ਸਹੁਰੇ ਘਰ ’ਚ ਦਾਖਲ ਹੋ ਕੇ ਪਤਨੀ ’ਤੇ ਕੀਤਾ ਹਮਲਾ, ਪਿਆ ਚੀਕ-ਚਿਹਾੜਾ
Friday, Sep 08, 2023 - 02:18 PM (IST)
ਮੋਗਾ (ਆਜ਼ਾਦ) : ਪੁਲਸ ਚੌਂਕੀ ਫੋਕਲ ਪੁਆਇੰਟ ਅਧੀਨ ਪੈਂਦੇ ਇਲਾਕੇ ਭਗਤ ਸਿੰਘ ਨਗਰ ਮੋਗਾ ਵਿਚ ਦੇਰ ਰਾਤ ਸੁਖਪਾਲ ਸਿੰਘ ਉਰਫ ਲਵਲੀ ਵੱਲੋਂ ਆਪਣੇ ਸਹੁਰੇ ਘਰ ਵਿਚ ਦਾਖਲ ਹੋ ਕੇ ਆਪਣੀ ਪਤਨੀ ’ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਪੁਲਸ ਵੱਲੋਂ ਪੀੜਤਾ ਸਵਰਨਜੀਤ ਕੌਰ ਨਿਵਾਸੀ ਨੇੜੇ ਗੁਰਦੁਆਰਾ ਵਿਸ਼ਵਕਰਮਾ ਭਵਨ ਭਗਤ ਸਿੰਘ ਨਗਰ ਮੋਗਾ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਸੁਖਪਾਲ ਸਿੰਘ ਉਰਫ਼ ਲਵਲੀ ਨਿਵਾਸੀ ਪਿੰਡ ਲੰਢੇਕੇ ਅਤੇ ਉਸ ਦੇ 5-6 ਅਣਪਛਾਤੇ ਸਾਥੀਆਂ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦਾ ਵਿਆਹ ਕਰੀਬ 3 ਸਾਲ ਪਹਿਲਾਂ ਸੁਖਪਾਲ ਸਿੰਘ ਉਰਫ ਲਵਲੀ ਨਾਲ ਹੋਇਆ ਸੀ।
ਪਤੀ ਪਤਨੀ ਦੇ ਵਿਚਕਾਰ ਘਰੇਲੂ ਵਿਵਾਦ ਦੇ ਚੱਲਦੇ ਪੀੜਤਾ ਸਵਰਨਜੀਤ ਕੌਰ ਆਪਣੇ ਪੇਕੇ ਘਰ ਕੁਝ ਦਿਨ ਪਹਿਲਾਂ ਆ ਗਈ ਸੀ। ਸੁਖਪਾਲ ਸਿੰਘ ਉਰਫ ਲਵਲੀ ਬੀਤੀ 4 ਸਤੰਬਰ ਦੀ ਰਾਤ ਨੂੰ ਆਪਣੇ ਦੋਸਤਾਂ ਨਾਲ ਕੰਧ ਟੱਪ ਕੇ ਸਹੁਰੇ ਘਰ ਵਿਚ ਦਾਖਲ ਹੋਇਆ ਅਤੇ ਆਪਣੀ ਪਤਨੀ ’ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਜਦ ਉਨ੍ਹਾਂ ਰੌਲਾ ਪਾਇਆ ਤਾਂ ਉਹ ਭੱਜ ਨਿਕਲੇ। ਪੀੜਤਾ ਨੇ ਆਪਣੇ ਪਤੀ ’ਤੇ ਪੇਕੇ ਪਰਿਵਾਰ ਤੋਂ ਸਕੂਲ ਵੈਨ ਲਈ ਪੈਸੇ ਮੰਗਣ ਦਾ ਵੀ ਦੋਸ਼ ਲਗਾਇਆ। ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।