ਨਿਗਮ ''ਚ ਸੋਮਵਾਰ ਨੂੰ ਲੱਗੇਗਾ ਤਾਲਾ
Saturday, Feb 24, 2018 - 06:56 AM (IST)

ਜਲੰਧਰ, (ਖੁਰਾਣਾ)- ਆਰਥਿਕ ਤੰਗੀ ਨਾਲ ਜੂਝ ਰਹੇ ਜਲੰਧਰ ਨਗਰ ਨਿਗਮ ਲਈ ਆਪਣੇ ਕਰਮਚਾਰੀਆਂ ਨੂੰ ਤਨਖਾਹ ਤੱਕ ਦੇਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਫਰਵਰੀ ਦੇ 22 ਦਿਨ ਬੀਤ ਜਾਣ ਤੋਂ ਬਾਅਦ ਜਨਵਰੀ ਮਹੀਨੇ ਦੀ ਤਨਖਾਹ ਨਾ ਮਿਲਣ ਤੋਂ ਨਾਰਾਜ਼ ਨਿਗਮ ਕਰਮਚਾਰੀਆਂ ਨੇ ਸੋਮਵਾਰ ਨੂੰ ਨਿਗਮ ਵਿਚ ਤਾਲਾ ਲਾਉਣ ਤੇ ਹੜਤਾਲ ਕਰਨ ਦੀ ਧਮਕੀ ਦਿੱਤੀ ਹੈ। ਹੜਤਾਲ ਦਾ ਸੱਦਾ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਦਿੱਤਾ ਹੈ, ਜਿਸ ਵਿਚ ਮਨਿਸਟੀਰੀਅਲ ਸਟਾਫ ਯੂਨੀਅਨ ਤੇ ਨਿਗਮ ਦੀਆਂ ਕਈ ਹੋਰ ਯੂਨੀਅਨਾਂ ਸ਼ਾਮਲ ਹਨ। ਯੂਨੀਅਨ ਆਗੂਆਂ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਤਨਖਾਹ ਨਹੀਂ ਮਿਲ ਜਾਂਦੀ ਤਦ ਤੱਕ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਰਹੇਗੀ ਤੇ ਨਿਗਮ ਵਿਚ ਕੋਈ ਕੰਮਕਾਜ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਨਿਗਮ ਆਪਣੇ ਕਰਮਚਾਰੀਆਂ ਨੂੰ ਹਰ ਮਹੀਨੇ ਕਰੀਬ 15 ਕਰੋੜ ਰੁਪਏ ਦੀ ਤਨਖਾਹ ਦਿੰਦਾ ਹੈ। ਪਿਛਲੇ ਕੁਝ ਦਿਨਾਂ ਤੋਂ ਤਨਖਾਹ ਨਾ ਮਿਲਣ ਕਾਰਨ ਨਿਗਮ ਕਰਮਚਾਰੀ ਗੁੱਸੇ ਵਿਚ ਹਨ ਤੇ ਅੰਸ਼ਕ ਹੜਤਾਲ ਤੱਕ ਕਰ ਚੁੱਕੇ ਹਨ। ਸੋਮਵਾਰ ਨੂੰ ਪੂਰਨ ਹੜਤਾਲ ਦੇ ਐਲਾਨ ਤੋਂ ਘਬਰਾ ਕੇ ਨਿਗਮ ਪ੍ਰਸ਼ਾਸਨ ਨੇ ਅੱਜ ਸਟਾਫ ਸੈਲਰੀ ਦੇ ਰੂਪ ਵਿਚ 2 ਕਰੋੜ ਰੁਪਏ ਜਾਰੀ ਕੀਤੇ। ਦੂਜੇ ਪਾਸੇ ਯੂਨੀਅਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ, ਤਦ ਤੱਕ ਹੜਤਾਲ ਦਾ ਸੱਦਾ ਵਾਪਸ ਨਹੀਂ ਲਿਆ ਜਾਵੇਗਾ।
ਕਾਂਗਰਸੀ ਵਿਧਾਇਕਾਂ ਖਿਲਾਫ ਹਾਈ ਕੋਰਟ ਜਾਣਗੇ ਨਿਗਮ ਕਰਮਚਾਰੀ
ਐੱਸ. ਸੀ. ਐਕਟ ਤੇ ਡੀ. ਜੀ.ਪੀ. ਨੂੰ ਵੀ ਲਾਈ ਜਾਵੇਗੀ ਸ਼ਿਕਾਇਤ
ਨਿਗਮ ਯੂਨੀਅਨ ਆਗੂ ਚੰਦਨ ਗਰੇਵਾਲ ਨੇ ਦੱਸਿਆ ਕਿ ਤਨਖਾਹ ਦੀ ਮੰਗ ਕਰ ਰਹੇ ਨਿਗਮ ਕਰਮਚਾਰੀਆਂ ਵਿਚੋਂ ਵਿੱਕੀ ਸਹੋਤਾ ਤੇ ਬਲਵਿੰਦਰ ਥਾਪਰ ਨਾਲ ਬਦਸਲੂਕੀ ਕਰਨ ਵਾਲੇ ਵਿਧਾਇਕ ਬਾਵਾ ਹੈਨਰੀ, ਪਰਗਟ ਸਿੰਘ ਤੇ ਰਾਜਿੰਦਰ ਬੇਰੀ ਖਿਲਾਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਜਾਵੇਗੀ। ਉਨ੍ਹਾਂ ਦਲਿਤ ਕਰਮਚਾਰੀਆਂ ਨਾਲ ਬੇਹੱਦ ਗੈਰ-ਸਭਿਅਕ ਭਾਸ਼ਾ ਦਾ ਇਸਤੇਮਾਲ ਕੀਤਾ ਹੈ, ਜਿਸ ਲਈ ਐੱਸ. ਸੀ. ਐਕਟ ਦੇ ਤਹਿਤ ਵੀ ਮੁਕੱਦਮਾ ਦਰਜ ਕਰਵਾਇਆ ਜਾਵੇਗਾ ਤੇ ਡੀ. ਜੀ. ਪੀ. ਨੂੰ ਸ਼ਿਕਾਇਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਤੇ ਬਾਵਾ ਹੈਨਰੀ ਪੜ੍ਹੇ-ਲਿਖੇ ਆਗੂ ਹਨ। ਜਿਹੋ ਜਿਹੀ ਭਾਸ਼ਾ ਉਨ੍ਹਾਂ ਵਰਤੀ, ਅਜਿਹੀ ਭਾਸ਼ਾ ਤਾਂ ਕੋਈ ਭਿਖਾਰੀ ਵੀ ਨਹੀਂ ਵਰਤਦਾ। ਵਿਧਾਇਕ ਪਰਗਟ ਸਿੰਘ 'ਤੇ ਵਰ੍ਹਦਿਆਂ ਚੰਦਨ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਸਿਆਸਤ ਨੂੰ ਆਪਣਾ ਧੰਦਾ ਬਣਾ ਲਿਆ ਹੈ। ਪਿਛਲੀ ਸਰਕਾਰ ਵਿਚ ਵੀ ਉਹ ਸੁਖਬੀਰ ਦੇ ਕਰੀਬੀ ਸਨ ਤੇ ਹੁਣ ਵੀ ਸੱਤਾ ਵਿਚ ਰਹਿ ਕੇ ਧੌਂਸ ਜਮਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਕਾਂਗਰਸੀ ਵਿਧਾਇਕ ਅੱਜ ਵਾਲਮੀਕਿ ਭਾਈਚਾਰੇ ਨੂੰ ਚੰਗਾ ਮੰਦਾ ਬੋਲ ਰਹੇ ਹਨ, ਉਨ੍ਹਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਜਦੋਂ ਹੜਤਾਲ ਹੋਈ ਸੀ ਤਾਂ ਇਹ ਆਗੂ ਹੀ ਵਾਲਮੀਕਿ ਸਮਾਜ ਨਾਲ ਖੜ੍ਹੇ ਹੋ ਕੇ ਦਰੀਆਂ 'ਤੇ ਬੈਠੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਾਇਕਾਂ ਦੀ ਕਾਂਗਰਸ ਹਾਈਕਮਾਨ ਕੋਲ ਵੀ ਸ਼ਿਕਾਇਤ ਕੀਤੀ ਜਾਵੇਗੀ ਤੇ ਟਿਕਟ ਅਲਾਟਮੈਂਟ ਦੇ ਆਧਾਰ ਬਾਰੇ ਪਤਾ ਲਾਇਆ ਜਾਵੇਗਾ।
ਵਾਲਮੀਕਿ ਭਾਈਚਾਰੇ ਨੇ ਬਾਵਾ ਹੈਨਰੀ ਦਾ ਪੁਤਲਾ ਫੂਕਿਆ
ਵਾਲਮੀਕਿ ਭਾਈਚਾਰੇ ਨਾਲ ਸਬੰਧਤ ਨਿਗਮ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਦੇ ਮਾਮਲੇ ਨੂੰ ਲੈ ਕੇ ਵਾਲਮੀਕਿ ਭਾਈਚਾਰੇ ਨੇ ਅੱਜ ਨਾਰਥ ਹਲਕੇ ਤੋਂ ਵਿਧਾਇਕ ਬਾਵਾ ਹੈਨਰੀ ਦਾ ਪੁਤਲਾ ਫੂਕਿਆ ਤੇ ਉਨ੍ਹਾਂ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਵਾਲਮੀਕਿ ਆਗੂਆਂ ਨੇ ਜੀ. ਟੀ. ਰੋਡ 'ਤੇ ਰੋਸ ਮਾਰਚ ਕੱਢ ਆਪਣਾ ਗੁੱਸਾ ਪ੍ਰਗਟ ਕੀਤਾ ਤੇ ਕਾਂਗਰਸ ਸਰਕਾਰ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਬਾਵਾ ਹੈਨਰੀ ਨੇ ਹੰਕਾਰ ਵਿਚ ਆ ਕੇ ਵਾਲਮੀਕਿ ਭਾਈਚਾਰੇ ਦਾ ਅਪਮਾਨ ਕੀਤਾ ਹੈ।