚੁਣਨਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਦਮਪੁਰ ’ਚ ਪੁਲ ਦਾ ਠੇਕੇਦਾਰ ਭੱਜ ਗਿਆ, ਉਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਵੀ ਜਲੰਧਰ ਛੱਡ ਕੇ ਭੱਜ ਜਾਣਗੇ। ਉਨ੍ਹਾਂ ਦੇ ਭਤੀਜੇ ਦੇ ਘਰੋਂ ਜਿਹੜੇ ਕਰੋੜਾਂ ਰੁਪਏ ਬਰਾਮਦ ਹੋਏ ਹਨ, ਉਹ ਲੋਕ ਭਲਾਈ ਯੋਜਨਾਵਾਂ ’ਚੋਂ ਲੁੱਟੇ ਹੋਏ ਪੈਸੇ ਸਨ।

ਇਹ ਵੀ ਪੜ੍ਹੋ- ਖਹਿਰਾ ਦੇ ਪ੍ਰਵਾਸੀਆਂ ਵਾਲੇ ਬਿਆਨ 'ਤੇ ਬੋਲੇ ਪ੍ਰਤਾਪ ਸਿੰਘ ਬਾਜਵਾ, ਕਿਹਾ-ਇਹ ਪਾਰਟੀ ਦਾ ਵਿਊ ਨਹੀਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News