ਪਤੀ ਨੇ ਕੀਤੀ ਕੁੱਟਮਾਰ, ਕਰਵਾਇਆ ਗਰਭਪਾਤ, ਕਈ ਕੁੜੀਆਂ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼

Monday, Aug 21, 2023 - 10:37 AM (IST)

ਪਤੀ ਨੇ ਕੀਤੀ ਕੁੱਟਮਾਰ, ਕਰਵਾਇਆ ਗਰਭਪਾਤ, ਕਈ ਕੁੜੀਆਂ ਨਾਲ ਨਾਜਾਇਜ਼ ਸਬੰਧਾਂ ਦਾ ਦੋਸ਼

ਲੁਧਿਆਣਾ (ਰਾਮ) : ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ਦੇ ਇਕ ਘਰ ਦੇ ਬਾਹਰ ਮੁੰਬਈ ਤੋਂ ਆਈ ਔਰਤ ਨੇ ਹਾਈਵੋਲਟੇਜ ਡਰਾਮਾ ਕੀਤਾ। ਇੱਥੇ ਔਰਤ ਨੇ ਦੋਸ਼ ਲਾਇਆ ਕਿ ਨੌਜਵਾਨ ਨੇ ਮੁੰਬਈ 'ਚ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ ਸੀ। ਜਦੋਂ ਉਸ ਨੇ ਕੇਸ ਦਰਜ ਕਰਵਾਇਆ ਤਾਂ ਨੌਜਵਾਨ ਉਸ ਨਾਲ ਵਿਆਹ ਕਰਨ ਲਈ ਮੰਨ ਗਿਆ। ਇਸ ਤੋਂ ਬਾਅਦ ਨੌਜਵਾਨ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਉਸ ਦੇ ਕੋਲ ਹੈ। ਔਰਤ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਹ ਗਰਭਵਤੀ ਹੋਈ ਪਰ ਪਤੀ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ ਪਰ ਹੁਣ ਫਿਰ ਉਹ ਗਰਭਵਤੀ ਹੈ। ਔਰਤ ਨੇ ਕਿਹਾ ਕਿ ਪਤੀ ਉਸ ਨੂੰ ਮੁੰਬਈ ਤੋਂ ਇਹ ਕਹਿ ਕੇ ਪੰਜਾਬ ਆਇਆ ਸੀ ਕਿ ਉਸ ਨੇ ਕਈ ਲੋਕਾਂ ਦੇ ਪੈਸੇ ਦੇਣੇ ਹਨ। ਕਰੀਬ 1 ਸਾਲ ਉਹ ਇਧਰ-ਉੱਧਰ ਰਹਿ ਕੇ ਉਨ੍ਹਾਂ ਸਾਰੇ ਲੋਕਾਂ ਦੇ ਪੈਸੇ ਦੇ ਦੇਵੇਗਾ। ਔਰਤ ਦੇ ਮੁਤਾਬਕ ਉਸ ਦਾ ਪਤੀ ਉਸ ਨਾਲ ਫੋਨ ’ਤੇ ਬਹੁਤ ਘੱਟ ਗੱਲਬਾਤ ਕਰਦਾ ਸੀ। ਉਸ ਨੂੰ ਸ਼ੱਕ ਹੋਇਆ ਕਿ ਪਤੀ ਦੇ ਕਈ ਕੁੜੀਆਂ ਨਾਲ ਨਾਜਾਇਜ਼ ਸਬੰਧ ਹਨ। ਇਸ ਤੋਂ ਬਾਅਦ ਉਸ ਨੇ ਪਤੀ ਨੂੰ ਫੋਨ ਕਰਨੇ ਸ਼ੁਰੂ ਕੀਤੇ ਤਾਂ ਉਹ ਉਸ ਨਾਲ ਗਾਲੀ-ਗਲੋਚ ’ਤੇ ਉਤਰ ਆਇਆ। ਇਸੇ ਕਾਰਨ ਉਹ ਮੁੰਬਈ ਤੋਂ ਫਲਾਈਟ ਲੈ ਕੇ ਮੋਹਾਲੀ ਪੁੱਜੀ। ਰਿਸ਼ਭ ਦੇ ਆਧਾਰ ਕਾਰਡ ਮੁਤਾਬਕ ਪਤੇ ’ਤੇ ਸਰਚ ਕਰਦੇ ਹੋਏ ਲੋਕਾਂ ਨੂੰ ਉਸ ਦੀ ਫੋਟੋ ਦਿਖਾ ਕੇ ਉਸ ਨੇ ਉਸ ਦਾ ਘਰ ਲੱਭ ਲਿਆ। ਰਿਸ਼ਭ ਦੀ ਮਾਂ ਨੇ ਉਸ ਨੂੰ ਘਰ ਵਿਚ ਦਾਖ਼ਲ ਨਹੀਂ ਹੋਣ ਦਿੱਤਾ, ਜਿਸ ਕਾਰਨ ਉਸ ਦੇ ਪਤੀ ਦੀ ਮਾਂ ਨਾਲ ਖੂਬ ਬਹਿਸਬਾਜ਼ੀ ਹੋਈ। ਉਧਰ, ਨੌਜਵਾਨ ਦੀ ਮਾਂ ਨੇ ਪੁਲਸ ਨੂੰ ਕਿਹਾ ਕਿ ਉਹ ਨਹੀਂ ਜਾਣਦੀ ਕਿ ਇਹ ਔਰਤ ਕੌਣ ਹੈ, ਜਦਕਿ ਔਰਤ ਨੇ ਕਿਹਾ ਕਿ ਉਹ ਪੂਰੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਛਾਣਦੀ ਹੈ। ਹੁਣ ਪਰਿਵਾਰ ਨੇ ਹੀ ਉਸ ਦੇ ਪਤੀ ਨੂੰ ਲੁਕੋ ਕੇ ਰੱਖਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪਲਟਿਆ ਤੇਲ ਨਾਲ ਭਰਿਆ ਟੈਂਕਰ, ਦੇਖੋ ਮੌਕੇ ਦੇ ਹਾਲਾਤ ਬਿਆਨ ਕਰਦੀਆਂ ਤਸਵੀਰਾਂ
ਬੈਗ ਨੂੰ ਲੈ ਕੇ ਵੀ ਹੋਇਆ ਹੰਗਾਮਾ, ਪੁਲਸ 'ਚ ਦਰਜ ਕਰਵਾਈ ਸ਼ਿਕਾਇਤ
ਮੌਕੇ ’ਤੇ ਪੁੱਜੀ ਥਾਣਾ ਜਮਾਲਪੁਰ ਦੀ ਪੁਲਸ ਦੇ ਨਾਲ ਉਸ ਦੀ ਬਹਿਸਬਾਜ਼ੀ ਹੁੰਦੀ ਰਹੀ। ਉਸ ਨੇ ਕਿਹਾ ਕਿ ਜਦੋਂ ਉਹ ਪਤੀ ਦੇ ਘਰ 'ਚ ਦਾਖ਼ਲ ਹੋਈ ਤਾਂ ਉਸ ਦੇ ਕੋਲ 2 ਬੈਗ ਸਨ। ਹੁਣ ਉਸ ਦੇ ਪਤੀ ਦੇ ਪਰਿਵਾਰਕ ਮੈਂਬਰ ਉਸ ਨੂੰ ਬੈਗ ਨਹੀਂ ਮੋੜ ਰਹੇ। ਥਾਣਾ ਜਮਾਲਪੁਰ ਤੋਂ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਔਰਤ ਕਹਿ ਰਹੀ ਹੈ ਕਿ ਉਸ ਦਾ ਬੈਗ ਘਰ ਦੇ ਅੰਦਰ ਹੈ। ਘਰ ਦੇ ਮਾਲਕ ਨੂੰ ਬੇਨਤੀ ਕੀਤੀ ਹੈ ਕਿ ਉਹ ਬੈਗ ਵਾਪਸ ਕਰ ਦੇਵੇ ਪਰ ਉਹ ਲੋਕ ਸਾਫ਼ ਤੌਰ ’ਤੇ ਕਹਿ ਰਹੇ ਹਨ ਕਿ ਉਨ੍ਹਾਂ ਦੇ ਬੇਟੇ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਕੋਲ ਕੋਈ ਬੈਗ ਨਹੀਂ ਹੈ। ਔਰਤ ਬੈਗ ਗੁਆਚ ਜਾਣ ਦੀ ਸ਼ਿਕਾਇਤ ਥਾਣੇ 'ਚ ਦਰਜ ਕਰਵਾ ਰਹੀ ਹੈ। ਇਸ ਤੋਂ ਬਾਅਦ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕਰ ਲਏ ਜਾਣਗੇ। ਮਾਮਲਾ ਮੁੰਬਈ ਦਾ ਹੈ, ਪੁਲਸ ਮੁਲਾਜ਼ਮ ਔਰਤ ਨੂੰ ਹਾਲ ਦੀ ਘੜੀ ਕਿਸੇ ਸੁਰੱਖਿਅਤ ਜਗ੍ਹਾ ’ਤੇ ਠਹਿਰਾਉਣ ਦਾ ਪ੍ਰਬੰਧ ਕਰ ਰਹੇ ਹਨ। ਨੌਜਵਾਨ ਨਾਲ ਫੋਨ ’ਤੇ ਗੱਲ ਹੋਈ ਹੈ। ਜੇਕਰ ਨੌਜਵਾਨ ਮੁਲਜ਼ਮ ਹੈ ਤਾਂ ਇਸ ਔਰਤ ਨੂੰ ਮੁੰਬਈ ਤੋਂ ਹੀ ਪੁਲਸ ਨਾਲ ਲਿਆਉਣੀ ਚਾਹੀਦੀ ਸੀ। ਔਰਤ ਨੇ ਅਜੇ ਨੌਜਵਾਨ ਦੇ ਖ਼ਿਲਾਫ਼ ਥਾਣਾ ਜਮਾਲਪੁਰ ਵਿਚ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਭੰਗ ਕਰਨ ਦਾ ਮਾਮਲਾ ਪੁੱਜਾ ਹਾਈਕੋਰਟ, ਫੈ਼ਸਲੇ ਨੂੰ ਦਿੱਤੀ ਗਈ ਚੁਣੌਤੀ
ਔਰਤ ਦਾ ਦੋਸ਼ : ਪਤੀ ਨੇ ਬਿਨਾਂ ਤਲਾਕ ਲਏ ਹੀ ਰਚਾਇਆ ਮੇਰੇ ਨਾਲ ਵਿਆਹ
ਔਰਤ ਨੇ ਦੱਸਿਆ ਕਿ ਦੋਵਾਂ ਦੀ ਮੁਲਾਕਾਤ ਤਲਾਕਸ਼ੁਦਾ ਡੇਟਿੰਗ ਵੈੱਬਸਾਈਟ ’ਤੇ ਹੋਈ ਸੀ। ਇਸ ਤੋਂ ਬਾਅਦ ਕਰੀਬ ਡੇਢ ਸਾਲ ਉਹ ਉਸ ਦੇ ਨਾਲ ਲਿਵ ਇਨ ਰਿਲੇਸ਼ਨ ਵਿਚ ਰਹੀ। ਉਸ ਦਾ ਵੀ ਪਹਿਲਾਂ ਵਿਆਹ ਹੋ ਚੁੱਕਾ ਸੀ। ਉਹ ਤਲਾਕਸ਼ੁਦਾ ਹੈ। ਉਸ ਨੇ ਆਪਣੇ ਤਲਾਕ ਹੋਣ ਦਾ ਕਾਰਨ ਵੀ ਦੱਸਿਆ ਪਰ ਉਸ ਦੇ ਪਤੀ ਨੇ ਪਹਿਲੀ ਪਤਨੀ ਨੂੰ ਅਜੇ ਤੱਕ ਤਲਾਕ ਨਹੀਂ ਦਿੱਤਾ। ਬਿਨਾਂ ਤਲਾਕ ਦਿੱਤੇ ਉਸ ਨਾਲ ਸਬੰਧ ਬਣਾਉਂਦਾ ਰਿਹਾ। ਜਾਣ-ਪਛਾਣ ਹੋਣ ਤੋਂ ਬਾਅਦ ਉਹ ਉਸ ਨਾਲ ਆਮ ਕਰ ਕੇ ਮਿਲਦਾ ਰਿਹਾ। ਇਸ ਕਾਰਨ ਉਨ੍ਹਾਂ ਵਿਚ ਨਜ਼ਦੀਕੀਆਂ ਵੱਧਦੀਆਂ ਗਈਆਂ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਨਾਲ ਕੁੱਟਮਾਰ ਇੰਨੀ ਜ਼ਿਆਦਾ ਹੋਣ ਲੱਗੀ ਕਿ ਉਸ ਨੂੰ ਆਪਣੇ ਘਰ 'ਚ ਸੀ. ਸੀ. ਟੀ. ਵੀ. ਕੈਮਰੇ ਲਗਵਾਉਣੇ ਪਏ ਤਾਂ ਕਿ ਰਿਸ਼ਭ ਦੀਆਂ ਹਰਕਤਾਂ ਸੀ. ਸੀ. ਟੀ. ਵੀ. 'ਚ ਰਿਕਾਰਡ ਹੋ ਸਕਣ। ਔਰਤ ਨੇ ਦੱਸਿਆ ਕਿ ਸ਼ੱਕ ਹੋਣ ਦੇ ਆਧਾਰ ’ਤੇ ਉਸ ਨੇ ਪਤੀ ਦੀ ਕਾਰ ਵਿਚ ਮੋਬਾਇਲ ਰਿਕਾਰਡਰ ਰੱਖਿਆ ਤਾਂ ਪਤਾ ਲੱਗਾ ਕਿ ਉਸ ਦੇ ਪਤੀ ਦੇ ਕਰੀਬ 6 ਤੋਂ 8 ਕੁੜੀਆਂ ਦੇ ਨਾਲ ਸਬੰਧ ਹਨ। ਇਨ੍ਹਾਂ ਸਾਰਿਆਂ ਨੂੰ ਉਹ ਹਵਸ ਦਾ ਸ਼ਿਕਾਰ ਬਣਾ ਕੇ ਜਬਰ-ਜ਼ਿਨਾਹ ਕਰਦਾ ਰਿਹਾ। ਇਨ੍ਹਾਂ ਹੀ ਕੁੜੀਆਂ ਦੇ ਪੈਸਿਆਂ ’ਤੇ ਉਹ ਅੱਯਾਸ਼ੀ ਕਰਦਾ ਸੀ। ਹੁਣ ਜਦੋਂ ਇਨ੍ਹਾਂ ਸਾਰੀਆਂ ਹਰਕਤਾਂ ਦਾ ਭਾਂਡਾ ਭੱਜ ਗਿਆ ਤਾਂ ਉਹ ਘਰੋਂ ਫ਼ਰਾਰ ਹੈ। ਆਉਣ ਵਾਲੇ ਦਿਨਾਂ ਵਿਚ ਸਾਰੀਆਂ ਕੁੜੀਆਂ ਉਸ ਦੇ ਘਰ ਦੇ ਬਾਹਰ ਪੁੱਜਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Babita

Content Editor

Related News