ਕੇਜਰੀਵਾਲ ਦੱਸਣ ਕੋਵਿਡ ’ਚ ਦਿੱਲੀ ਦੀ ਜਨਤਾ ਪੰਜਾਬ ’ਚ ਕਿਉਂ ਆਉਂਦੀ ਰਹੀ ਇਲਾਜ ਕਰਵਾਉਣ : ਸੋਨੀ
Tuesday, Dec 14, 2021 - 08:58 PM (IST)
ਜਲੰਧਰ (ਚੋਪੜਾ) : ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਸਿਹਤ ਵਿਵਸਥਾ ’ਤੇ ਉਂਗਲੀ ਉਠਾਉਣ ਤੋਂ ਪਹਿਲਾਂ ਸਿਰਫ ਇਹ ਦੱਸਣ ਕਿ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਦਿੱਲੀ ਦਾ ਸਿਹਤ ਸਿਸਟਮ ਕਿਥੇ ਸੀ ? ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜਲੰਧਰ ਦੇ ਪ੍ਰਸ਼ਾਸਨਿਕ ਕੰਪਲੈਕਸ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਉਕਤ ਸਵਾਲ ਕਰਦਿਆਂ ਕਿਹਾ ਕਿ ਉਦੋਂ ਜਨਤਾ ਕੇਜਰੀਵਾਲ ਸਰਕਾਰ ਤੋਂ ਦੁਖੀ ਹੋ ਕੇ ਇਲਾਜ ਕਰਵਾਉਣ ਲਈ ਪੰਜਾਬ ਵਿਚ ਆਉਂਦੀ ਰਹੀ ਹੈ। ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਉਨ੍ਹਾਂ ਨੂੰ ਹਸਪਤਾਲਾਂ ਵਿਚ ਭਰਤੀ ਕਰ ਕੇ ਇਲਾਜ ਕੀਤਾ। ‘ਆਪ’ ਆਗੂਆਂ ਨੂੰ ਖੁਦ ਹੀ ਸਮਝਣਾ ਹੋਵੇਗਾ ਕਿ ਕਿਸ ਸੂਬੇ ਦੀ ਸਿਹਤ ਵਿਵਸਥਾ ਸਹੀ ਹੈ। ਸੋਨੀ ਨੇ ਰਾਘਵ ਚੱਢਾ ਦੇ ਉਸ ਦਾਅਵੇ ਕਿ ਉਨ੍ਹਾਂ ਦੇ ਸੰਪਰਕ ਵਿਚ ਕਾਂਗਰਸ ਦੇ 4 ਮੰਤਰੀ ਸਨ ਪਰ ਉਨ੍ਹਾਂ ’ਤੇ ਰੇਤ ਮਾਫੀਆ ਨਾਲ ਮਿਲੇ ਹੋਣ ਦੇ ਦੋਸ਼ਾਂ ਕਾਰਨ ਉਨ੍ਹਾਂ ਨੂੰ ‘ਆਪ’ ਵਿਚ ਸ਼ਾਮਲ ਨਹੀਂ ਕੀਤਾ ਜਾਵੇਗਾ, ’ਤੇ ਵਿਅੰਗ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿਚ ‘ਆਪ’ ਦਾ ਹਸ਼ਰ ਕਿਸੇ ਕੋਲੋਂ ਲੁਕਿਆ ਨਹੀਂ ਹੈ ਅਤੇ ‘ਆਪ’ ਦੇ ਵਿਧਾਇਕ ਲਗਾਤਾਰ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸੁਖਬੀਰ, ਮਜੀਠੀਆ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅੰਦਰ ਕਰਨ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਕੋਰਟ ਦਾ ਪ੍ਰੋਸੈੱਸ ਹੈ। ਜੇਕਰ ਕੋਈ ਕੇਸ ਕੋਰਟ ਵਿਚ ਹੈ ਤਾਂ ਕਾਨੂੰਨ ਆਪਣਾ ਅਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ। ਕਿਸੇ ਖ਼ਿਲਾਫ਼ ਐਕਸ਼ਨ ਲੈਣ ਤੋਂ ਪਹਿਲਾਂ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਨਾ ਹੋਵੇਗਾ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਖੁਦ ਸੁਖਜਿੰਦਰ ਸਿੰਘ ਰੰਧਾਵਾ ਹੀ ਦੱਸ ਸਕਦੇ ਹਨ। ਸੋਨੀ ਨੇ ਕਿਹਾ ਕਿ ਓਮੀਕ੍ਰੋਨ ਦੇ ਵਧਦੇ ਖਤਰੇ ਨੂੰ ਲੈ ਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ।
ਇਹ ਵੀ ਪੜ੍ਹੋ : ਸਿੱਧੂ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਾ ਕੇ ਕਾਂਗਰਸ ਨੇ SC ਭਾਈਚਾਰੇ ਨਾਲ ਧੋਖਾ ਕੀਤਾ : ਡਾ. ਸੁਭਾਸ਼ ਸ਼ਰਮਾ
ਪਿਛਲੇ ਕਈ ਦਿਨਾਂ ਤੋਂ ਹੜਤਾਲ ’ਤੇ ਚੱਲ ਰਹੀਆਂ ਨਰਸਿੰਗ ਅਤੇ ਆਸ਼ਾ ਵਰਕਰਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਲੈ ਕੇ ਅਗਲੇ 3-4 ਦਿਨਾਂ ਵਿਚ ਪੂਰਾ ਕਰ ਦਿੱਤਾ ਜਾਏਗਾ। ਸੂਬੇ ਵਿਚ ਕੋਵਿਡ ਵੈਕਸੀਨੇਸ਼ਨ ਮੁਹਿੰਮ ਨੂੰ ਤੇਜ਼ ਕਰਨ ਸਬੰਧੀ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਬੇਬਾਕ ਬਿਆਨਬਾਜ਼ੀ ਕਰਦੇ ਹਨ ਪਰ ਉਨ੍ਹਾਂ ਦੀ ਸਰਕਾਰ ਨਾਲ ਕੋਈ ਨਾਰਾਜ਼ਗੀ ਨਹੀਂ ਹੈ। ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਸੁਖਜਿੰਦਰ ਰੰਧਾਵਾ ਅਤੇ ਰਾਣਾ ਗੁਰਜੀਤ ਵਿਚਕਾਰ ਪੈਸੇ ਲੈ ਕੇ ਐੱਸ. ਐੱਸ. ਪੀ. ਤੇ ਕਮਿਸ਼ਨਰ ਲਾਉਣ ਵਰਗਾ ਕੋਈ ਝਗੜ ਨਹੀਂ ਹੋਇਆ ਹੈ। ਦੋਵਾਂ ਵਿਚਕਾਰ ਕਿਸੇ ਛੋਟੀ-ਮੋਟੀ ਗੱਲ ’ਤੇ ਹੋਈ ਬਹਿਸ ਨੂੰ ਬਾਹਰ ਜਾਣਬੁੱਝ ਕੇ ਤੂਲ ਦਿੱਤਾ ਗਿਆ ਹੈ। ਸੂਬੇ ਵਿਚ ਰੇਤ ਤੇ ਡਰੱਗ ਮਾਫੀਆ ਨੂੰ ਲੈ ਕੇ ਸਮੁੱਚਾ ਸਿਸਟਮ ਠੀਕ ਕਰਨ ਵਿਚ ਸਰਕਾਰ ਲੱਗੀ ਹੋਈ ਹੈ ਅਤੇ ਅੱਜ ਚੰਨੀ ਸਰਕਾਰ ਦੇ ਫੈਸਲੇ ਦੇ ਅਨੁਸਾਰ ਹੀ ਲੋਕਾਂ ਨੂੰ ਸਸਤੇ ਰੇਟ ’ਤੇ ਰੇਤਾ ਮਿਲਣ ਲੱਗੀ ਹੈ। ਮੁੱਖ ਮੰਤਰੀ ਚੰਨੀ ਨੇ ਜਿਹੜੇ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਪਰਗਟ ਸਿੰਘ, ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਪੁਲਸ ਕਮਿਸ਼ਨਰ ਨੌਨਿਹਾਲ ਸਿੰਘ, ਐੱਸ. ਐੱਸ. ਪੀ. ਸਤਿੰਦਰ ਸਿੰਘ, ਵਿਧਾਇਕ ਸੁਰਿੰਦਰ ਚੌਧਰੀ, ਮੇਅਰ ਜਗਦੀਸ਼ ਰਾਜਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ : ਜਥੇਦਾਰ ਦਾਦੂਵਾਲ ਨੇ ਮੁੱਖ ਮੰਤਰੀ ਨੂੰ ਮਿਲ ਕੇ ਬੇਅਦਬੀਆਂ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੀ ਕੀਤੀ ਮੰਗ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ