ਚੰਡੀਗੜ੍ਹ ''ਚ ''ਠੰਡ'' ਨੇ ਤੋੜਿਆ 5 ਸਾਲਾਂ ਦਾ ਰਿਕਾਰਡ, ਮੰਗਲਵਾਰ ਰਹੀ ਸੀਜ਼ਨ ਦੀ ਸਭ ਤੋਂ ਠੰਡੀ ਰਾਤ
Thursday, Dec 17, 2020 - 10:00 AM (IST)
ਚੰਡੀਗੜ੍ਹ (ਪਾਲ) : ਪਿਛਲੇ 5 ਸਾਲਾਂ 'ਚ ਅਜਿਹਾ ਪਹਿਲੀ ਵਾਰ ਹੋਇਆ ਕਿ 16 ਦਸੰਬਰ ਤੱਕ ਹੇਠਲਾ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੋਵੇ। ਮੰਗਲਵਾਰ ਰਾਤ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਰਹੀ। ਪਿਛਲੇ ਸ਼ਨੀਵਾਰ ਤੋਂ ਲਗਾਤਾਰ ਸ਼ਹਿਰ ਦਾ ਪਾਰਾ ਡਿੱਗਦਾ ਜਾ ਰਿਹਾ ਹੈ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 16.6 ਡਿਗਰੀ ਸੈਲਸੀਅਸ ਅਤੇ ਹੇਠਲਾ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਹੋਇਆ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਘੱਟ ਹੇਠਲਾ ਤਾਪਮਾਨ ਹੈ। ਇਸ ਤੋਂ ਪਹਿਲਾਂ ਇਕ ਦਸੰਬਰ ਨੂੰ 9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਸਾਲ 2015 'ਚ 16 ਦਸੰਬਰ ਨੂੰ ਹੇਠਲਾ ਤਾਪਮਾਨ 5.2 ਡਿਗਰੀ ਦਰਜ ਹੋਇਆ ਸੀ। ਮੌਸਮ ਮਹਿਕਮੇ ਮੁਤਾਬਕ ਦੋ ਦਿਨਾਂ 'ਚ ਇਹ ਤਾਪਮਾਨ ਇਸ ਤੋਂ ਵੀ ਘੱਟ ਹੋਣ ਵਾਲਾ ਹੈ। ਪਹਾੜਾਂ ’ਤੇ ਲਗਾਤਾਰ ਪਈ ਬਰਫਬਾਰੀ ਕਾਰਣ ਤਾਪਮਾਨ 'ਚ ਗਿਰਾਵਟ ਹੋਈ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨਾਲ ਜੁੜੀ ਇਕ ਹੋਰ ਦੁਖ਼ਦ ਖ਼ਬਰ, ਦਿੱਲੀ ਜਾ ਰਹੇ ਮੁੰਡੇ ਦੀ ਸੜਕ ਹਾਦਸੇ ਦੌਰਾਨ ਮੌਤ
ਹਵਾਵਾਂ ਚੱਲਣੀਆਂ ਬੰਦ ਹੋਈਆਂ ਤਾਂ ਦਿਨ 'ਚ ਵੀ ਪਵੇਗੀ ਧੁੰਦ
ਮੌਸਮ ਮਹਿਕਮੇ ਦੇ ਚੰਡੀਗੜ੍ਹ ਸਥਿਤ ਕੇਂਦਰ ਦੇ ਡਾਇਰੈਕਟਰ ਅਨੁਸਾਰ ਦਿਨ 'ਚ ਕੋਹਰਾ ਪੈਣਾ ਸ਼ੁਰੂ ਹੋ ਗਿਆ ਹੈ ਪਰ ਇਹ ਕੋਹਰਾ ਫਿਲਹਾਲ ਸਵੇਰੇ ਅਤੇ ਸ਼ਾਮ ਹੀ ਰਹੇਗਾ। ਪੱਛਮੀ ਹਵਾਵਾਂ ਕਾਰਣ ਕੋਹਰਾ ਜ਼ਿਆਦਾ ਨਹੀਂ ਪੈ ਰਿਹਾ ਪਰ ਜੇਕਰ ਅਗਲੇ ਕੁਝ ਦਿਨਾਂ 'ਚ ਇਹ ਹਵਾਵਾਂ ਚੱਲਣੀਆਂ ਬੰਦ ਹੋਈਆਂ ਤਾਂ ਦਿਨ 'ਚ ਵੀ ਕੋਹਰਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਨਵੇਂ ਸਾਲ ਤੋਂ ਲੱਗੇਗੀ 'ਕੋਰੋਨਾ ਵੈਕਸੀਨ', ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ
ਸਵੇਰੇ ਨਿਕਲੀ ਧੁੱਪ ਨੇ ਵਧਾਇਆ ਤਾਪਮਾਨ
ਪਿਛਲੇ ਦੋ ਦਿਨਾਂ ਤੋਂ ਧੁੱਪ ਨਹੀਂ ਨਿਕਲ ਰਹੀ ਸੀ। ਇਸ ਕਾਰਣ ਵੱਧ ਤੋਂ ਵੱਧ ਤਾਪਮਾਨ ਵੀ ਘੱਟ ਹੋ ਗਿਆ ਸੀ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 14.6 ਡਿਗਰੀ ਦਰਜ ਹੋਇਆ ਸੀ, ਜੋ ਕਿ ਇਸ ਸੀਜ਼ਨ ਦਾ ਹੁਣ ਤੱਕ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੈ ਪਰ ਬੁੱਧਵਾਰ ਸਵੇਰੇ ਹੀ ਚੰਗੀ ਧੁੱਪ ਨਿਕਲ ਗਈ ਜੋ ਦੁਪਹਿਰ ਤੱਕ ਤੇਜ਼ ਹੋਈ। ਇਸ ਕਾਰਣ ਵੱਧ ਤੋਂ ਵੱਧ ਤਾਪਮਾਨ 2 ਡਿਗਰੀ ਵਧਕੇ 16 ਤੱਕ ਪਹੁੰਚ ਗਿਆ ਹੈ, ਜੋ ਆਮ ਨਾਲੋਂ 6 ਡਿਗਰੀ ਘੱਟ ਹੈ।
ਇਹ ਵੀ ਪੜ੍ਹੋ : ਹੁਣ ਡਾਕਟਰ ਨੇ ਬੱਚੇਦਾਨੀ ਦੇ ਆਪਰੇਸ਼ਨ ਦੌਰਾਨ ਕਰ 'ਤੀ ਵੱਡੀ ਗਲਤੀ, ICU 'ਚ ਮੌਤ ਨਾਲ ਲੜ ਰਹੀ ਪੀੜਤਾ
2016 'ਚ ਸਭ ਤੋਂ ਘੱਟ ਹੇਠਲਾ ਤਾਪਮਾਨ ਸੀ 6.4 ਡਿਗਰੀ
ਹਾਲੇ ਦਸੰਬਰ ਦਾ ਅੱਧਾ ਮਹੀਨਾ ਪਿਆ ਹੈ। ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਜ਼ਿਆਦਾ ਸਰਦੀ ਪਵੇਗੀ। 16 ਤਾਰੀਖ਼ ਤੱਕ ਇਸ ਵਾਰ ਹੇਠਲਾ ਤਾਪਮਾਨ 6.2 ਡਿਗਰੀ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2016 'ਚ ਪੂਰੇ ਦਸੰਬਰ 'ਚ ਸਭ ਤੋਂ ਘੱਟ ਹੇਠਲਾ ਤਾਪਮਾਨ 6.4 ਡਿਗਰੀ ਦਰਜ ਹੋਇਆ ਸੀ।
ਕਈ ਉਡਾਣਾਂ ਲੇਟ
ਚੰਡੀਗੜ੍ਹ (ਲਲਨ) : ਮੌਸਮ ਦਾ ਅਸਰ ਚੰਡੀਗੜ੍ਹ ਹਵਾਈ ਅੱਡੇ ਦੀਆਂ ਉਡਾਣਾਂ ਦੇ ਸ਼ੈਡਿਊਲ ’ਤੇ ਵੀ ਦੇਖਣ ਨੂੰ ਮਿਲਿਆ। ਬੁੱਧਵਾਰ ਨੂੰ ਅਹਿਮਦਾਬਾਦ-ਚੰਡੀਗੜ੍ਹ-ਸ਼੍ਰੀਨਗਰ (ਆਈ. ਜੀ. ਓ. 6177) ਜਾਣ ਵਾਲੀ ਫਲਾਈਟ ਹਵਾਈ ਅੱਡੇ ’ਤੇ ਸਵਾ ਘੰਟਾ ਦੀ ਦੇਰੀ ਨਾਲ ਲੈਂਡ ਹੋਈ। ਇਸ ਫਲਾਈਟ ਦੇ ਆਉਣ ਦਾ ਸਮਾਂ ਸਵੇਰੇ 10. 05 ਵਜੇ ਸੀ, ਜਦੋਂ ਕਿ ਫਲਾਈਟ ਸਵੇਰੇ 11.18 ਵਜੇ ਪਹੁੰਚੀ, ਉੱਥੇ ਹੀ ਸ਼੍ਰੀਨਗਰ-ਚੰਡੀਗੜ੍ਹ-ਅਹਿਮਦਾਬਾਦ (ਆਈ. ਜੀ. ਓ. 6177) ਜਾਣ ਵਾਲੀ ਫਲਾਈਟ ਵੀ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਰਹੀ। ਇਸ ਫਲਾਈਟ ਦਾ ਸ਼ੈਡਿਊਲ ਦੁਪਹਿਰ 1.45 ਵਜੇ ਸੀ ਪਰ ਫਲਾਈਟ ਦੁਪਹਿਰ 3.06 ਵਜੇ ਪਹੁੰਚੀ।
ਸ਼੍ਰੀਨਗਰ-ਅਹਿਮਦਾਬਾਦ (ਜੀ. ਓ. ਡਬਲਯੂ. 912) ਜਾਣ ਵਾਲੀ ਫਲਾਈਟ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਰਹੀ। ਫਲਾਈਟ ਦਾ ਸਮਾਂ ਦੁਪਹਿਰ 1.45 ਸੀ, ਜਦੋਂ ਕਿ ਫਲਾਈਟ 2.39 ਵਜੇ ਪਹੁੰਚੀ। ਇਸ ਤੋਂ ਇਲਾਵਾ ਏਅਰ ਇੰਡੀਆ (ਏ. ਆਈ. 861) ਦੀ ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੀ ਫਲਾਈਟ ਆਪਣੇ ਨਿਰਧਾਰਤ ਸਮੇਂ ਤੋਂ 1 ਘੰਟਾ 10 ਮਿੰਟ ਲੇਟ ਰਹੀ। ਫਲਾਈਟ ਦਾ ਆਉਣ ਦਾ ਸਮਾਂ 9.30 ਵਜੇ ਸੀ ਪਰ ਫਲਾਈਟ ਸਵੇਰੇ 10.40 ਵਜੇ ਹਵਾਈ ਅੱਡੇ 'ਤੇ ਲੈਂਡ ਹੋਈ, ਉੱਥੇ ਹੀ ਏਅਰ ਇੰਡੀਆ ਦੀ (ਏ. ਆਈ. 3415) ਲੇਹ ਤੋਂ ਆਉਣ ਵਾਲੀ ਫਲਾਈਟ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਰਹੀ। ਫਲਾਈਟ ਦਾ ਸਮਾਂ ਸਵੇਰੇ 10.15 ਵਜੇ ਸੀ, ਪਰ ਫਲਾਈਟ 11.05 ਵਜੇ ਲੈਂਡ ਹੋਈ।
ਨੋਟ : ਪੰਜਾਬ ਸਮੇਤ ਚੰਡੀਗੜ੍ਹ 'ਚ ਪੈ ਰਹੀ ਕੜਾਕੇ ਦੀ ਠੰਡ ਬਾਰੇ ਦਿਓ ਰਾਏ