ਪਤਨੀ ਦੇ ਪ੍ਰੇਮ ਸਬੰਧਾਂ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਪਤੀ ਨੇ ਤੰਗ ਆ ਕੇ ਕਰ ਲਈ ਖ਼ੁਦਕੁਸ਼ੀ
Friday, Aug 19, 2022 - 06:10 PM (IST)

ਮੋਗਾ (ਆਜ਼ਾਦ) : ਬਾਘਾ ਪੁਰਾਣਾ ਨਿਵਾਸੀ ਗੁਰਪ੍ਰੀਤ ਸਿੰਘ (40) ਵੱਲੋਂ ਆਪਣੇ ਪਤਨੀ ਦੇ ਪ੍ਰੇਮ ਸਬੰਧਾਂ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮ੍ਰਿਤਕ ਦੀ ਪਤਨੀ ਅਤੇ ਉਸਦੇ ਕਥਿਤ ਪ੍ਰੇਮੀ ਦੇ ਖ਼ਿਲਾਫ਼ ਥਾਣਾ ਬਾਘਾ ਪੁਰਾਣਾ ਵਿਚ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਬਾਘਾ ਪੁਰਾਣਾ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਰਾਜ ਕੁਮਾਰ ਨਿਵਾਸੀ ਜੱਸੋਵਾਲ ਵਾਲੀ ਗਲੀ ਬਾਘਾ ਪੁਰਾਣਾ ਨੇ ਕਿਹਾ ਕਿ ਉਸਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਦਾ ਵਿਆਹ ਕਰੀਬ 18 ਸਾਲ ਪਹਿਲਾਂ ਮਮਤਾ ਰਾਣੀ ਨਿਵਾਸੀ ਗੰਗਸਰ ਜੈਤੋ (ਫਰੀਦਕੋਟ) ਨਾਲ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਹੋਇਆ ਸੀ, ਜਿਸ ਦੇ 3 ਬੱਚੇ ਹਨ। ਉਸਨੇ ਕਿਹਾ ਕਿ ਕਰੀਬ 7-8 ਸਾਲ ਪਹਿਲਾਂ ਮਮਤਾ ਰਾਣੀ ਦੇ ਵਿੱਕੀ ਨਿਵਾਸੀ ਭਗਤਾ ਭਾਈ (ਬਠਿੰਡਾ) ਨਾਲ ਕਥਿਤ ਨਾਜਾਇਜ਼ ਸਬੰਧ ਹੋ ਗਏ ਸਨ, ਜਿਸ ਦਾ ਪਤਾ ਉਸਦੇ ਭਰਾ ਨੂੰ ਲੱਗਿਆ ਤਾਂ ਉਸਨੇ ਆਪਣੀ ਪਤਨੀ ਨੂੰ ਰੋਕਣ ਦਾ ਯਤਨ ਕੀਤਾ ਪਰ ਉਸਨੇ ਕੋਈ ਗੱਲ ਨਾ ਸੁਣੀ, ਜਿਸ ਕਾਰਣ ਘਰ ਵਿਚ ਲੜਾਈ ਝਗੜਾ ਰਹਿੰਦਾ ਸੀ।
ਉਸ ਨੇ ਕਿਹਾ ਕਿ ਬੀਤੀ 11 ਅਗਸਤ ਨੂੰ ਮਮਤਾ ਮੋਗਾ ਦਵਾਈ ਲੈਣ ਦਾ ਬਹਾਨਾ ਬਣਾ ਕੇ ਆਪਣੇ ਕਥਿਤ ਪ੍ਰੇਮੀ ਵਿੱਕੀ ਨਾਲ ਕਿਤੇ ਚਲੀ ਗਈ। ਇਸ ਕਾਰਣ ਉਸਦਾ ਭਰਾ ਗੁਰਪ੍ਰੀਤ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਅਤੇ ਉਸ ਨੇ ਇਸ ਪ੍ਰੇਸ਼ਾਨੀ ਦੇ ਚੱਲਦੇ ਜ਼ਹਿਰੀਲੀ ਦਵਾਈ ਮੋਨੋਸਲ ਪੀ ਲਈ, ਜਦ ਉਸਦੀ ਹਾਲਤ ਵਿਗੜ ਗਈ ਤਾਂ ਉੁਸ ਨੂੰ ਇਲਾਜ ਲਈ ਬਾਘਾ ਪੁਰਾਣਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਉਸਨੇ 17 ਅਗਸਤ ਦੀ ਸ਼ਾਮ ਨੂੰ ਦਮ ਤੋੜ ਦਿੱਤਾ।
ਰਾਜ ਕੁਮਾਰ ਨੇ ਕਿਹਾ ਕਿ ਉਸਦੇ ਭਰਾ ਨੇ ਆਪਣੀ ਪਤਨੀ ਮਮਤਾ ਰਾਣੀ ਦੇ ਵਿੱਕੀ ਨਾਲ ਨਾਜਾਇਜ਼ ਸਬੰਧਾਂ ਨੂੰ ਲੈ ਕੇ ਚੱਲਦੇ ਵਿਵਾਦ ਕਾਰਣ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕੀਤੀ ਹੈ। ਉਸਦੇ ਭਰਾ ਦੀ ਮੌਤ ਲਈ ਉਸਦੀ ਪਤਨੀ ਅਤੇ ਉਸਦਾ ਕਥਿਤ ਪ੍ਰੇਮੀ ਜ਼ਿੰਮੇਵਾਰ ਹੈ। ਥਾਣਾ ਮੁਖੀ ਨੇ ਕਿਹਾ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੁ ਆ ਜਾਣ ਦੀ ਸੰਭਾਵਨਾ ਹੈ।