ਕੀ ਸਚਮੁੱਚ ਹੋਵੇਗੀ CM ਮਾਨ ਅਤੇ ਵਿਰੋਧੀ ਧਿਰਾਂ ਦੀ ਵੱਡੀ ਸਿਆਸੀ ਬਹਿਸ

10/08/2023 6:56:36 PM

ਜਲੰਧਰ (ਬਿਊਰੋ) : ਪੰਜਾਬ ਦੇ ਸਿਆਸੀ ਇਤਿਹਾਸ ਵਿਚ ਵਿਰੋਧੀ ਧਿਰਾਂ ਵੱਲੋਂ ਸੱਤਾਧਿਰ ਜਾਂ ਮੁੱਖ ਮੰਤਰੀ ਨੂੰ ਬਹਿਸ ਕਰਨ ਲਈ ਚੁਣੌਤੀ ਦੇਣ ਦੀਆਂ ਖ਼ਬਰਾਂ ਤਾਂ ਅਸੀਂ ਅਕਸਰ ਹੀ ਸੁਣਦੇ ਆਏ ਹਾਂ ਪਰ ਅੱਜਤਕ ਕਿਸੇ ਵੀ ਮੁੱਖ ਮੰਤਰੀ ਨੇ ਕਦੇ ਵਿਰੋਧੀਆਂ ਦੇ ਮਨ ਦੀ ਮੁਰਾਦ ਪੂਰੀ ਨਹੀ ਕੀਤੀ ਹੈ। ਪਰ ਅਜਿਹਾ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਜਦੋਂ ਕਿਸੇ ਮੁੱਖ ਮੰਤਰੀ ਨੇ ਹੀ ਵਿਰੋਧੀ ਧਿਰਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੋਵੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਤੜਕਸਾਰ ਹੀ ਵਿਰੋਧੀ ਧਿਰ ਨੂੰ ਸ਼ਸ਼ੋਪੰਜ ਵਿਚ ਪਾ ਦਿੱਤਾ ਗਿਆ ਹੈ। ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਰੋਜ਼ ਦੀ ਕਿਚ-ਕਿਚ ਦਾ ਖ਼ਾਤਮਾ ਕਰਦਿਆਂ ਉਹ ਤਮਾਮ ਵਿਰੋਧੀ ਧਿਰਾਂ ਨੂੰ ਸਾਰੇ ਮਸਲਿਆਂ ’ਤੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦੇ ਹਨ। ਗੌਰਤਲਬ ਹੈ ਕਿ ਸੁਖਬੀਰ ਸਿੰਘ ਬਾਦਲ, ਸੁਨੀਲ ਜਾਖੜ ਅਤੇ ਪ੍ਰਤਾਪ ਸਿੰਘ ਬਾਜਵਾ ਹਰ ਰੋਜ਼ ਕਿਸੇ ਨਾ ਕਿਸੇ ਮਸਲੇ ’ਤੇ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹਨ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਚੈਲੰਜ ਨੂੰ ਜਾਖੜ ਨੇ ਕੀਤਾ ਕਬੂਲ

ਹਾਲ ਹੀ ’ਚ ਸੁਖਬੀਰ ਬਾਦਲ ਨੇ ਵੀ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਅਜਿਹੇ ’ਚ ਹੁਣ ਖੁਦ ਮੁੱਖ ਮੰਤਰੀ ਹੀ ਸਾਰੇ ਮਸਲਿਆਂ ਦਾ ਨਬੇੜਾ ਕਰਨ ਲਈ ਜਨਤਕ ਤੌਰ ’ਤੇ ਬਹਿਸ ਕਰਨ ਲਈ ਚੁਣੌਤੀ ਦੇ ਰਹੇ ਹਨ। ਗੌਰਤਲਬ ਹੈ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜਾ ਨੇ ਇਸ ਬਹਿਸ ਨੂੰ ਕਰਨ ਲਈ ਸ਼ਰਤਾਂ ਰੱਖ ਦਿੱਤੀਆਂ ਹਨ ਜਦਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨੇ ਅਜੇ ਤਕ ਇਸ ਮਾਮਲੇ ’ਚ ਚੁੱਪੀ ਧਾਰੀ ਹੋਈ ਹੈ। ਪਰ ਵੱਡਾ ਸਵਾਲ ਹੈ ਕਿ ਕੀ ਸੱਚਮੁੱਚ ਵਿਰੋਧੀ ਧਿਰਾਂ ਇਸ ਬਹਿਸ ਵਿਚ ਸ਼ਾਮਲ ਹੋਣਗੀਆਂ। ਜੇਕਰ ਹੁੰਦੀਆਂ ਹਨ ਤਾਂ ਅਜਿਹਾ ਪੰਜਾਬ ਹੀ ਨਹੀਂ ਸਗੋਂ ਦੇਸ਼ ਦੀ ਸਿਅਤਸਤ ਵਿਚ ਵੀ ਪਹਿਲੀ ਵਾਰ ਹੋਵੇਗਾ ਜਦੋਂ ਖੁਦ ਮੁੱਖ ਮੰਤਰੀ ਲੋਕਾਂ ਦੀ ਕਚਿਹਰੀ ’ਚ ਆ ਕੇ ਵਿਰੋਧੀਆਂ ਦਾ ਜਵਾਬ ਦੇਣਗੇ। ਗੌਰਤਲਬ ਹੈ ਕਿ ਹੁਣ ਤੱਕ ਸਿਰਫ ਵਿਦੇਸ਼ਾਂ ਵਿਚ ਹੀ ਲੀਡਰ ਆਹਮੋ-ਸਾਹਮਣੇ ਜਨਤਾ ਦੇ ਦਰਬਾਰ ’ਚ ਮੁੱਦਿਆਂ ’ਤੇ ਬਹਿਸ ਕਰਦੇ ਹਨ ਪਰ ਜੇਕਰ ਇਹ ਪੰਜਾਬ ਵਿਚ ਹੋ ਜਾਂਦਾ ਹੈ ਤਾਂ ਇਸ ਨੂੰ ਇਤਿਹਾਸਕ ਮੰਨਿਆ ਜਾਵੇਗਾ। 

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਕਬੂਲ ਕੀਤਾ ਭਗਵੰਤ ਮਾਨ ਦਾ ਚੈਲੰਜ, ਰੱਖੀਆਂ ਇਹ ਸ਼ਰਤਾਂ

ਹਾਲਾਂਕਿ ਇਸ ਬਹਿਸ ’ਚ ਜਿੱਤਦਾ ਜਾਂ ਹਾਰਦਾ ਕੌਣ ਹੈ ਇਹ ਬਾਅਦ ਦੀ ਗੱਲ ਹੈ ਪਰ ਮੁੱਖ ਮੰਤਰੀ ਨੇ ਸਾਫ ਕਰ ਦਿੱਤਾ ਹੈ ਕਿ ਉਹ ਵਿਰੋਧੀ ਧਿਰਾਂ ਨੂੰ ਤਿਆਰੀ ਲਈ 1 ਨਵੰਬਰ ਤੱਕ ਦਾ ਸਮਾਂ ਦਿੰਦੇ ਹਨ ਤੇ ਨਾਲ ਹੀ ਦੂਜੇ ਲੀਡਰ ਕਾਗਜ਼ ਵੀ ਲਿਆ ਸਕਦੇ ਹਨ। ਉਮੀਦ ਕਰਦੇ ਹਾਂ ਕਿ ਇਸ ਬਹਿਸ ਤੋਂ ਮੁੱਖ ਮੰਤਰੀ ਅਤੇ ਵਿਰੋਧੀ ਧਿਰਾਂ ਪਿੱਛੇ ਨਹੀਂ ਹਟਣਗੀਆਂ। ਮਾਨ ਦੇ ਇਸ ਬਿਆਨ ਨੇ ਵਿਰੋਧੀ ਧਿਰਾਂ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ। ਕਿਉਂਕਿ ਹੁਣ ਤੱਕ ਲਗਭਗ ਮੁੱਖ ਮੰਤਰੀ ਸਰਕਾਰ ਖ਼ਿਲਾਫ਼ ਉੱਠ ਰਹੇ ਮਸਲਿਆਂ ‘ਤੇ ਬੋਲਣ ਤੋਂ ਪਾਸਾ ਵੱਟਦੇ ਰਹੇ ਨੇ ਪਰ ਮਾਨ ਨੇ ਖੁਦ ਸਾਰੇ ਮਸਲਿਆਂ ਤੇ ਵਿਰੋਧੀਆਂ ਨੂੰ ਬਹਿਸ ਕਰਨ ਲਈ ਵੰਗਾਰਿਆ ਹੈ।ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਇਸ ਚੋਣੌਤੀ ਨੂੰ ਬੜੀ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਛੇਤੀ ਹੀ ਇਸ ਲਈ ਜਗ੍ਹਾ ਜਾਂ ਸਥਾਨ ਵੀ ਤੈਅ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧੀਆਂ ਨੂੰ ਖੁੱਲ੍ਹਾ ਚੈਲੰਜ, ਰੋਜ਼ ਦੀ ਕਿੱਚ-ਕਿੱਚ ਨਾਲੋਂ ਇਕੋ ਵਾਰ ਕਰੀਏ ਲਾਈਵ ਬਹਿਸ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Gurminder Singh

Content Editor

Related News