ਨਰਿੰਦਰ ਮੋਦੀ ਗੁਰਦਾਸਪੁਰ ਚੋਣ ''ਚੋਂ ਕਿਉਂ ਰਹੇ ਦੂਰ!
Wednesday, Oct 04, 2017 - 02:41 AM (IST)
ਲੁਧਿਆਣਾ, (ਮੁੱਲਾਂਪੁਰੀ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਤੇ ਹਿਮਾਚਲ ਦੇ ਨਾਲ ਲੱਗਦੀ ਸਰਹੱਦ ਦੇ ਇਲਾਕੇ ਬਿਲਾਸਪੁਰ ਵਿਚ ਇਕ ਵੱਡੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਆਏ ਸਨ। ਸਿਆਸੀ ਹਲਕਿਆਂ ਵਿਚ ਚਰਚਾ ਸੀ ਕਿ ਸ਼੍ਰੀ ਮੋਦੀ ਜਦੋਂ ਹਿਮਾਚਲ ਪ੍ਰਦੇਸ਼ ਦੇ ਦੌਰੇ 'ਤੇ ਆਉਣਗੇ ਤਾਂ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਅਧੀਨ ਪਠਾਨਕੋਟ ਵਿਚ ਭਾਜਪਾ ਉਮੀਦਵਾਰ ਸਲਾਰੀਆ ਦੇ ਹੱਕ ਵਿਚ ਚੋਣ ਰੈਲੀ ਕਰਨਗੇ ਪਰ ਅੱਜ ਸ਼੍ਰੀ ਮੋਦੀ ਬਿਲਾਸਪੁਰ ਜ਼ਰੂਰ ਆਏ ਪਰ ਪਠਾਨਕੋਟ ਨਹੀਂ ਆਏ।
ਉਨ੍ਹਾਂ ਦੇ ਨਾ ਆਉਣ ਦਾ ਕੀ ਕਾਰਨ ਹੈ, ਇਸ ਬਾਰੇ ਸ਼੍ਰੀ ਮੋਦੀ ਹੀ ਦੱਸ ਸਕਦੇ ਹਨ ਪਰ ਵਿਰੋਧੀਆਂ ਨੂੰ ਰੌਲਾ ਪਾਉਣ ਦਾ ਮੌਕਾ ਮਿਲ ਗਿਆ ਕਿ ਸ਼੍ਰੀ ਮੋਦੀ ਨੂੰ ਆਪਣੇ ਉਮੀਦਵਾਰ ਦੀ ਸਥਿਤੀ ਬਾਰੇ ਪਤਾ ਹੈ। ਇਸ ਲਈ ਉਹ ਨਹੀਂ ਆਏ। ਇਹ ਸਥਿਤੀ ਕਿਹੋ ਜਿਹੀ ਹੈ, ਇਸ ਬਾਰੇ ਚੋਣ ਨਤੀਜੇ ਦੱਸਣਗੇ ਪਰ ਕਾਂਗਰਸੀ ਤੇ 'ਆਪ' ਵਾਲੇ ਜ਼ਰੂਰ ਰੌਲਾ ਪਾ ਰਹੇ ਹਨ।
ਬਾਕੀ ਇਸ ਹਲਕੇ ਵਿਚ ਬਜ਼ੁਰਗ ਆਗੂ ਅਤੇ ਭਾਜਪਾ ਨਾਲ ਲੰਮੇ ਸਮੇਂ ਤੋਂ ਪਰਛਾਵਾਂ ਬਣ ਕੇ ਚੱਲ ਰਹੇ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਵੱਲੋਂ ਵੀ ਹੁਣ ਤੱਕ ਗੁਰਦਾਸਪੁਰ ਚੋਣ ਤੋਂ ਪਾਸਾ ਵੱਟਣਾ ਵੀ ਕਈ ਸਵਾਲ ਖੜ੍ਹੇ ਕਰਦਾ ਹੈ। ਭਾਵੇਂ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਪਰ ਸ. ਬਾਦਲ ਦੀ ਗੈਰ-ਹਾਜ਼ਰੀ ਅਤੇ ਲੰਗਾਹ ਦੀ ਕਰਤੂਤ ਅਕਾਲੀ-ਭਾਜਪਾ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਜ਼ਰੂਰ ਹੈ, ਜਦੋਂਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤਾਂ ਮੈਦਾਨ ਵਿਚ ਨਿੱਤਰ ਆਏ ਹਨ ਪਰ ਭਾਜਪਾ ਦੀ ਨੇਤਰੀ ਕਵਿਤਾ ਖੰਨਾ ਅਜੇ ਮੁੰਬਈ ਦੌਰੇ 'ਤੇ ਮਸਰੂਫ ਦੱਸੀ ਜਾ ਰਹੀ ਹੈ।
