ਅਫਗਾਨਿਸਤਾਨ ’ਚ ਅਫੀਮ ਦੀ ਬੰਪਰ ਫਸਲ ਨਾਲ ਭਾਰਤ ’ਚ ਹੈਰੋਇਨ ਸਮੱਗਲਿੰਗ ’ਚ ਆਇਆ ਜ਼ਬਰਦਸਤ ਉਛਾਲ
Monday, Dec 19, 2022 - 01:52 PM (IST)
ਜਲੰਧਰ (ਨੈਸ਼ਨਲ ਡੈਸਕ) : ਖ਼ਾਸ ਖੁਫੀਆ ਸੂਚਨਾ ਦੇ ਆਧਾਰ ’ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਬੀਤੀ 9 ਅਤੇ 10 ਮਈ, 2022 ਨੂੰ ਯੁਗਾਂਡਾ ਦੇ ਐਂਤੇਬੇ ਤੋਂ ਆਈ ਫਲਾਈਟ ਦੀ ਚੈਕਿੰਗ ਕੀਤੀ ਗਈ ਤਾਂ ਮੈਟਲ ਟਿਊਬਾਂ ’ਚ ਬੜੀ ਚਲਾਕੀ ਨਾਲ ਲੁਕਾਏ ਗਏ 54.07 ਕਿਲੋਗ੍ਰਾਮ ਆਫ-ਵਾਈਟ ਦਾ ਪਤਾ ਲੱਗਾ। ਫੀਲਡ ਡਰੱਗ ਟੈਸਟਿੰਗ ਕਿੱਟ ’ਤੇ ਆਫ-ਵਾਈਟ ਪਾਊਡਰ ਦੀ ਟੈਸਟਿੰਗ ਹੁੰਦੀ ਹੈ, ਤਾਂ ਇਹ ਹੈਰੋਇਨ ਪਾਇਆ ਜਾਂਦਾ ਹੈ। ਇਸ ਹੈਰੋਇਨ ਦੀ ਬਰਾਮਦਗੀ ਤੋਂ ਬਾਅਦ ਏਜੰਸੀਆਂ ਨੇ ਪੰਜਾਬ ਅਤੇ ਹਰਿਆਣਾ ’ਚ ਆਪ੍ਰੇਸ਼ਨ ਚਲਾਇਆ, ਜਿਸ ’ਚ 6.72 ਕਿਲੋ ਹੋਰ ਹੈਰੋਇਨ ਬਰਾਮਦ ਹੋਈ। ਐੱਨ. ਡੀ. ਪੀ. ਐੱਸ. ਐਕਟ, 1985 ਦੇ ਤਹਿਤ ਕੁੱਲ 60.79 ਕਿਲੋਗ੍ਰਾਮ ਹੈਰੋਇਨ, ਜਿਸ ਦੀ ਕੀਮਤ 425.54 ਕਰੋੜ ਰੁਪਏ ਦੱਸੀ ਜਾਂਦੀ ਹੈ, ਸਮੇਤ ਦਰਾਮਦਕਾਰ ਅਤੇ 2 ਹੋਰ ਸਬੰਧਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕੋਈ ਇਕੱਲਾ ਮਾਮਲਾ ਨਹੀਂ ਹੈ। ਪਿਛਲੇ 4 ਸਾਲਾਂ ’ਚ ਅਫਗਾਨਿਸਤਾਨ ਵਰਗੇ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਵਾਲੇ ਦੇਸ਼ਾਂ ’ਚ ਅਫੀਮ ਦੀ ਬੰਪਰ ਫਸਲ ਹੋਈ ਹੈ, ਭਾਰਤ ਦੇ ਨਾਲ-ਨਾਲ ਦੁਨੀਆ ਦੇ ਹੋਰ ਦੇਸ਼ਾਂ ’ਚ ਹੈਰੋਇਨ ਦੀ ਸਮੱਗਲਿੰਗ ਦਾ ਸਭ ਤੋਂ ਉੱਚਾ ਪੱਧਰ ਵੇਖਿਆ ਜਾ ਰਿਹਾ ਹੈ। ਡੀ. ਆਰ. ਆਈ. ਦੇ ਸੂਤਰਾਂ ਅਨੁਸਾਰ ਬੀਤੇ 4 ਸਾਲਾਂ ’ਚ ਹੈਰੋਇਨ ਅਤੇ ਅਫੀਮ ਦੀ ਸਮੱਗਲਿੰਗ ’ਚ ਭਾਰੀ ਵਾਧਾ ਹੋਇਆ ਹੈ, ਖਾਸ ਕਰ ਕੇ ਕੋਰੋਨਾ ਕਾਲ ’ਚ ਅਨਲੌਕ ਤੋਂ ਬਾਅਦ। ਪ੍ਰਾਪਤ ਅੰਕੜਿਆਂ ਅਨੁਸਾਰ 2019 ’ਚ 237 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਜਦੋਂ ਕਿ ਸਤੰਬਰ 2022 ਤੱਕ 14,967 ਕਿਲੋ ਹੈਰੋਇਨ ਬਰਾਮਦ ਹੋ ਚੁੱਕੀ ਹੈ।
ਸੰਯੁਕਤ ਰਾਸ਼ਟਰ ਦਫਤਰ ਅਨੁਸਾਰ, ਅਫਗਾਨਿਸਤਾਨ ’ਚ ਅਫੀਮ, ਜਿਸ ਤੋਂ ਹੈਰੋਇਨ ਪ੍ਰਾਪਤ ਕੀਤੀ ਜਾਂਦੀ ਹੈ, ਦੀ 2020 ਅਤੇ 2021 ਦੇ ਵਿਚਕਾਰ 7 ਫੀਸਦੀ ਦੇ ਵਾਧੇ ਨਾਲ ਬੰਪਰ ਫਸਲ ਹੋਈ ਹੈ, ਜੋ ਕਿ 7930 ਟਨ ਮੰਨੀ ਜਾ ਰਹੀ ਹੈ। ਨਤੀਜੇ ਵਜੋਂ ਇਨ੍ਹਾਂ ਪਾਕੇਟਸ ’ਤੋਂ ਨਸ਼ੀਲੇ ਪਦਾਰਥਾਂ ਦਾ ਗੈਰ-ਕਾਨੂੰਨੀ ਕਾਰੋਬਾਰ ਦੁਨੀਆ ਭਰ ’ਚ ਅਤੇ ਖਾਸ ਕਰ ਕੇ ਅਫਗਾਨਿਸਤਾਨ ਤੋਂ ਭਾਰਤ ਤੱਕ ਤੇਜ਼ ਹੋ ਗਿਆ ਹੈ। ਇਸ ਸਾਲ ਦੇ ਸ਼ੁਰੂ ’ਚ, 8 ਮਾਰਚ, 2022 ਨੂੰ ਖੁਫੀਆ ਏਜੰਸੀਆਂ ਨੇ ਸਾਵਧਾਨ ਕੀਤਾ ਸੀ ਕਿ ਬੰਦਰ ਅੱਬਾਸ ਬੰਦਰਗਾਹ (ਈਰਾਨ) ਰਾਹੀਂ ਤੁਗਲਕਾਬਾਦ ’ਚ ਸੇਬ ਦੇ ਜੂਸ ਦੇ ਡੱਬਿਆਂ ’ਚ ਅਫਗਾਨਿਸਤਾਨ ਤੋਂ ਹੈਰੋਇਨ ਦੀ ਇਕ ਵੱਡੀ ਖੇਪ ਭੇਜੀ ਗਈ ਹੈ। ਜਾਂਚ ਦੌਰਾਨ ਸੇਬ ਦੇ ਜੂਸ ਦੇ ਹਰੇਕ ਡੱਬੇ ’ਚੋਂ 1 ਲਿਟਰ ਦੀਆਂ 12 ਬੋਤਲਾਂ ਬਰਾਮਦ ਹੋਈਆਂ। ਟੈਸਟਿੰਗ ਦੌਰਾਨ ਇਹ ਹੈਰੋਇਨ ਪਾਈ ਗਈ। ਰੈਵੇਨਿਊ ਇੰਟੈਲੀਜੈਂਸ ਸੂਤਰਾਂ ਦਾ ਕਹਿਣਾ ਹੈ ਕਿ ਲਾਕਡਾਊਨ ਖੁੱਲਣ ਤੋਂ ਬਾਅਦ ਹੈਰੋਇਨ ਦੀ ਸਮੱਗਲਿੰਗ ’ਚ ਜ਼ਬਰਦਸਤ ਉਛਾਲ ਆਇਆ ਹੈ। 2021-22 ਦੌਰਾਨ ਡੀ. ਆਰ. ਆਈ. ਵੱਲੋਂ 36 ਐੱਨ. ਡੀ. ਪੀ. ਐੱਸ. ਪਦਾਰਥਾਂ ਦੀ ਜ਼ਬਤੀ ਕੀਤੀ ਗਈ, ਜੋ ਹਵਾਈ ਮਾਰਗ ਰਾਹੀਂ ਯਾਤਰੀਆਂ ਜਾਂ ਕੋਰੀਅਰਾਂ ਰਾਹੀਂ ਆਏ ਸੀ। ਇਨ੍ਹਾਂ 36 ਮਾਮਲਿਆਂ ’ਚ ਸ਼ਾਮਲ ਕੁੱਲ ਮਾਤਰਾ 1274.65 ਕਿਲੋਗ੍ਰਾਮ ਸੀ। ਸਮੁੰਦਰੀ ਰਸਤਿਓਂ 2021-22 ਦੇ ਦੌਰਾਨ 3389.45 ਕਿਲੋਗ੍ਰਾਮ ਬਰਾਮਦਗੀ ਹੋਈ, ਜਿਸ ’ਚੋਂ 2988 ਕਿਲੋ ਹੈਰੋਇਨ ਡੀ. ਆਰ. ਆਈ. ਵੱਲੋਂ ਮੁੰਦਰਾ ਬੰਦਰਗਾਹ ’ਤੇ ਜ਼ਬਤ ਕੀਤੀ ਗਈ, ਜੋ ਦੁਨੀਆ ’ਚ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਜ਼ਬਤੀਆਂ ’ਚੋਂ ਇਕ ਹੈ।