ਸਾਹਿਤਨਾਮਾ : ‘ਮੈਨੂੰ ਪੰਜਾਬੀ ਕਿਉਂ ਚੰਗੀ ਲੱਗਦੀ ਹੈ’
Monday, May 04, 2020 - 10:14 AM (IST)
ਡਾ. ਮਹਿੰਦਰ ਸਿੰਘ ਰੰਧਾਵਾ
ਕਿਤਾਬ : 'ਪੱਤੇ ਪੱਤੇ ਗੋਬਿੰਦ ਬੈਠਾ' ਵਿੱਚੋਂ
ਕਈ ਲੋਕ ਮੇਰੇ ਕੋਲੋਂ ਪੁਛਦੇ ਹਨ ਕਿ ਮੈਂ ਪੰਜਾਬ ਦੀ ਕਲਾ, ਲੋਕ ਗੀਤ, ਬੋਲੀ ਅਤੇ ਸਾਹਿਤ ਵਿਚ ਏਨੀ ਦਿਨਚਸਪੀ ਕਿਉਂ ਲੈਂਦਾ ਹਾਂ। ਸੁਣੋਂ ਮੇਰਾ ਜਬਾਬ :-
ਸੰਨ 1947 ਵਿਚ ਜਦ ਮੁਲਕ ਦਾ ਬਟਵਾਰਾ ਹੋਇਆ ਤਾਂ ਪੱਛਮੀ ਪੰਜਾਬ ਦੇ ਪੰਜਾਬੀ ਦਿੱਲੀ ਵਿਚ ਆਏ ਅਤੇ ਹੋਰ ਥਾਵਾਂ ਵਿਚ ਵੀ ਫੈਲ ਗਏ, ਜਿਥੇ ਵੀ ਸਿਰ ਲੁਕਾਉਣ ਦੀ ਥਾਂ ਲੱਭੀ। ਮੈਂ ਦੇਖਿਆ ਕਿ ਭਾਰਤ ਦੇ ਬਾਕੀ ਲੋਕ, ਖਾਸ ਕਰ ਜਮਨਾ ਪਾਰ ਦੇ ਲੋਕ ਇਨ੍ਹਾਂ ਨੂੰ ਨੀਮ ਵਹਿਸ਼ੀ ਜਿਹਾ ਸਮਝਦੇ ਸਨ। ਬਹੁਤ ਸਾਰੇ ਦੁਕਾਨਦਾਰ ਪੇਸ਼ਾਂ ਵਾਲਿਆਂ ਨੇ ਮਿਲਣ ਆਉਣਾ ਤਾਂ ਟੁੱਟੀ-ਫੁੱਟੀ ਹਿੰਦੁਸਤਾਨੀ ਵਿਚ ਗੱਲ ਕਰਨੀ, ਜਿਸ ਵਿਚ ਅਧੀ ਪੰਜਾਬੀ ਹੋਣੀ। ਇੰਝ ਲਗਣਾ ਜਿਵੇਂ ਇਹ ਨਾ ਹਨ, ਤਿਤਰ, ਨਾ ਬਟੇਰ। ਆਪਣੀ ਬੋਲੀ ਗੁਆਰ ਬੋਲੀ, ਜਟਕੀ ਜ਼ਬਾਨ ਸਮਝਣਾ ਅਤੇ ਦੂਸਰੀਆਂ ਬੋਲੀਆਂ ਨੂੰ ਮੁਹੰਜ਼ਬ। ਹਾਲਾਂ ਤਾਈਂ ਵੀ ਸਾਡੇ ਬਹੁਤ ਸਾਰੇ ਪੰਜਾਬੀ ਭਰਾ, ਖਾਸ ਕਰਕੇ ਸ਼ਹਿਰਾਂ ਦੇ ਰਹਿਣ ਵਾਲੇ, ਇਕ ਵੱਡੇ ਭੁਲੇਖੇ ਵਿਚ ਪਏ ਹੋਏ ਹਨ। ਇਨ੍ਹਾਂ ਦੀ ਓਹੀ ਹਾਲਤ ਹੈ, ਜੋ ਇਨਕਲਾਬ ਤੋਂ ਪਹਿਲਾਂ ਰੂਸ ਦੇ ਉੱਚੇ ਤਬਕੇ ਦੇ ਲੋਕਾਂ ਦੀ ਸੀ। ਇਹੀ ਵੀ ਰੂਸੀ ਨੂੰ ਗੰਵਾਰੀ ਬੋਲੀ ਹੀ ਸਮਝਦੇ ਸਨ ਅਤੇ ਫਰੈਂਚ ਹੀ ਬੋਲਦੇ ਸਨ। ਹੁਣ ਓਹੀ ਰੂਸੀ ਜ਼ਬਾਨ ਹੈ, ਜਿਸ ਵਿਚ ਵਿਗਿਆਨ ਅਤੇ ਸਾਹਿਤ ਦੇ ਉੱਚੇ ਤੋਂ ਉੱਚੇ ਖਿਆਲ ਲਿਖੇ ਗਏ ਹਨ।
ਇਸ ਮਾਮਲੇ ਵਿਚ ਦੂਰ ਜਾਣ ਦੀ ਲੋੜ ਨਹੀਂ। ਪੰਜਾਹ-ਸੱਠ ਸਾਲ ਪਿਛਾਂਹ ਵੱਲ ਦੇਖੀਏ ਤਾਂ ਪਤਾ ਲਗਦਾ ਹੈ ਕਿ ਸਵਾਏ ਤਾਮਿਲ ਦੇ, ਜੋ ਸੰਸਕ੍ਰਿਤ ਤੋਂ ਵੀ ਪੁਰਾਣੀ ਹੈ, ਬਹੁਤ ਸਾਰੀਆਂ ਪ੍ਰਾਂਤਕ ਬੋਲੀਆਂ ਵਿਚ ਕੋਈ ਖਾਸ ਸਾਹਿਤ ਨਹੀਂ ਸੀ। ਦਿਨੇਸ਼ ਚੰਦਰ ਸੈਨ, ਬੰਗਾਲ ਦੇ ਉੱਘੇ ਵਿਦਵਾਨ ਆਪਣੀ ‘ਬੰਗਾਲੀ ਬੋਲੀ ਦੇ ਇਤਿਹਾਸ’ ਵਿਚ ਲਿਖਦੇ ਹਨ ਕਿ 19ਵੀਂ ਸਦੀ ਦੇ ਅੰਤ ਵਿਚ ਕਲਕੱਤੇ ਵਿਚ ਇਕ ਸਾਹਿਤ ਸਭਾ ਸੀ, ਜਿਸ ਦੇ ਅੰਗਰੇਜ਼ ਅਤੇ ਬੰਗਾਲੀ ਦੋਨੋਂ ਮੈਂਬਰ ਸਨ। ਇਸ ਸਭਾ ਵਿਚ ਆਮ ਤੌਰ ’ਤੇ ਅੰਗਰੇਜ਼ੀ ਵਿਚ ਲੇਖ ਪੜ੍ਹੇ ਜਾਂਦੇ ਅਤੇ ਅੰਗਰੇਜ਼ੀ ਵਿਚ ਹੀ ਬਹਿਸ ਹੁੰਦੀ। ਇਕ ਅੰਗਰੇਜ਼ ਮੈਂਬਰ ਨੇ ਤਜਵੀਜ਼ ਪੇਸ਼ ਕੀਤੀ ਕਿ ਬੰਗਾਲੀ ਵਿਚ ਲੇਖ ਪੜ੍ਹੇ ਜਾਣ। ਇਸ ਸੁਣ ਕੇ ਬੰਗਾਲੀ ਮੈਂਬਰ ਅੱਗ ਬਗੋਲਾ ਹੋ ਗਏ ਅਤੇ ਸਭ ਨੇ ਇਸ ਦੀ ਵਿਰੋਧਤਾ ਕੀਤੀ। ਉਨ੍ਹਾਂ ਕਿਹਾ ਕਿ ਬੰਗਾਲੀ ਇਤ ਗੰਵਾਰ ਬੋਲੀ ਹੈ ਅਤੇ ਉਹ ਇਸ ਵਿਚ ਲੇਖ ਪੜ੍ਹਨਾ ਪਸੰਦ ਨਹੀਂ ਕਰਨਗੇ।
ਕੁਝ ਸਾਲਾਂ ਪਿਛੋ ਹੀ ਬੰਗਾਲੀਆਂ ਦੇ ਖਿਆਲਾਂ ਵਿਚ ਮੋੜਾ ਪਿਆ ਅਤੇ ਅੰਗਰੇਜ਼ੀ ਪੜ੍ਹੇ ਵਿਦਵਾਨ ਰਾਜਾ ਰਾਮ ਮੋਹਨ ਰਾਏ, ਟੈਗੋਰ ਅਤੇ ਬੈਂਕਿਮ ਚੰਦਰ ਚੈਟਰਜੀ ਦੀ ਅਗਵਾਈ ਥਲੇ ਆਪਣੀ ਬੋਲੀ ਵਿਚ ਦਿਲਚਸਪੀ ਲੈਣ ਲਗ ਪਏ ਅਤੇ 50-60 ਸਾਲਾਂ ਵਿਚ ਉਨ੍ਹਾਂ ਸਾਹਿਤਕ ਦ੍ਰਿਸ਼ਟੀਕੋਨ ਤੋਂ ਇਕ ਅਮੀਰ ਬੋਲੀ ਬਣਾ ਦਿੱਤੀ।
ਪੰਜਾਬੀ ਬੋਲੀ ਬਹੁਤ ਪੁਰਾਣੀ ਹੈ ਹੀ, ਬੜੀ ਲਚਕਦਾਰ, ਜਾਨਦਾਰ ਅਤੇ ਰਸੀਲੀ-ਰਸੀਲੀ। ਬੋਲੀ ਨੂੰ ਬੋਲਣ ਵਾਲੇ ਉਸ ਬੋਲੀ ਦੇ ਲਿਖਾਰੀ ਹੁੰਦੇ ਹਨ। ਜੇਕਰ ਉਚੇ ਦਿਮਾਗ ਅਤੇ ਖਿਆਲਾਂ ਵਾਲੇ ਲਿਖਣ ਲੱਗ ਜਾਣ ਤਾਂ ਬੋਲੀ ਅਮੀਰ ਹੋ ਜਾਂਦੀ ਹੈ। ਪੂਰਨ ਸਿੰਘ ਦੀ ਪੰਜਾਬੀ ਪੜ੍ਹੇ, ਕਿੰਨੀ ਰਸੀਲੀ ਅਤੇ ਨਸ਼ੀਲੀ ਹੈ। ਗੁਰਬਖਸ਼ ਸਿੰਘ ਨੇ ਇਸ ਬੋਲੀ ਵਿਚ ਕੀ ਸੋਜ਼ ਪੈਦਾ ਕੀਤੀ ਹੈ ਅਤੇ ਇਸ ਵਿਚ ਉਰਦੂ ਅੰਗਰੇਜ਼ੀ ਅਤੇ ਹਿੰਦੀ ਦੇ ਸ਼ਬਦਾਂ ਦੀ ਖਲੀ ਵਰਤੋਂ ਕਰਕੇ ਪੰਜਾਬੀ ਬੋਲੀ ਨੂੰ ਅਮੀਰ ਕੀਤਾ ਹੈ। ਮੋਹਨ ਸਿੰਘ ਦੀ ਅੰਬੀ ਦੇ ਬੂਟੇ ਵਾਲੀ ਕਵਿਤਾ ਏਨੀ ਦਿਲ-ਟੁੰਬਣੀ ਹੈ ਕਿ ਲੋੜ੍ਹੇ ਹੀ ਪਾ ਦਿੰਦੀ ਹੈ। ਅੰਮ੍ਰਿਤਾ ਪ੍ਰੀਤਮ ਅਤੇ ਪ੍ਰਭਜੋਤ ਨੇ ਆਪਣੀ ਕਵਿਤਾ ਵਿਚ ਇਸਤਰੀ ਦਾ ਪਿਆਰ ਭਰਿਆ ਹਿਰਦਾ ਸਾਡੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ ਹੈ। ਕੁਲਵੰਤ ਸਿਘ ਵਿਰਕ, ਗੁਲਜ਼ਾਰ ਸੰਧੂ, ਸੰਤੋਖ ਸਿੰਘ ਧੀਰ ਅਤੇ ਰਾਵਲ ਸਿੰਘ ਥੂਤ ਨੇ ਆਪਣੀਆਂ ਨਿੱਕੀਆਂ ਕਹਾਣੀਆਂ ਵਿਚ ਸਾਡੇ ਪਿੰਡਾਂ ਦੇ ਉਹ ਨਕਸ਼ੇ ਖਿਚੇ ਹਨ, ਕਿ ਸਾਡੇ ਪੇਂਡੂਆਂ ਦੀਆਂ ਜੀਂਦੀਆਂ, ਜਾਗਦੀਆਂ ਤਸਵੀਰਾਂ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਹਨ। ਪਿੰਡਾਂ ਦੇ ਜੱਟਾਂ ਦੀ ਦਰਿਆ-ਦਿਲੀ, ਵਿਸ਼ਾਲਤਾ, ਹੌਂਸਲਾ, ਦਿੜ੍ਹਤਾ ਅਤੇ ਮਿਹਨਤਕਾਸ਼ੀ ਸਾਡੇ ਸਾਹਮਣੇ ਆਉਂਦੀ ਹੈ। ਉਨ੍ਹਾਂ ਦੀ ਦੁੱਖ-ਸਹਿੰਦੀ, ਦੁੱਖ ਵੰਡਦੀ ਜ਼ਿੰਦਗੀ ਦੇ ਝਲਕਾਰੇ ਮਿਲਦੇ ਹਨ ਅਤੇ ਉਨ੍ਹਾਂ ਦੇ ਸਮੁੰਦਰ ਵਰਗੇ ਦਿਨ, ਮਿੱਲ ਵਿਚ ਘੋਲ ਅਤੇ ਧੁਪਾਂ, ਮੀਂਹਾਂ, ਪਾਲਿਆਂ ਨਾ ਮੁਕਾਬਲੇ ਸਾਡੇ ਸਾਹਮਣੇ ਇੰਨ ਬਿਨ ਆਉਂਦੇ ਹਨ। ਸੰਤ ਸਿੰਘ ਸੇਖੋਂ ਨੇ ਇਨ੍ਹਾਂ ਹੀ ਪੰਜਾਬੀਆਂ ਦੇ ਜੀਵਨ ਦੀਆਂ ਤ੍ਰਾਟਾਂ ਅਤੇ ਮਜ਼ਬੂਰੀਆਂ ਦਾ ਖੋਜੀ ਅੱਖ ਨਾਲ ਅਧਿਐਨ ਕੀਤਾ ਹੈ। ਕਰਤਾਰ ਦੁੱਗਲ ਨੇ ਆਪਣੀਆਂ ਕਹਾਣੀਆਂ ਵਿਚ ਪੋਠੋਹਾਰਨ ਦਾ ਖੂਬ ਰੰਗ ਬੰਨ੍ਹਿਆ ਹੈ। ਪੋਠੋਹਾਰਨਾਂ ਦੀ ਸੁੰਦਰਤਾ, ਕੋਮਲਤਾ, ਪਿਆਰ ਭਰੀਆਂ ਚਮਕੀਲੀਆਂ ਨਸ਼ੀਲੀਆਂ ਅੱਖਾਂ, ਜੋ ਬ੍ਰਿਹਾ ਨਾਲ ਤ੍ਰਿਪ-ਤ੍ਰਿਪ ਕਰਦੀਆਂ ਅਤੇ ਚਾਂਦੀ ਚਸ਼ਮਿਆ ਦੇ ਨੱਚਦੇ ਪਾਣੀ, ਸਾਡੇ ਸਾਹਮਣੇ ਅਸਰ ਵਾਂਗ ਦਿਸਦੇ ਹਨ।
ਕਿਸੇ ਨੂੰ ਕਿਸੇ ਵਸਤੂ ਤੋਂ ਵਾਂਝਿਆਂ ਰੱਖਿਆ ਜਾਏ ਤਾਂ ਉਸ ਦੇ ਦਿਲ ਵਿਚ ਉਸ ਦੀ ਕਦਰ ਹੋਰ ਵੀ ਵੱਧ ਜਾਂਦੀ ਹੈ। ਇਹੀ ਹੈ ਇਕ ਹੋਰ ਵਜ੍ਹਾ ਮੇਰੇ ਪੰਜਾਬੀ ਬੋਲੀ ਨਾਲ ਪਿਆਰ ਦੀ। ਮੈਂ ਗਿਆਰਾਂ ਸਾਲ ਯੂ.ਪੀ. ਵਿਚ ਰਿਹਾ, ਜਿਥੇ ਪੰਜਾਬੀ ਕਦੇ ਕਦਾਈਂ ਹੀ ਸੁਣਨ ਵਿਚ ਆਉਂਦੀ ਹੈ। ਜਦ ਮੈਂ 1941-45 ਵਿਚ ਰਾਇਬਰੇਲੀ ਵਿਚ ਸਾਂ। ਉਥੇ ਇਕ ਪੰਜਾਬੀ ਮੁਸਲਮਾਨ ਅਫਜ਼ਲ ਨਾਲ ਮਿਲਣ ਦਾ ਅਕਸਰ ਮੌਕਾ ਮਿਲਦਾ। ਜਦ ਮੈਂ ਪੰਜਾਬੀ ਵਿਚ ਉਸ ਦੇ ਨਾਲ ਗੱਲ ਕਰਨੀ ਤਾਂ ਉਸ ਨੂੰ ਨਸ਼ਾ ਜਿਹਾ ਚੜ੍ਹ ਜਾਣਾ, ਜਿਵੇਂ ਕਿਸੇ ਨੂੰ ਕੋਈ ਗੁਆਚੀ ਹੋਈ ਚੀਜ਼ ਲੱਭ ਜਾਵੇ। ਇਸ ਦੇ ਇਲਾਵਾ ਮੈਂ ਇਹ ਵੀ ਅਨੁਭਵ ਕੀਤਾ ਕਿ ਅਸੀਂ ਪੰਜਾਬੀ ਲੋਕ ਹਿੰਦੁਸਤਾਨੀ ਦੀ ਕਿੰਨੀ ਹੀ ਮਸ਼ਕ ਕਰੀਏ, ਯੂ.ਪੀ. ਦੇ ਲੋਕ ਸਾਡੀਆਂ ਗਲਤੀਆਂ ਝਟ ਪਛਾਣ ਜਾਂਦੇ ਅਤੇ ਕਹਿੰਦੇ, ‘‘ਕਿਉਂ ਸਾਹਿਬ, ਕਿਆ ਆਪ ਪੰਜਾਬੀ ਹੋ।’’ ਮੈਂ ਸੋਚਿਆ ਛਡੋ ਇਸ ਪਾਜ ਤੇ ਝੂਠ ਨੂੰ, ਸਾਡੀ ਬੋਲੀ ਕਿਸੇ ਤੋਂ ਘੱਟ ਨਹੀਂ।
ਇਹ ਬੋਲੀ ਹੈ ਪਿਆਰ ਦੀ, ਅਤੇ ਪਿਆਰ ਕਰਨ ਵਾਲਿਆਂ ਦੀ। ਇਹ ਬੋਲੀ ਹੈ, ਹੀਰ ਅਤੇ ਰਾਂਝੇ ਦੀ, ਇਹ ਬੋਲੀ ਹੈ ਵਾਰਸ ਸ਼ਾਹ ਦੀ, ਸੋਹਣੀ ਅਤੇ ਮਹੀਂਵਾਲ ਦੀ। ਇਹ ਬੋਲੀ ਹੈ ਗੁਰੂ ਨਾਨਕ ਅਤੇ ਗੁਰੂ ਅਰਜਨ ਦੀ ਅਤੇ ਸ਼ੇਖ ਫਰੀਦ ਅਤੇ ਬੁੱਲ੍ਹੇਸ਼ਾਹ ਦੀ। ਇਹ ਬੋਲੀ ਹੈ, ਵੇਦਾਂ ਅਤੇ ਸ਼ਾਸਤਰਾਂ ਦੇ ਉਚਾਰਨ ਵਾਲਿਆਂ ਦੀ ਸੰਤਾਨ ਦੀ, ਇਹ ਬੋਲੀ ਹੈ, ਦਿਲ-ਟੁੰਬਣੇ ਲੋਕ-ਗੀਤਾਂ ਦੀ, ਜਿਨ੍ਹਾਂ ਸਾਹਮਣੇ ਉਰਦੂ ਹਿੰਦੀ ਦੀ ਬਣਾਉਟੀ ਕਵਿਤਾ ਝੂਠੀ ਜਿਹੀ ਲਗਦੀ ਹੈ। ਇਹ ਬੋਲੀ ਹੈ, ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਅਤੇ ਮਜ਼ਦੂਰਾਂ ਦੀ, ਜੋ ਕਈ ਸਾਲਾਂ ਦੀ ਅਨਗਹਿਲੀ ਦੇ ਬਾਵਜੂਦ ਵੀ, ਜੰਗਲ ਦੇ ਦਰਖਤ ਵਾਂਗ, ਜਿਨ੍ਹਾਂ ਨੂੰ ਅਸਮਾਨੀ ਮੀਂਹ ਹੀ ਸਿੰਜਦਾ ਹੈ, ਵਧਦੀ ਅਤੇ ਫੁਲਦੀ ਰਹੀ ਹੈ।
ਪੰਜਾਬੀ ਦੀ ਵਿਰੋਧਤਾ ਵਿਚ ਮੰਮੀ ਡੈਡੀ ਕਰਨ ਵਾਲੇ ਅੰਗਰੇਜ਼ੀ ਪੜ੍ਹੇ ਹੋਰ ਪੰਜਾਬੀਆਂ ਦਾ ਵੀ ਕਾਫੀ ਹਿੱਸਾ ਹੈ। ਇਸ ਵਿਚ ਸ਼ਾਇਦ ਇਨ੍ਹਾਂ ਦਾ ਕਸੂਰ ਨਾ ਹੋਵੇ, ਕਿਉਂਕਿ ਹੁਕਮਰਾਨ ਤਬਕਾ ਹਮੇਸ਼ਾ ਹੀ ਆਪਣੇ ਆਪ ਨੂੰ ਆਮ ਜਨਤਾ ਤੋਂ ਜੁਦਾ ਰੱਖਣ ਖਾਤਰ ਉਨ੍ਹਾਂ ਤੋਂ ਅੱਡਰੀ ਬੋਲੀ ਹੀ ਬੋਲਦਾ ਰਿਹਾ ਹੈ। ਗੁਪਤਾ ਰਾਜ ਤੋਂ ਸੰਨ 1000 ਤੱਕ ਹਿੰਦੂ ਰਾਜੇ ਰਾਣੀਆਂ ਅਤੇ ਉਨ੍ਹਾਂ ਦੇ ਦਰਬਾਰੀ ਅਤੇ ਅਫਸਰ ਸੰਸਕ੍ਰਿਤ ਵਿਚ ਹੀ ਬੋਲਦੇ ਸਨ ਅਤੇ ਆਮ ਜਨਤਾ ਦੀ ਬੋਲੀ ਪ੍ਰਾਕ੍ਰਿਤ ਵਿਚੋਂ ਹੀ ਪ੍ਰਾਂਤਿਕ ਬੋਲੀਆਂ ਬਣੀਆਂ। ਜਦ ਮੁਸਲਮਾਨਾਂ ਦਾ ਰਾਜ ਆਇਆ ਤਾਂ ਰਾਜ ਦੀ ਬੋਲੀ ਫਾਰਸੀਂ ਸੀ। ਫੌਜ ਵਿਚ, ਜਿਸ ਵਿਚ ਹਰ ਤਰ੍ਹਾਂ ਦੀ ਖਿਚੜੀ ਸੀ।
ਉਰਦੂ ਬਣਨੀ ਸ਼ੁਰੂ ਹੋ ਗਈ। ਅੰਗਰੇਜ਼ਾਂ ਦਾ ਰਾਜ ਆਇਆ ਤਾਂ ਦਫਤਰੀ ਜ਼ਬਾਨ ਅੰਗਰੇਜ਼ੀ ਹੋ ਗਈ ਅਤੇ ਪੰਜਾਬ ਦੀਆਂ ਕਚਹਿਰੀਆਂ ਵਿਚ ਉਰਦੂ ਵਿਚ ਕੰਮ ਹੁੰਦਾ ਸੀ। ਬੜਾ ਤਮਾਸ਼ਾ ਜਿਹਾ ਸੀ, ਗਵਾਹ ਬਿਆਨ ਪੰਜਾਬੀ ਵਿਚ ਦੇਂਦਾ ਅਤੇ ਲਿਖਿਆ ਜਾਂਦਾ ਉਰਦੂ ਵਿਚ। ਆਮ ਲੋਕਾਂ ਅਤੇ ਰੋਅਬ ਪਾਉਣ ਖਾਤਰ ਵੀ ਅਫਸਰ ਲੋਕ ਉਰਦੂ ਵਿਚ ਬੋਲਦੇ। ਜਿਵੇਂ ਇਕ ਪੇਂਡੂ ਮੁਸਲਮਾਨ ਕਲਰਕ ਬਣ ਜਾਂਦਾ ਹੈ ਅਤੇ ਉਸ ਦੀ ਵਹੁਟੀ, ਜੋ ਪਿੰਡ ਵਿਚ ਪਹਿਲਾਂ ਸਾਗ ਤੋੜਦੀ ਅਤੇ ਗੋਹੇ ਚੁਗਦੀ ਖੁੱਲ੍ਹੀ ਫਿਰਦੀ ਸੀ। ਬੁਰਕਾ ਪਹਿਨ ਕੇ ਬੇਗਮ ਬਣ ਜਾਂਦੀ ਹੈ। ਏਵੇਂ ਹੀ ਉਪਰੀ ਜ਼ਬਾਨ ਵੀ ਇਕ ਬੁਰਕੇ ਦਾ ਕੰਮ ਦੇਂਦੀ ਹੈ। ਇਸ ਨੂੰ ਆਪਣਾ ਕੇ ਲੋਕ ਆਪਣੇ ਆਪ ਨੂੰ ਬਾਇੱਜ਼ਤ ਤਬਕੇ ਵਿਚ ਸ਼ਾਮਲ ਹੋਇਆ ਸਮਝਦੇ ਹਨ।
ਜੋ ਕੁਝ ਮੈਂ ਉਪਰ ਦੱਸਿਆ ਹੈ ਇਹ ਮੇਰੇ ਇਕੱਲੇ ਦਾ ਹੀ ਨਹੀਂ, ਬਹੁਤ ਸਾਰੇ ਕਲਰਕਾਂ ਅਤੇ ਲੇਖਕਾਂ ਦਾ ਵੀ ਤਜਰਬਾ ਹੈ। ਕਹਾਣੀਕਾਰ ਅਤੇ ਨਾਟਕਕਾਰ ਬਲਵੰਤ ਗਾਰਗੀ ਨੇ ਦੱਸਿਆ ਕਿ ਉਹ ਜਦ ਕਾਲਜ ਵਿਚ ਪੜ੍ਹਦਾ ਸੀ, ਉਸ ਨੂੰ ਅੰਗਰੇਜ਼ੀ ਵਿਚ ਲਿਖਣ ਦਾ ਬੜਾ ਸ਼ੌਕ ਸੀ। ਉਹ ਆਪਣੀਆਂ ਅੰਗਰੇਜ਼ੀ ਦੀਆਂ ਲਿਖਤਾਂ ਇਕੱਠੀਆਂ ਕਰਕੇ ਸ਼ਾਂਤੀ-ਨਿਕੇਤਨ ਗਿਆ ਅਤੇ ਟੈਗੋਰ ਨੂੰ ਦਿਖਾਈਆਂ। ਟੈਗੋਰ ਨੇ ਕਿਹਾ, ‘ਕਾਕਾ ਤੇਰੀ ਮਾਦਰੀ ਜ਼ਬਾਨ ਕੀ ਹੈ?’’ ਉਸ ਉੱਤਰ ਦਿੱਤਾ, ‘ਪੰਜਾਬੀ’। ਟੈਗੋਰ ਨੇ ਕਿਹਾ,‘ਅਛਾ ਨੂੰ ਫਿਰ ਪੰਜਾਬੀ ਵਿਚ ਲਿਖਿਆ ਕਰ।’ ਏਸ ਗੱਲ ਨੇ ਗਾਰਗੀ ਦੀ ਜ਼ਿੰਦਗੀ ’ਚ ਪਲਟਾ ਲਿਆਂਦਾ ਅਤੇ ਹੁਣ ਉਹ ਪੰਜਾਬੀ ਦੇ ਉੱਘੇ ਨਾਟਕਕਾਰਾਂ ਵਿਚੋਂ ਇਕ ਹੈ।
ਇਸ ਤੋਂ ਉਲਟ ਤਜ਼ਰਬਾ ਲੋਕ ਗੀਤਾਂ ਦੇ ਸੰਗ੍ਰਹਿਕ ਦੇਵਿੰਦਰ ਸਤਿਆਰਥੀ ਦਾ ਹੈ। ਸ਼ੁਰੂ-ਸ਼ੁਰੂ ਵਿਚ ਉਸ ਪੰਜਾਬੀ ਵਿਚ ਅੱਛਾ ਕੰਮ ਕੀਤਾ। ਜਦ ਹਿੰਦੀ ‘ਆਜ ਕਲ’ ਦੀ ਐਡੀਟਰੀ ਮਿਲੀ ਤਾਂ ਹਮ-ਤੁਮ ਤੋਂ ਬਿਨਾ ਗੱਲ ਹੀ ਨਹੀਂ ਸੀ ਕਰਦਾ। ਜਦ ਉਥੋਂ ਛੁੱਟੀ ਮਿਲੀ ਤਾਂ ਫਿਰ ਪੰਜਾਬੀ ਬੋਲਣੀ ਸ਼ੁਰੂ ਕੀਤੀ ਅਤੇ ਆਪਣੀ ਭੁਲ ਦਾ ਇਕਬਾਲ ਕੀਤਾ। ਪ੍ਰਿਥਵੀ ਰਾਜ ਕਪੂਰ ਭਾਰਤ ਦਾ ਸਭ ਤੋਂ ਉੱਚਾ ਕਲਾਕਾਰ ਹੈ। ਉਸ ਦੱਸਿਆ ਕਿ ਜਦ ਉਹ ਉਰਦੂ ਲਗਾਤਾਰ ਬੋਲਦਾ ਹੈ ਤਾਂ ਮੂੰਹ ਦੁੱਖਣ ਲੱਗ ਜਾਂਦਾ ਹੈ ਅਤੇ ਜਦ ਫਿਰ ਪੰਜਾਬੀ ਬੋਲਦਾ ਹੈ ਤਾਂ ਆਰਾਮ ਆਉਂਦਾ ਹੈ। ਗੱਲ ਮੁਕੀ, ਆਪਣੀ ਮਾਤਰੀ ਬੋਲੀ ਵਰਗੀ ਕੋਈ ਚੀਜ਼ ਨਹੀਂ। ਜੋ ਮਨ ਵਿਚ ਖਿਆਲ ਹਨ, ਜ਼ਜਬੇ ਹਨ, ਤਾਂ ਚਸ਼ਮਿਆਂ ਵਾਂਗ ਫੁੱਟ ਕੇ ਨਿਕਲਦੇ ਹਨ। ਬੋਲੀ ਚਾਹੇ ਕੋਈ ਵੀ ਹੋਵੇ ਪਰ ਜਿਸ ਸੁੰਦਰਤਾ ਅਤੇ ਸਚਾਈ ਨਾਲ ਮਾਦਰੀ ਬੋਲੀ ਵਿਚ ਨਿਕਲਦੇ ਹਨ, ਉਹ ਓਪਰੀ ਬੋਲੀ ਵਿਚ ਨਹੀਂ।
ਹਰੇਕ ਬੋਲੀ ਆਪਣੀ ਲਿੱਪੀ ਵਿਚ ਹੀ ਸੋਹਣੀ ਲਗਦੀ ਹੈ। ਪੰਜਾਬੀ ਗੁਰਮੁਖੀ ਲਿੱਪੀ ਵਿਚ ਹੀ ਠੀਕ ਲਿਖੀ ਜਾ ਸਕਦੀ ਹੈ, ਜਿਵੇਂ ਪੰਜਾਬਣਾਂ ਨੂੰ ਸਲਵਾਰ ਕਮੀਜ਼ ਸੋਹਣੀ ਲੱਗਦੀ ਹੈ। ਏਵੇਂ ਹੀ ਪੰਜਾਬੀ ਨੂੰ ਗੁਰਮੁਖੀ ਲਿਪੀ। ਕਿੰਨੇ ਸੋਹਣੇ ਲਗਦੇ ਹਨ ਗੁਰਮੁਖੀ ਦੇ ਗੋਲ-ਮੋਲ ਅੱਖਰ ਜਿਵੇਂ ਮੋਤੀ ਲੜੀ ਵਿਚ ਪਰੋਏ ਹੋਣ। ਕਲਾ ਦੇ ਦ੍ਰਿਸ਼ਟੀਕੋਨ ਤੋਂ ਗੁਰਮੁਖੀ ਲਿਪੀ ਅਤਿ ਸੁੰਦਰ ਹੈ, ਅਤੇ ਮੈਨੂੰ ਹਾਲ ਤਾਈਂ ਇਹ ਸਮਝ ਨਹੀਂ ਆਈ ਕਿ ਕੁਝ ਬੰਦਿਆਂ ਨੂੰ ਇਹ ਨੂੰ ਦੇਖ ਕੇ ਤਕਲੀਫ ਕਿਉਂ ਹੁੰਦੀ ਹੈ।
ਹਿੰਦੀ ਵਾਂਗ ਪੰਜਾਬੀ ਵੀ ਕਈ ਢੰਗਾਂ ਨਾਲ ਲਿਖੀ ਜਾਂਦੀ ਹੈ। ਜਦ ਇਸ ਨੂੰ ਸੰਸਕ੍ਰਿਤ ਅਤੇ ਹਿੰਦੀ ਦੇ ਵਿਦਵਾਨ ਲਿਖਦੇ ਹਨ ਤਾਂ ਸੰਸਕ੍ਰਿਤੀ ਸ਼ਬਦਾਂ ਨਾਲ ਲਦ ਦਿੰਦੇ ਹਨ। ਇਸ ਬੋਲੀ ਨੂੰ ਅੱਜ ਕੱਲ ਦੀ ਹਿੰਦੀ ਵਾਂਗ ਏਨੀ ਮੁਸ਼ਕਲ ਬਣਾ ਦਿੰਦੇ ਹਨ ਕਿ ਆਮ ਆਦਮੀ ਤਾਂ ਸਮਝ ਹੀ ਨਹੀਂ ਸਕਦਾ ਕਿ ਲੇਖਣ ਦੱਸਣਾ ਕੀ ਚਾਹੁੰਦਾ ਹੈ। ਜਦ ਇਹ ਫਾਰਸੀ ਦੇ ਆਲਮਾਂ ਦੇ ਕਬਜ਼ੇ ਆਉਂਦਾ ਹੈ ਤਾਂ ਇਸ ਨੂੰ ਫਾਰਸੀ ਦੇ ਭਾਰੀ ਤੋਂ ਭਾਰੀ ਲਫਜ਼ਾਂ ਨਾਲ ਲਦ ਦਿੰਦੇ ਹਨ। ਇਹ ਲਿਖਾਰੀ ਇਹ ਨਹੀਂ ਸਮਝਦੇ ਕਿ ਕੋਈ ਰੋਜ਼ ਪਰੌਂਠੇ ਨਹੀਂ ਖਾ ਸਕਦਾ, ਜੇ ਖਾਏਗਾ ਤਾਂ ਬਦਹਜ਼ਮੀ ਹੋ ਜਾਏਗੀ। ਜ਼ਬਾਨ ਇਕ ਆਲਾ ਹੈ, ਜਿਸ ਨਾਲ ਅਸੀਂ ਆਪਣੇ ਖਿਆਲ ਅਤੇ ਜਜ਼ਬੇ ਦੂਸਰਿਆਂ ਨੂੰ ਪਹੁੰਚਾਂਦੇ ਹਾਂ ਅਤੇ ਇਹ ਆਲਾ ਜਿੰਨਾ ਸਾਦਾ ਹੋਵੇ, ਓਨਾ ਹੀ ਚੰਗਾ ਹੁੰਦਾ ਹੈ। ਨਾਲੇ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਪੰਜਾਬੀ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੀ ਸਾਂਝੀ ਬੋਲੀ ਹੈ ਅਤੇ ਨਾ ਹੀ ਇਸ ਨੂੰ ਮੌਲਵੀ ਦੀ ਵਹੁਟੀ, ਨਾ ਹੀ ਭਾਈ ਜੀ ਦੀ ਗਾਤਰੇ ਵਾਲੀ ਸਿੰਘਣੀ, ਤੇ ਨਾ ਹੀ ਪੰਡਿਤ ਜੀ ਦੀ ਪੰਡਤਾਮੀ ਬਣਾਇਆ ਜਾਮਾ ਮੁਨਾਸਬ ਹੈ। ਇਹ ਤਾਂ ਸਾਡੀ ਸਾਰਿਆਂ ਦੀ ਸਾਂਝੀ ਮਾਂ ਹੈ ਅਤੇ ਅਸੀਂ ਇਸ ਦੇ ਬੱਚੇ। ਇਹ ਗੱਲ ਜ਼ਰੂਰੀ ਹੈ ਕਿ ਕਿ ਬੱਚੇ ਸਮਝ ਲੈਣ ਕਿ ਮਾਂ ਕੀ ਆਖਦੀ ਏ। ਜਿਵੇਂ ਅੰਗਰੇਜ਼ੀ ਵਿਚ ਲੈਟਿਨ, ਗਰੀਕ, ਐਂਗਲੋ-ਸੈਕਸ਼ਨ, ਸਕਾਚ, ਵੈਲਸ਼, ਗੈਲਿਕ, ਪੁਰਤਗਾਲੀ ਅਤੇ ਹਿੰਦੂਸਤਾਨੀ ਤੱਕ ਦੇ ਲਫਜ਼ ਸ਼ਾਮਲ ਹਨ। ਇਸੇ ਤਰ੍ਹਾਂ ਪੰਜਾਬੀ ਦੀ ਨਵੀਂ ਉਸਰਦੀ ਇਮਾਰਤ ਦੇ ਬੂਹੇ ਵੀ ਚਾਰੇ ਪਾਸਿਓ ਖੁੱਲ੍ਹੇ ਰੱਖਦੇ ਚਾਹੀਦੇ ਹਨ ਅਤੇ ਇਸ ਵਿਚ ਅਰਬੀ, ਫਾਰਸੀ, ਉਰਦੂ, ਸੰਸਕ੍ਰਿਤ, ਹਿੰਦੀ ਅਤੇ ਅੰਗਰੇਜ਼ੀ ਤੱਕ ਦੇ ਲਫਜ਼ ਆਉਣੇ ਚਾਹੀਦੇ ਹਨ। ਏਸੇ ਤਰੀਕੇ ਨਾਲ ਹੀ ਇਹ ਜ਼ਬਾਨ ਅਮੀਰ ਹੋ ਸਕਦੀ ਹੈ ਅਤੇ ਤਰੱਕੀ ਕਰ ਸਕਦੀ ਹੈ।