ਪਤਨੀ ਨਾਲ ਜ਼ਬਰੀ ਸਬੰਧ ਬਣਾਉਣ ’ਤੇ ਪਤੀ ਖ਼ਿਲਾਫ਼ ਪਰਚਾ ਦਰਜ, ਪੁੱਜਿਆ ਜੇਲ

Monday, Apr 18, 2022 - 05:14 PM (IST)

ਪਤਨੀ ਨਾਲ ਜ਼ਬਰੀ ਸਬੰਧ ਬਣਾਉਣ ’ਤੇ ਪਤੀ ਖ਼ਿਲਾਫ਼ ਪਰਚਾ ਦਰਜ, ਪੁੱਜਿਆ ਜੇਲ

ਭਵਾਨੀਗੜ੍ਹ (ਵਿਕਾਸ) : ਪਤਨੀ ਨਾਲ ਉਸਦੀ ਮਰਜ਼ੀ ਤੋਂ ਬਿਨਾਂ ਸਰੀਰਕ ਸਬੰਧ ਬਣਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ਾਂ ਹੇਠ ਪੁਲਸ ਨੇ ਵਿਆਹੁਤਾ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਵਿਆਹੁਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਅਪ੍ਰੈਲ 2009 ’ਚ ਉਸਦਾ ਦੂਜਾ ਵਿਆਹ ਲਖਵਿੰਦਰ ਸਿੰਘ ਨਾਲ ਹੋਇਆ ਸੀ, ਦੋਵਾਂ ਦੀ ਲਵ-ਮੈਰਿਜ ਸੀ। ਉਕਤ ਨੇ ਦੋਸ਼ ਲਗਾਇਆ ਕਿ ਉਸਦੇ ਪਤੀ ਨੇ 2018 ਤੋਂ ਉਸ ’ਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸਦੇ ਚੱਲਦਿਆਂ ਉਸਨੂੰ ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ। ਕਈ ਵਾਰ ਕੁੱਟਮਾਰ ਵੀ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀ ਪਰ ਬੇਇੱਜ਼ਤੀ ਦੇ ਡਰੋਂ ਉਹ ਚੁੱਪ ਰਹੀ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਲੰਘੀ 24-25 ਫਰਵਰੀ ਦੀ ਦਰਮਿਆਨੀ ਰਾਤ ਪਤੀ ਲਖਵਿੰਦਰ ਸਿੰਘ ਨੇ ਉਸ ਨਾਲ ਕਥਿਤ ਰੂਪ ’ਚ ਉਸਦੀ ਮਰਜ਼ੀ ਤੋਂ ਬਿਨਾਂ ਧੱਕੇ ਨਾਲ ਸਰੀਰਕ ਸਬੰਧ ਬਣਾਏ ਅਤੇ ਲੋਹੇ ਦੀ ਰਾਡ ਨਾਲ ਕੁੱਟਮਾਰ ਕੀਤੀ। ਪੁਲਸ ਨੇ ਔਰਤ ਦੇ ਬਿਆਨਾਂ ’ਤੇ ਪਤੀ ਲਖਵਿੰਦਰ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਰਜਿੰਦਰ ਕੌਰ ਐੱਸ.ਆਈ ਥਾਣਾ ਭਵਾਨੀਗੜ੍ਹ ਨੇ ਦੱਸਿਆ ਕਿ ਮਾਮਲੇ ’ਚ ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ।


author

Gurminder Singh

Content Editor

Related News