ਪੇਕੇ ਜਾਣ ਲਈ ਘਰੋਂ ਨਿਕਲੀ ਪਤਨੀ ਤਿੰਨ ਬੱਚਿਆਂ ਸਣੇ ਸ਼ੱਕੀ ਹਾਲਾਤ ''ਚ ਲਾਪਤਾ

05/21/2024 12:30:23 PM

ਮਾਛੀਵਾੜਾ ਸਾਹਿਬ (ਟੱਕਰ) : ਪੇਕੇ ਜਾਣ ਲਈ ਤਿੰਨ ਬੱਚਿਆਂ ਸਮੇਤ ਬੱਸ ’ਚ ਬੈਠੀ ਔਰਤ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਈ। ਮਾਛੀਵਾੜਾ ਦੇ ਵਿਅਕਤੀ ਨੇ ਸ਼ਨੀਵਾਰ ਨੂੰ ਆਪਣੀ ਪਤਨੀ ਤੇ ਬੱਚਿਆਂ ਨੂੰ ਨਵਾਂਸ਼ਹਿਰ ਦੀ ਬੱਸ ’ਚ ਚੜਾਇਆ ਸੀ ਪਰ ਔਰਤ ਨਾ ਤਾਂ ਪੇਕੇ ਪਹੁੰਚੀ ਤੇ ਨਾ ਹੀ ਘਰ ਵਾਪਸ ਆਈ। ਉਨ੍ਹਾਂ ਦੀ ਪਛਾਣ ਮਾਂ ਨਰਿੰਦਰ ਕੌਰ, ਬੇਟੀ ਗੁਰਨੀਲ (10), ਹਰਲੀਨ (8) ਅਤੇ ਬੇਟੇ ਮਨਕਰਨ (5) ਵਜੋਂ ਹੋਈ ਹੈ। ਪਤੀ ਪ੍ਰਿਤਪਾਲ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰ ਕੇ ਚਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਅਜੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਪ੍ਰਿਤਪਾਲ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸਦਾ ਵਿਆਹ 2013 ’ਚ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰੁੜਕੀ ਮੁਗਲਾ ਦੀ ਨਰਿੰਦਰ ਕੌਰ ਨਾਲ ਹੋਇਆ ਸੀ। ਉਸਦੇ ਤਿੰਨ ਬੱਚੇ ਪੈਦਾ ਹੋਏ। ਉਸਨੇ ਪਤਨੀ ਤੇ ਤਿੰਨੇ ਬੱਚਿਆਂ ਨੂੰ 18 ਮਈ ਨੂੰ ਮਾਛੀਵਾੜਾ ਤੋਂ ਨਵਾਂਸ਼ਹਿਰ ਦੀ ਬੱਸ ’ਚ ਚੜਾਇਆ ਸੀ ਪਰ ਉਹ ਉੱਥੇ ਨਹੀਂ ਪੁੱਜੇ। ਜਦੋਂ ਉਸਨੇ ਪਤਨੀ ਨੂੰ ਫੋਨ ਕੀਤਾ ਤਾਂ ਉਸਦਾ ਨੰਬਰ ਬੰਦ ਆ ਰਿਹਾ ਸੀ। ਉਸਨੇ ਸਹੁਰੇ ਘਰ ਪਤਾ ਕੀਤਾ ਤਾਂ ਉਨ੍ਹਾਂ ਨੇ ਵੀ ਚਾਰਾਂ ਦੇ ਨਾ ਪਹੁੰਚਣ ਦੀ ਜਾਣਕਾਰੀ ਦਿੱਤੀ। ਪ੍ਰਿਤਪਾਲ ਮੁਤਾਬਕ ਉਸਨੇ ਪਤਨੀ ਤੇ ਬੱਚਿਆਂ ਦੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਮਾਛੀਵਾੜਾ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਪਤੀ ਪ੍ਰਿਤਪਾਲ ਦੇ ਬਿਆਨ ’ਤੇ ਪਰਚਾ ਦਰਜ ਕਰ ਚਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


Gurminder Singh

Content Editor

Related News