ਆਉਣ ਵਾਲੇ ਦਿਨਾਂ 'ਚ ਜਨਤਾ ਨੂੰ ਲੱਗ ਸਕਦੈ ਝਟਕਾ, ਇਸ ਵਜ੍ਹਾ ਕਾਰਨ ਮਹਿੰਗੀ ਹੋ ਸਕਦੀ ਹੈ ਬਿਜਲੀ
Sunday, Jul 24, 2022 - 06:45 PM (IST)
ਜਲੰਧਰ (ਨੈਸ਼ਨਲ ਡੈਸਕ)- ਆਉਣ ਵਾਲੇ ਦਿਨਾਂ ’ਚ ਤੁਹਾਨੂੰ ਮਹਿੰਗੀ ਬਿਜਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸਲ ’ਚ ਕੇਂਦਰ ਸਰਕਾਰ ਨੇ ਚਾਲੂ ਵਿੱਤੀ ਸਾਲ ’ਚ ਲਗਭਗ 16 ਮਿਲੀਅਨ ਟਨ ਕੋਲੇ ਦੀ ਦਰਾਮਦ ਦੀ ਯੋਜਨਾ ਬਣਾਈ ਹੈ। ਇਕ ਰਿਪੋਰਟ ਮੁਤਾਬਕ ਦਰਾਮਦ ਕੋਲੇ ਦੀ ਉੱਚੀ ਲਾਗਤ ਕਾਰਨ ਦੇਸ਼ ’ਚ ਬਿਜਲੀ 50 ਤੋਂ 80 ਪੈਸੇ ਤਕ ਮਹਿੰਗੀ ਹੋ ਸਕਦੀ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਜੋ ਸੂਬੇ ਸੀ ਪੋਰਟ ਤੋਂ ਜਿੰਨੇ ਦੂਰ ਹਨ, ਉਥੇ ਬਿਜਲੀ ਦੀ ਕੀਮਤ ਓਨੀ ਹੀ ਜ਼ਿਆਦਾ ਵਧ ਸਕਦੀ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ
ਪਹਿਲਾਂ ਹੋਵੇਗੀ 15 ਮਿਲੀਅਨ ਟਨ ਦੀ ਦਰਾਮਦ
ਦੱਸਿਆ ਜਾ ਰਿਹਾ ਹੈ ਕਿ ਚਾਲੂ ਵਿੱਤੀ ਸਾਲ ’ਚ ਲਗਭਗ 76 ਮਿਲੀਅਨ ਟਨ ਕੋਲੇ ਦੀ ਦਰਾਮਦ ਦੌਰਾਨ ਪਹਿਲਾਂ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਬਿਜਲੀ ਸਟੇਸ਼ਨਾਂ ਨੂੰ ਸਪਲਾਈ ਲਈ 15 ਮਿਲੀਅਨ ਟਨ ਦੀ ਦਰਾਮਦ ਕਰੇਗੀ। ਉੱਥੇ ਹੀ ਸਭ ਤੋਂ ਵੱਡਾ ਬਿਜਲੀ ਉਤਪਾਦਕ ਐੱਨ. ਟੀ. ਪੀ. ਸੀ. ਲਿਮਟਿਡ ਤੇ ਦਾਮੋਦਰ ਘਾਟੀ ਨਿਗਮ (ਡੀ. ਵੀ. ਸੀ.) 23 ਮਿਲੀਅਨ ਟਨ ਦਰਾਮਦ ਕਰਨਗੇ। ਇਸ ਤੋਂ ਇਲਾਵਾ ਸੂਬਾ ਉਤਪਾਦਨ ਕੰਪਨੀਆਂ (ਜੈਨਕੋਸ) ਤੇ ਸੁਤੰਤਰ ਬਿਜਲੀ ਉਤਪਾਦਕਾਂ (ਆਈ. ਪੀ. ਪੀ.) ਨੇ ਸਾਲ ਦੌਰਾਨ 38 ਮਿਲੀਅਨ ਟਨ ਕੋਲੇ ਦੀ ਦਰਾਮਦ ਦੀ ਯੋਜਨਾ ਬਣਾਈ ਹੈ।
ਵਧ ਰਹੀ ਹੈ ਬਿਜਲੀ ਦੀ ਮੰਗ
ਦਰਅਸਲ, ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਗਿਰਾਵਟ ਤੋਂ ਬਾਅਦ ਬਿਜਲੀ ਦੀ ਮੰਗ ’ਚ ਤੇਜ਼ੀ ਆਈ ਹੈ। ਬੀਤੀ 9 ਜੂਨ ਨੂੰ ਬਿਜਲੀ ਦੀ ਰਿਕਾਰਡ ਮੰਗ 211 ਗੀਗਾਵਾਟ ਦੀ ਹੋਈ ਸੀ। ਮਾਨਸੂਨ ਦੀ ਤਰੱਕੀ ਦੇ ਨਾਲ ਮੰਗ ’ਚ ਕਮੀ ਆਈ ਹੈ ਅਤੇ 20 ਜੁਲਾਈ ਨੂੰ ਬਿਜਲੀ ਦੀ ਵੱਧ ਤੋਂ ਵੱਧ ਮੰਗ 185.65 ਗੀਗਾਵਾਟ ਸੀ। ਸੂਤਰਾਂ ਦੀ ਮੰਨੀਏ ਤਾਂ ਜੁਲਾਈ ਦੇ ਅੰਤ ਤਕ ਕੋਲ ਇੰਡੀਆ ਦਾ ਕੋਲਾ ਆਉਣਾ ਸ਼ੁਰੂ ਹੋ ਜਾਵੇਗਾ। ਅਸਲ ਸਮੱਸਿਆ ਅਗਸਤ-ਸਤੰਬਰ ’ਚ ਆਏਗੀ। ਸੂਤਰ ਦੱਸਦੇ ਹਨ ਕਿ ਸਪਲਾਈ ਦੀ ਕਮੀ 15 ਅਕਤੂਬਰ ਤਕ ਬਣੀ ਰਹਿ ਸਕਦੀ ਹੈ। ਉਮੀਦ ਹੈ ਕਿ ਦਰਾਮਦੀਦ ਕੋਲੇ ਦੀ ਮਦਦ ਨਾਲ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਫਗਵਾੜਾ: ਦੋਸਤ ਦੀ ਪਤਨੀ 'ਤੇ ਮਾੜੀ ਨਜ਼ਰ ਰੱਖਣੀ ਪਈ ਮਹਿੰਗੀ, 2 ਦੋਸਤਾਂ ਨੇ ਮਿਲ ਕੇ ਦਿੱਤੀ ਦਰਦਨਾਕ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ