‘ਕੋਰੋਨਾ ਤੋਂ ਕੁਝ ਰਾਹਤ ਮਿਲੀ ਤਾਂ ਬਲੈਕ ਫੰਗਸ ਨੇ ਵਧਾ ਦਿੱਤੀ ਚਿੰਤਾ’

Thursday, May 27, 2021 - 11:14 PM (IST)

‘ਕੋਰੋਨਾ ਤੋਂ ਕੁਝ ਰਾਹਤ ਮਿਲੀ ਤਾਂ ਬਲੈਕ ਫੰਗਸ ਨੇ ਵਧਾ ਦਿੱਤੀ ਚਿੰਤਾ’

ਲੁਧਿਆਣਾ (ਸਹਿਗਲ) : ਮਹਾਨਗਰ ’ਚ ਕੋਰੋਨਾ ਦੇ ਘੱਟ ਹੋ ਰਹੇ ਕੇਸਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਨੇ ਕੁਝ ਰਾਹਤ ਮਹਿਸੂਸ ਕੀਤੀ ਤਾਂ ਹੁਣ ਬਲੈਕ ਫੰਗਸ ਦੇ ਕੇਸਾਂ ਨੇ ਸਿਹਤ ਅਧਿਕਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਜ਼ਿਲ੍ਹੇ ’ਚ ਬਲੈਕ ਫੰਗਸ ਦੇ 53 ਮਰੀਜ਼ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਇਸ ਤੋਂ ਇਲਾਵਾ ਸ਼ੱਕੀ ਕੇਸਾਂ ਦੀ ਗਿਣਤੀ ਕਾਫੀ ਘੱਟ ਦੱਸੀ ਜਾ ਰਹੀ ਹੈ। ਇਨ੍ਹਾਂ ’ਚੋਂ ਕਈਆਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਸਬੰਧੀ ਅਧਿਕਾਰੀ ਦੁਚਿੱਤੀ ’ਚ ਹਨ ਕਿ ਮੌਜੂਦਾ ਵਿਚ ਕਿਹੜਾ ਵੈਰੀਅੰਟ ਇਸ ਦਾ ਜ਼ਿਆਦਾ ਕਾਰਨ ਬਣ ਕੇ ਸਾਹਮਣੇ ਆ ਰਿਹਾ ਹੈ। ਸਿਹਤ ਡਾਇਰੈਕਟੋਰੇਟ ਦੀ ਰਿਪੋਰਟ ਮੁਤਾਬਕ ਮਾਰਚ ਮਹੀਨੇ ’ਚ ਜੀਨੋਮ ਸੀਕਵੈਂਸਿੰਗ ਦੇ ਨਤੀਜਿਆਂ ਵਿਚ 90 ਫੀਸਦੀ ਪਾਜ਼ੇਟਿਵ ਮਰੀਜ਼ ਯੂ. ਕੇ. ਵੈਰੀਅੰਟ ਦੇ ਸਨ, ਜਦੋਂਕਿ ਅਪ੍ਰੈਲ ਮਹੀਨੇ ’ਚ 50 ਫੀਸਦੀ ਪਾਜ਼ੇਟਿਵ ਮਰੀਜ਼ ਯੂ. ਕੇ. ਵੈਰੀਅੰਟ ਦੇ ਸਨ ਤਾਂ 48 ਫੀਸਦੀ ਕਥਿਤ ਇੰਡੀਅਨ ਵੈਰੀਅੰਟ ਤੋਂ ਪੀੜਤ ਪਾਏ ਗਏ। ਮਈ ਮਹੀਨੇ ਦੀ ਰਿਪੋਰਟ ਆਉਣੀ ਬਾਕੀ ਹੈ। ਅਧਿਕਾਰੀ ਇਹ ਮੰਨ ਕੇ ਚੱਲ ਰਹੇ ਹਨ ਕਿ ਇਸ ਰਿਪੋਰਟ ਨਾਲ ਮੌਤ ਦਰ ਵਧਣ ਦੇ ਕਾਰਨਾਂ ’ਤੇ ਕੁਝ ਰੌਸ਼ਨੀ ਪੈ ਸਕੇਗੀ ਕਿ ਕਿਹੜਾ ਵੈਰੀਅੰਟ ਜਾਨਲੇਵਾ ਸਿੱਧ ਹੋ ਰਿਹਾ ਹੈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੀ ਪਹਿਲੀ ਬਲੈਕ ਫੰਗਸ ਪੀੜਤ ਔਰਤ ਚੰਡੀਗੜ੍ਹ ਰੈਫਰ

89.62 ਫੀਸਦੀ ਮਰੀਜ਼ ਹੋਏ ਠੀਕ
ਮਹਾਨਗਰ ਦੇ ਹਸਪਤਾਲਾਂ ’ਚ ਕੋਰੋਨਾ ਤੋਂ ਪੀੜਤ 34 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 501 ਨਵੇਂ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਮੁਤਾਬਕ ਇਨ੍ਹਾਂ ਮਰੀਜ਼ਾਂ ਵਿਚ 438 ਜ਼ਿਲ੍ਹੇ ਦੇ, ਜਦੋਂਕਿ 63 ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਹਨ। ਜਿਨ੍ਹਾਂ 34 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ 20 ਜ਼ਿਲ੍ਹੇ ਦੇ, ਜਦੋਂਕਿ 14 ਮ੍ਰਿਤਕਾਂ ਵਿਚ ਤਿੰਨ ਹਰਿਆਣਾ ਦੇ ਰਹਿਣ ਵਾਲੇ ਸਨ, ਜਦੋਂਕਿ ਸੂਬੇ ਦੇ ਮਰੀਜ਼ਾਂ ’ਚ 3 ਸੰਗਰੂਰ, 2 ਜਲੰਧਰ ਅਤੇ ਇਕ-ਇਕ ਮਰੀਜ਼ ਹੁਸ਼ਿਆਰਪੁਰ, ਬਰਨਾਲਾ, ਪਠਾਨਕੋਟ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਅਤੇ ਪਟਿਆਲਾ ਦਾ ਰਹਿਣ ਵਾਲਾ ਸੀ। ਇਨ੍ਹਾਂ ਮਰੀਜ਼ਾਂ ਦੇ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 82424 ਹੋ ਗਈ ਹੈ। ਇਨ੍ਹਾਂ ਵਿਚੋਂ 1928 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਤੋਂ ਇਲਾਵਾ ਬਾਹਰੀ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਆਏ ਮਰੀਜ਼ਾਂ ’ਚੋਂ 10716 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ ’ਚ 957 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਵਿਚ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ’ਚ 73867 ਮਰੀਜ਼ ਠੀਕ ਹੋ ਚੁੱਕੇ ਹਨ। ਮੌਜੂਦਾ ਵਿਚ ਮਰੀਜ਼ਾਂ ਦੀ ਗਿਣਤੀ ਘੱਟ ਕੇ 6629 ਰਹਿ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵੈਕਸੀਨ ਦੀ ਭਾਰੀ ਕਿੱਲਤ, ਮਮਦੋਟ 'ਚ ਵੀ ਖ਼ਤਮ ਹੋਈ ਵੈਕਸੀਨ 

ਹਸਪਤਾਲ ’ਚ ਮਰੀਜ਼ਾਂ ਦੀ ਗਿਣਤੀ ਘੱਟ ਹੋਈ, 51 ਗੰਭੀਰ
ਸਥਾਨਕ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਹੋ ਗਈ ਹੈ। ਮੌਜੂਦਾ ਸਮੇਂ ਵਿਚ 1256 ਮਰੀਜ਼ ਜ਼ੇਰੇ ਇਲਾਜ ਹਨ। ਇਨ੍ਹਾਂ ਵਿਚ 155 ਮਰੀਜ਼ ਸਰਕਾਰੀ ਹਸਪਤਾਲਾਂ ਵਿਚ, ਜਦੋਂਕਿ 1101 ਮਰੀਜ਼ ਨਿੱਜੀ ਹਸਪਤਾਲਾਂ ’ਚ ਦਾਖਲ ਹਨ। ਇਨ੍ਹਾਂ ਮਰੀਜ਼ਾਂ ਵਿਚ 51 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਨ੍ਹਾਂ ਵਿਚੋਂ 30 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਕਪੂਰਥਲਾ: ਪਲਾਂ 'ਚ ਸੜੇ ਆਸ਼ਿਆਨਿਆਂ ਨੂੰ ਵੇਖ ਕੇ ਬੋਲੇ ਪੀੜਤ ਮਜ਼ਦੂਰ, ‘‘ਬਾਬੂ ਜੀ, ਸਭ ਕੁਝ ਤਬਾਹ ਹੋ ਗਿਆ’

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

  


author

Anuradha

Content Editor

Related News