ਪਤਨੀ ਅਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Monday, May 24, 2021 - 04:49 PM (IST)

ਮੋਗਾ (ਅਜ਼ਾਦ) : ਮੋਗਾ ਨੇੜਲੇ ਪਿੰਡ ਮਹਿਣਾ ਨਿਵਾਸੀ ਗੁਰਜੰਟ ਸਿੰਘ (33) ਵੱਲੋਂ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਣਾ ਪੁਲਸ ਨੇ ਮ੍ਰਿਤਕ ਦੀ ਮਾਤਾ ਅਜਮੇਰ ਕੌਰ ਦੀ ਸ਼ਿਕਾਇਤ ’ਤੇ ਮ੍ਰਿਤਕ ਦੀ ਪਤਨੀ ਰਾਜਵੀਰ ਕੌਰ, ਸਹੁਰਾ ਤ੍ਰਿਲੋਚਨ ਸਿੰਘ, ਸੱਸ ਸਤਵਿੰਦਰ ਕੌਰ ਨਿਵਾਸੀ ਪਿੰਡ ਲੱਖਾ (ਜਗਰਾਓਂ) ਅਤੇ ਬੋਹੜ ਸਿੰਘ ਨਿਵਾਸੀ ਪਿੰਡ ਕਾਲੀਏ ਵਾਲਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਰਾਜਵੀਰ ਕੌਰ ਅਤੇ ਉਸਦੀ ਮਾਤਾ ਸਤਵਿੰਦਰ ਕੌਰ ਨੂੰ ਕਾਬੂ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਨਛੱਤਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਦੀ ਮਾਤਾ ਅਜਮੇਰ ਕੌਰ ਨਿਵਾਸੀ ਪਿੰਡ ਮਹਿਣਾ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਸ ਦੇ ਬੇਟੇ ਗੁਰਜੰਟ ਸਿੰਘ ਦਾ ਵਿਆਹ ਕਰੀਬ 3 ਸਾਲ ਪਹਿਲਾਂ ਰਾਜਵੀਰ ਕੌਰ ਪੁੱਤਰੀ ਤ੍ਰਿਲੋਚਨ ਸਿੰਘ ਨਿਵਾਸੀ ਪਿੰਡ ਲੱਖਾ (ਜਗਰਾਓਂ) ਨਾਲ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ ਸੀ, ਜਿਸ ਦਾ ਇਕ ਸਾਢੇ 4 ਮਹੀਨੇ ਦਾ ਬੱਚਾ ਵੀ ਹੈ। ਉਸ ਨੇ ਕਿਹਾ ਕਿ ਉਸਦੀ ਨੂੰਹ ਅਤੇ ਸਹੁਰਾ ਪਰਿਵਾਰ ਦੇ ਮੈਂਬਰ ਮੇਰੇ ਬੇਟੇ ਨੂੰ ਅਕਸਰ ਹੀ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸਨ ਅਤੇ ਮੇਰੀ ਨੂੰਹ ਰਾਜਵੀਰ ਕੌਰ ਆਪਣੇ ਪੇਕੇ ਘਰ ਚਲੀ ਗਈ ਸੀ, ਅਸੀਂ ਦੋ ਵਾਰ ਉਸ ਨੂੰ ਪੰਚਾਇਤੀ ਤੌਰ ’ਤੇ ਲੈਣ ਵੀ ਗਏ ਪਰ ਉਹ ਸਾਡੇ ਨਾਲ ਨਹੀਂ ਆਈ।

ਬੀਤੇ ਦਿਨੀਂ ਉਸ ਨੇ ਆਉਣ ਦਾ ਇਕਰਾਰ ਕੀਤਾ ਸੀ ਪਰ ਫਿਰ ਵੀ ਜਦੋਂ ਉਹ ਨਾ ਪੁੱਜੀ ਤਾਂ ਮੇਰਾ ਬੇਟਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਉਸਨੇ ਮੈਂਨੂੰ ਕਿਹਾ ਕਿ ਉਸਦੀ ਸੱਸ ਅਤੇ ਸਹੁਰਾ ਮੈਂਨੂੰ ਡਰਾਉਂਦੇ ਧਮਕਾਉਂਦੇ ਰਹਿੰਦੇ ਹਨ ਅਤੇ ਮੈਂ ਬਹੁਤ ਤੰਗ ਹਾਂ। ਇਸੇ ਕਾਰਣ ਮੇਰੇ ਬੇਟੇ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਤੋਂ ਦੁਖੀ ਹੋ ਕੇ ਘਰ ਅੰਦਰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੇਰੇ ਬੇਟੇ ਦੀ ਮੌਤ ਲਈ ਕਥਿਤ ਦੋਸ਼ੀ ਜ਼ਿੰਮੇਵਾਰ ਹਨ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਕਿਹਾ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ।ਅਦਾਲਤ ਵੱਲੋਂ ਉਨ੍ਹਾਂ ਦੋਹਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਅਤੇ ਮ੍ਰਿਤਕ ਗੁਰਜੰਟ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਦੂਸਰੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News