ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਪਤਨੀ, ਧੀ ਤੇ ਪੁੱਤ ਦੀ ਕੀਤੀ ਹੱਤਿਆ

Thursday, Jan 23, 2020 - 11:57 PM (IST)

ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਪਤਨੀ, ਧੀ ਤੇ ਪੁੱਤ ਦੀ ਕੀਤੀ ਹੱਤਿਆ

ਚੰਡੀਗੜ੍ਹ,(ਸੰਦੀਪ)-ਮਨੀਮਾਜਰਾ ਸਥਿਤ ਹਾਊਸਿੰਗ ਬੋਰਡ ਕੰਪਲੈਕਸ 'ਚ ਤਿੰਨ ਪਰਿਵਾਰਕ ਮੈਂਬਰਾਂ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਨੀਮਾਜਰਾ ਸਥਿਤ ਹਾਊਸਿੰਗ ਬੋਰਡ ਕੰਪਲੈਕਸ 'ਚ ਰਹਿਣ ਵਾਲੀ ਸੁਨੀਤਾ ਉਰਫ ਸਰਿਤਾ ਅਰੋੜਾ (45), ਉਸ ਦੀ ਧੀ ਰਤਨਾ ਉਰਫ ਸਾਂਚੀ ਅਰੋੜਾ (22) ਅਤੇ ਪੁੱਤਰ ਅਰਜੁਨ (16) ਦਾ ਘਰ 'ਚ ਹੀ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ।  ਉਥੇ ਹੀ ਟਰੇਨ ਦੀ ਲਪੇਟ 'ਚ ਆ ਕੇ ਜ਼ਖ਼ਮੀ ਹੋਏ ਮ੍ਰਿਤਕਾ ਦੇ ਪਤੀ ਸੰਜੇ ਅਰੋੜਾ (51) ਦੀ ਵੀਰਵਾਰ ਨੂੰ ਪੀ. ਜੀ. ਆਈ. 'ਚ ਮੌਤ ਹੋ ਗਈ। ਮੌਕੇ ਤੋਂ ਮਿਲੀ ਡਾਇਰੀ ਅਤੇ ਨੋਟ ਦੇ ਆਧਾਰ 'ਤੇ ਪੁਲਸ ਮ੍ਰਿਤਕਾ ਦੇ ਪਤੀ ਸੰਜੇ ਨੂੰ ਹੀ ਇਸ ਤੀਹਰੇ ਕਤਲ ਕੇਸ 'ਚ ਸ਼ੱਕੀ ਮੰਨ ਰਹੀ ਹੈ।

ਸੂਤਰਾਂ ਦੀ ਮੰਨੀਏ ਤਾਂ ਪੁਲਸ ਨੂੰ ਵਾਰਦਾਤ ਵਾਲੀ ਥਾਂ ਤੋਂ ਇਕ ਡਾਇਰੀ ਅਤੇ ਨੋਟ ਬਰਾਮਦ ਹੋਇਆ ਹੈ, ਜਿਸ ਵਿਚ ਸੰਜੇ ਅਰੋੜਾ ਵੱਲੋਂ ਆਪਣੀ ਪਤਨੀ ਅਤੇ ਬੱਚਿਆਂ ਦੀ ਮੌਤ ਦਾ ਜ਼ਿੰਮੇਵਾਰ ਖੁਦ ਨੂੰ ਦੱਸਦੇ ਹੋਏ ਲਿਖਿਆ ਗਿਆ ਹੈ ਕਿ ਉਹ ਵੀ ਖੁਦਕੁਸ਼ੀ ਕਰਨ ਜਾ ਰਿਹਾ ਹੈ। ਇਸ ਨੋਟ 'ਚ ਸੰਜੇ ਨੇ ਪੈਸਿਆਂ ਦੇ ਲੈਣ-ਦੇਣ ਬਾਰੇ ਵੀ ਜ਼ਿਕਰ ਕੀਤਾ ਹੈ, ਜਿਸ ਨੂੰ ਲੈ ਕੇ ਉਹ ਪ੍ਰੇਸ਼ਾਨ ਸੀ। ਜਿਸ ਮੇਜ਼ ਤੋਂ ਪੁਲਸ ਨੂੰ ਇਹ ਨੋਟ ਬਰਾਮਦ ਹੋਇਆ ਹੈ, ਉਸੇ ਮੇਜ਼ 'ਤੇ ਹੀ ਪੁਲਸ ਨੂੰ ਲੋਹੇ ਦੀ ਪਾਈਪ ਬਰਾਮਦ ਹੋਈ ਹੈ, ਜਿਸ ਦਾ ਪ੍ਰਯੋਗ ਮੁਲਜ਼ਮ ਨੇ ਰਤਨਾ ਦੇ ਸਿਰ 'ਤੇ ਵਾਰ ਕਰਨ ਲਈ ਕੀਤਾ ਸੀ। ਇਸ ਥਿਊਰੀ ਤਹਿਤ ਪੁਲਸ ਇਹ ਮੰਨ ਕੇ ਚੱਲ ਰਹੀ ਹੈ ਕਿ ਕਿਹੜੇ ਕਾਰਣਾਂ ਕਰ ਕੇ ਸੰਜੇ ਨੇ ਆਪਣੀ ਪਤਨੀ ਅਤੇ ਬੱਚਿਆਂ ਦਾ ਕਤਲ ਕੀਤਾ ਅਤੇ ਬਾਅਦ 'ਚ ਘਰ ਨੂੰ ਤਾਲਾ ਲਾ ਕੇ ਖੁਦ ਟਰੇਨ ਦੇ ਅੱਗੇ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਗਿਆ। ਇਸ ਗੱਲ ਦੀ ਜਾਂਚ ਕਰਨ ਲਈ ਮੌਕੇ ਤੋਂ ਮਿਲੇ ਨੋਟ ਅਤੇ ਸੰਜੇ ਦੀ ਹੱਥ ਲਿਖਤ ਦਾ ਮਿਲਾਨ ਕਰਨ 'ਚ ਵੀ ਪੁਲਸ ਜੁਟੀ ਹੋਈ ਹੈ, ਜਿਸ ਤੋਂ ਪਤਾ ਲਾਇਆ ਜਾ ਸਕੇ ਕਿ ਸੰਜੇ ਨੇ ਹੀ ਇਹ ਨੋਟ ਲਿਖਿਆ ਹੈ ਜਾਂ ਕਿਸੇ ਹੋਰ ਨੇ ਲਿਖਿਆ ਹੈ।


Related News