ਇਲਾਜ ਖੁਣੋ ਦਮ ਤੋੜ ਗਈ ਪਤਨੀ, ਆਖਰੀ ਵਾਰ ਮਾਂ ਦਾ ਮੂੰਹ ਵੀ ਨਾ ਦੇਖ ਸਕੇ ਬੱਚੇ

Monday, Apr 06, 2020 - 06:30 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦੇ ਪਿੰਡ ਲੁਬਾਣਗੜ੍ਹ ਦੀ ਭੁਪਿੰਦਰ ਕੌਰ (59) ਸੁਚੱਜਾ ਇਲਾਜ ਨਾ ਹੋਣ ਕਾਰਨ ਦਮ ਤੋੜ ਗਈ। ਮ੍ਰਿਤਕਾ ਭੁਪਿੰਦਰ ਕੌਰ ਦੇ ਪਤੀ ਦਰਸ਼ਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਪਤਨੀ ਪਿਛਲੇ ਕਾਫ਼ੀ ਸਮੇਂ ਤੋਂ ਬਲੱਡ ਪ੍ਰੈਸ਼ਰ ਤੇ ਸਾਹ ਦੀ ਬਿਮਾਰੀ ਨਾਲ ਪੀੜਤ ਸੀ। ਕੱਲ੍ਹ ਉਸਦੀ ਹਾਲਤ ਜ਼ਿਆਦਾ ਹੀ ਵਿਗੜ ਗਈ ਜਿਸ ਕਾਰਨ ਉਹ ਉਸਨੂੰ ਮਾਛੀਵਾੜਾ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਇੱਥੇ ਮੈਡੀਕਲ ਰਿਪੋਰਟਾਂ ਦੌਰਾਨ ਡਾਕਟਰ ਨੇ ਉਸ ਨੂੰ ਸ਼ੰਕਾ ਜ਼ਾਹਿਰ ਕੀਤੀ ਕਿ ਭੁਪਿੰਦਰ ਕੌਰ ਦੇ ਖੂਨ ਵਿਚ ਕੈਂਸਰ ਦੇ ਲੱਛਣ ਲੱਗ ਰਹੇ ਹਨ, ਇਸ ਲਈ ਤੁਸੀਂ ਉਸ ਨੂੰ ਲੁਧਿਆਣਾ ਦੇ ਵੱਡੇ ਹਸਪਤਾਲ 'ਚ ਲੈ ਜਾਓ। ਦਰਸ਼ਨ ਸਿੰਘ ਆਪਣੀ ਪਤਨੀ ਭੁਪਿੰਦਰ ਕੌਰ ਨੂੰ ਲੈ ਕੇ ਲੁਧਿਆਣਾ ਦੇ ਵੱਡੇ ਹਸਪਤਾਲ ਪੁੱਜ ਗਿਆ ਜਿੱਥੇ ਐਮਰਜੈਂਸੀ ਵਾਰਡ 'ਚ 2 ਘੰਟੇ ਇਲਾਜ ਉਪਰੰਤ ਹੀ ਡਾਕਟਰਾਂ ਨੇ ਜਵਾਬ ਦੇ ਦਿੱਤਾ ਕਿ ਇੱਥੇ ਇਲਾਜ ਸੰਭਵ ਨਹੀਂ ਹੈ। 

ਇਹ ਵੀ ਪੜ੍ਹੋ : ਮੋਹਾਲੀ ''ਚ ਕੋਰੋਨਾ ਦਾ ਕਹਿਰ ਜਾਰੀ : ਇਕੋ ਪਰਿਵਾਰ ਦੇ 3 ਮੈਂਬਰ ਪਾਜ਼ੇਟਿਵ, 19 ਪੁੱਜਾ ਅੰਕੜਾ

ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਅੱਧੀ ਰਾਤ ਫਿਰ ਆਪਣੀ ਪਤਨੀ ਨੂੰ ਲੈ ਕੇ ਇਕ ਹੋਰ ਵੱਡੇ ਪ੍ਰਾਈਵੇਟ ਹਸਪਤਾਲ ਚਲਾ ਗਿਆ ਪਰ ਉਥੇ ਵੀ ਇਕ ਘੰਟੇ ਦੌਰਾਨ ਉਨ੍ਹਾਂ ਜਵਾਬ ਦੇ ਦਿੱਤਾ ਕਿ ਇਲਾਜ ਨਹੀਂ ਕਰ ਸਕਦੇ। ਦਰਸ਼ਨ ਸਿੰਘ ਨੇ ਕਿਹਾ ਕਿ ਉਸਨੇ ਡਾਕਟਰਾਂ ਦੇ ਬਹੁਤ ਤਰਲੇ ਮਿੰਨਤਾਂ ਕੀਤੇ ਕਿ ਉਸਦੀ ਪਤਨੀ ਨੂੰ ਕੋਈ ਕਰੋਨਾ ਵਰਗੀ ਬਿਮਾਰੀ ਨਹੀਂ ਹੈ, ਇਸ ਲਈ ਉਸ ਦਾ ਇਲਾਜ ਹਸਪਤਾਲ 'ਚ ਕੀਤਾ ਜਾਵੇ ਅਤੇ ਜੋ ਵੀ ਉਸਦੀ ਬਣਦੀ ਅਦਾਇਗੀ ਹੈ ਉਹ ਕਰਨ ਨੂੰ ਤਿਆਰ ਹਨ। ਦਰਸ਼ਨ ਸਿੰਘ ਅਨੁਸਾਰ ਇਸ ਵੱਡੇ ਕਾਰਪੋਰੇਟ ਹਸਪਤਾਲ ਦੇ ਡਾਕਟਰਾਂ ਨੇ ਉਸਦੀ ਇਕ ਨਾ ਮੰਨੀ, ਅਖੀਰ ਉਸਨੇ ਆਪਣੇ ਰਿਸ਼ਤੇਦਾਰਾਂ ਨਾਲ ਸਲਾਹ ਮਸ਼ਵਰਾ ਕਰ ਇਲਾਜ ਲਈ ਮੋਹਾਲੀ ਦੇ ਇਕ ਵੱਡੇ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਚੱਲ ਪਿਆ।

ਇਹ ਵੀ ਪੜ੍ਹੋ : ਕਰਫਿਊ ਦੌਰਾਨ ਵੱਡੀ ਵਾਰਦਾਤ, ਨਾਕੇ ''ਤੇ ਪਿੰਡ ਜਾਣੀਆਂ ਦੇ ਸਰਪੰਚ ਨੂੰ ਮਾਰੀ ਗੋਲੀ    

ਉਸਨੇ ਦੱਸਿਆ ਕਿ ਲੁਧਿਆਣਾ ਤੋਂ ਮੋਹਾਲੀ ਤੱਕ ਸਾਰੇ ਰਸਤੇ 'ਚ ਉਸਦੀ ਪਤਨੀ ਗੱਲਾਂ ਕਰਦੀ ਰਹੀ ਪਰ ਜਦੋਂ ਮੋਹਾਲੀ ਹਸਪਤਾਲ ਦੀ ਦੂਰੀ 20 ਮਿੰਟ ਰਹਿ ਗਈ ਤਾਂ ਅਚਾਨਕ ਉਹ ਬੇਸੁਰਤ ਹੋ ਗਈ ਜਿਸ ਨੂੰ ਹਸਪਤਾਲ ਪੁੱਜਣ 'ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਦਰਸ਼ਨ ਸਿੰਘ ਨੇ ਕਿਹਾ ਕਿ ਉਸਦੀ ਪਤਨੀ ਇਲਾਜ ਨਾ ਹੋਣ ਕਾਰਨ ਦਮ ਤੋੜ ਗਈ ਜਦਕਿ ਇਹੀ ਵੱਡੇ ਹਸਪਤਾਲ ਕੋਰੋਨਾਵਾਇਰਸ ਦੇ ਫੈਲਾਅ ਤੋਂ ਪਹਿਲਾਂ ਮਰੀਜ਼ਾਂ ਦਾ ਮਰਦੇ ਦਮ ਤੱਕ ਇਲਾਜ ਕਰਦੇ ਸਨ ਅਤੇ ਬਣਦੇ ਲੱਖਾਂ ਰੁਪਏ ਵਸੂਲਦੇ ਸਨ। ਉਸਨੇ ਦੱਸਿਆ ਕਿ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਆਪਣੀ ਪਤਨੀ ਨੂੰ ਨਾ ਬਚਾ ਸਕਿਆ।

ਇਹ ਵੀ ਪੜ੍ਹੋ : ਕੋਰੋਨਾ ਆਫਤ ''ਚ ਜਾਨ ਤਲੀ ''ਤੇ ਧਰ ਕੇ ਡਿਊਟੀ ਦੇ ਰਹੇ ਪੁਲਸ ਜਵਾਨਾਂ ਲਈ ਸਰਕਾਰ ਦਾ ਵੱਡਾ ਐਲਾਨ

ਕੋਰੋਨਾ ਕਾਰਨ ਧੀਆਂ ਤੇ ਪੁੱਤਰ ਆਪਣੀ ਮਾਂ ਦੇ ਅੰਤਿਮ ਦਰਸ਼ਨ ਵੀ ਨਾ ਕਰ ਸਕੇ
ਲੁਬਾਣਗੜ੍ਹ ਵਾਸੀ ਭੁਪਿੰਦਰ ਕੌਰ ਦੇ ਅੰਤਿਮ ਸਸਕਾਰ ਮੌਕੇ ਉਸਦੀਆਂ ਧੀਆਂ ਤੇ ਪੁੱਤਰ ਕੋਈ ਵੀ ਨਾ ਪੁੱਜ ਸਕਿਆ। ਜਾਣਕਾਰੀ ਅਨੁਸਾਰ ਉਸਦਾ ਲੜਕਾ ਤੇ ਧੀ ਵਿਦੇਸ਼ ਰਹਿੰਦੇ ਹਨ ਜੋ ਕਿ ਕੋਰੋਨਾਵਾਇਰਸ ਕਾਰਨ ਫਲਾਇਟਾਂ ਬੰਦ ਹੋਣ 'ਤੇ ਪੰਜਾਬ ਨਹੀਂ ਆ ਸਕਦੇ। ਇਸ ਤੋਂ ਇਲਾਵਾ ਉਨ੍ਹਾਂ ਦੀ ਇਕ ਲੜਕੀ ਦਿੱਲੀ ਵਿਆਹੀ ਹੈ ਜੋ ਕਰਫਿਊ ਕਾਰਨ ਆਪਣੀ ਮਾਂ ਦੇ ਅੰਤਿਮ ਸਸਕਾਰ 'ਤੇ ਨਾ ਪੁੱਜ ਸਕੀ। ਅੱਜ ਭੁਪਿੰਦਰ ਕੌਰ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਜਿੱਥੇ ਕੇਵਲ ਪੰਜ ਵਿਅਕਤੀ ਹੀ ਇਕੱਤਰ ਹੋਏ ਅਤੇ ਪਤੀ ਦਰਸ਼ਨ ਸਿੰਘ ਨੇ ਉਨ੍ਹਾਂ ਦੀ ਚਿਖ਼ਾ ਨੂੰ ਅਗਨੀ ਦਿੱਤੀ।

ਇਹ ਵੀ ਪੜ੍ਹੋ : 'ਕੋਰੋਨਾ' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ 'ਚ ਮੌਤ  


Gurminder Singh

Content Editor

Related News