ਰਹੂੜਿਆਂਵਾਲੀ ਵਿਖੇ ਬੱਸ ਸਟੈਂਡ ਅਤੇ ਸਕੂਲ ਦੇ ਸਾਹਮਣੇ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਚੁਕਵਾਇਆ ਜਾਵੇ
Friday, Jul 07, 2017 - 07:49 AM (IST)
ਮੰਡੀ ਲੱਖੇਵਾਲੀ (ਸੁਖਪਾਲ) - ਅੱਜ ਪਿੰਡ ਰਹੂੜਿਆਂਵਾਲੀ ਦੇ ਲੋਕਾਂ ਨੇ ਸ਼ਰਾਬ ਦੇ ਠੇਕੇ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਮੰਗ ਕੀਤੀ ਕਿ ਉਕਤ ਸ਼ਰਾਬ ਦੇ ਠੇਕੇ ਨੂੰ ਇਥੋਂ ਚੁਕਵਾਇਆ ਜਾਵੇ। ਪਿੰਡ ਦੀ ਮੇਨ ਸੜਕ 'ਤੇ ਖੋਲ੍ਹੇ ਗਏ ਸ਼ਰਾਬ ਦੇ ਇਸ ਠੇਕੇ ਦੇ ਸਾਹਮਣੇ ਹੀ ਪਿੰਡ ਦਾ ਬੱਸ ਸਟੈਂਡ ਹੈ, ਜਿਥੇ ਪਿੰਡ ਦੇ ਲੋਕ ਆ ਕੇ ਬੱਸਾਂ 'ਤੇ ਚੜ੍ਹਦੇ ਹਨ, ਜਦਕਿ ਇਥੇ ਹੀ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਚੱਲ ਰਹੇ ਹਨ ਪਰ ਠੇਕੇ 'ਤੇ ਸ਼ਰਾਬ ਲੈਣ ਆਏ ਲੋਕ ਉਥੇ ਖੜ੍ਹ ਕੇ ਹੀ ਨਾਲ ਲੱਗਦੇ ਅਹਾਤੇ 'ਤੇ ਸ਼ਰਾਬ ਪੀਂਦੇ ਹਨ ਅਤੇ ਕਈ ਉਥੇ ਸ਼ਰਾਬ ਪੀ ਕੇ ਡਿੱਗੇ ਵੀ ਰਹਿੰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਸ਼ਰਾਬ ਦੇ ਠੇਕੇ ਨੂੰ ਇਥੋਂ ਚੁੱਕ ਕੇ ਪਿੰਡ ਤੋਂ ਬਾਹਰ ਲਿਜਾਇਆ ਜਾਵੇ। ਜ਼ਿਕਰਯੋਗ ਹੈ ਕਿ ਜਿਥੇ ਹੁਣ ਸ਼ਰਾਬ ਦਾ ਠੇਕਾ ਚੱਲ ਰਿਹਾ ਹੈ, ਉਥੇ ਆਸੇ-ਪਾਸੇ ਨਾਲ ਲੱਗਦੇ ਘਰ ਹਨ ਅਤੇ ਠੇਕੇ ਦੇ ਬਿਲਕੁਲ ਨਾਲ ਹੀ ਅੰਗਰੇਜ਼ੀ ਦਵਾਈਆਂ ਵਾਲਾ ਮੈਡੀਕਲ ਹਾਲ ਹੈ। ਪਿੰਡ ਦੀ ਗ੍ਰਾਮ ਪੰਚਾਇਤ ਨੇ ਜਿਥੇ ਠੇਕਾ ਚੁਕਵਾਉਣ ਲਈ ਜ਼ਿਲੇ ਦੇ ਉੱਚ ਅਧਿਕਾਰੀਆਂ ਨੂੰ ਮਤਾ ਪਾ ਕੇ ਦਿੱਤਾ ਹੋਇਆ ਹੈ, ਉਥੇ ਹੀ ਸਰਕਾਰੀ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਵੀ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਭੇਜੀ ਗਈ ਹੈ ਕਿ ਸ਼ਰਾਬ ਦਾ ਠੇਕਾ ਇਥੋਂ ਚੁਕਵਾਇਆ ਜਾਵੇ।
ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਬਲਾਕ ਸਕੱਤਰ ਸੁਖਰਾਜ ਸਿੰਘ ਰਹੂੜਿਆਂਵਾਲੀ ਨੇ ਕਿਹਾ ਕਿ ਜੇਕਰ ਸ਼ਰਾਬ ਦਾ ਠੇਕਾ ਇਥੋਂ ਨਾ ਚੁਕਵਾਇਆ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਇਸ ਦੇ ਖਿਲਾਫ਼ ਜ਼ੋਰਦਾਰ ਸੰਘਰਸ਼ ਸ਼ੁਰੂ ਕਰੇਗੀ।
