ਆਖਰ ਕੈਪਟਨ ਨੇ ਕਿਉਂ ਮਾਫ ਕੀਤੀ ਸਿੱਧੂ ਦੀ ਗ਼ੁਸਤਾਖੀ ?

12/03/2018 9:48:57 PM

ਜਲੰਧਰ—(ਜਸਬੀਰ ਵਾਟਾਂ ਵਾਲੀ) ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੈਪਟਨ ਨਾ ਮੰਨੇ ਜਾਣ ਦੇ ਬਿਆਨ ਤੋਂ ਬਾਅਦ ਉਸ ਖ਼ਿਲਾਫ਼ ਸ਼ੁਰੂ ਹੋਈ ਵਿਰੋਧ ਮੁਹਿੰਮ ਅੱਜ ਅਚਾਨਕ ਹੀ ਠੰਡੀ ਪੈ ਗਈ। ਇਸ ਮਾਮਲੇ ਸਬੰਧੀ ਚਰਚਾ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਖਿਲਾਫ ਅੱਜ ਦੀ ਇਸ ਕੈਬਨਿਟ 'ਚ ਮਤਾ ਪਾਸ ਕੀਤਾ ਜਾਵੇਗਾ ਅਤੇ ਉਸ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਕੈਬਨਿਟ ਮੀਟਿੰਗ ਦੇ ਖਤਮ ਹੋਣ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਨੇ ਇਸ ਸਬੰਧੀ ਸਪੱਸ਼ਟ ਕਰ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਖਿਲਾਫ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਗਈ।
 ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਤੇਲੰਗਾਨਾ ’ਚ ਕਾਂਗਰਸ ਦੇ ਚੋਣ ਪ੍ਰਚਾਰ ਦੌਰੇ 'ਤੇ ਗਏ ਨਵਜੋਤ ਸਿੰਘ ਸਿੱਧੂ ਨੂੰ ਪੱਤਕਾਰ ਵੱਲੋਂ ਜਦੋਂ ਉਸਦੇ ਪਾਕਿਸਤਾਨੀ ਦੌਰੇ ਸਬੰਧੀ ਕੈਪਟਨ ਦੀ ਨਾਰਾਜ਼ਗੀ ਬਾਰੇ ਪੁੱਛਿਆ ਗਿਆ ਤਾਂ ਸਿੱਧੂ ਨੇ ਬੜੇ ਹੀ ਬੇਬਾਕ ਅਤੇ ਗੁਸਤਾਖ਼ ਅੰਦਾਜ਼ ਨਾਲ ਕਿਹਾ ਸੀ ਕਿ :
 
'ਕੌਣ ਕੈਪਟਨ...ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ।’’ 

ਸਿੱਧੂ ਦੇ ਇਸ ਬਿਆਨ ਤੋਂ ਬਾਅਦ ਵਿਰੋਧੀਆਂ ਵਲੋਂ ਲਗਾਤਾਰ ਉਸ ਉੱਤੇ ਹਮਲੇ ਬੋਲੇ ਜਾ ਰਹੇ ਸਨ, ਵਿਰੋਧੀਆਂ ਤੋਂ ਇਲਾਵਾ ਉਸਦੇ ਸਾਥੀ ਮੰਤਰੀਆਂ ਅਤੇ ਵਿਧਾਇਕਾਂ ਨੇ ਵੀ ਸਿੱਧੂ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਇਨ੍ਹਾਂ ਵਿਚੋਂ ਕਈਆਂ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ 'ਚੋਂ ਅਸਤੀਫਾ ਦੇ ਕੇ ਲਾਂਭੇ ਹੋਣ ਦੀ ਸਲਾਹ ਵੀ ਦੇ ਦਿੱਤੀ ਸੀ।
ਹੁਣ ਸਵਾਲ ਖੜਾ ਇਹ ਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਦੋ ਦਿਨ ਪਹਿਲਾਂ ਸ਼ੁਰੂ ਹੋਈ ਵਿਰੋਧ ਮੁਹਿੰਮ ਆਖਿਰਕਾਰ ਅਚਾਨਕ ਹੀ ਠੰਡੀ ਕਿਵੇਂ ਪੈ ਗਈ ? ਸਵਾਲ ਇਹ ਵੀ ਹੈ ਕਿ ਆਖਰ ਕੈਪਟਨ ਨੇ ਕਿਉਂ ਮਾਫ ਕਰ ਦਿੱਤੀ ਨਵਜੋਤ ਸਿੰਘ ਸਿੱਧੂ ਦੀ ਇਹ ਗ਼ੁਸਤਾਖੀ ? ਮਾਮਲੇ ਨੂੰ ਧਿਆਨ ਨਾਲ ਵਾਚੀਏ ਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਮੌਜੂਦਾ ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਕਾਂਗਰਸ ਦਾ ਸਟਾਰ ਪ੍ਰਚਾਰਕ ਬਣ ਕੇ ਕੈਪੇਂਨ ਕੀਤੀ, ਉਸ ਨੇ ਵੀ ਸਭ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਵਿਚ ਸਿੱਧੂ ਦੇ ਕਿਰਦਾਰ ਦੀ ਸਮੁੱਚੇ ਵਿਸ਼ਵ ਜਿਵੇਂ ਪ੍ਰਸੰਸਾ ਹੋਈ, ਉਸ ਨੇ ਵੀ ਉਸਦਾ ਕੱਦ ਕਾਫੀ ਵੱਡਾ ਕੀਤਾ। ਸਿੱਧੂ ਦੀ ਗੁਸਤਾਖੀ ਮਾਫੀ ਦੀ ਇਕ ਵਜ੍ਹਾ ਉਸ ਵੱਲੋਂ ਕੈਪਟਨ ਅਮਰਿੰਦਰ ਕੋਲ ਪੇਸ਼ ਕੀਤੀ ਗਈ ਸਫਾਈ ਵੀ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਇਸ ਮਾਮਲੇ 'ਤੇ ਅੱਜ ਸਫਾਈ ਪੇਸ਼ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਹੀ ਸਤਿਕਾਰਯੋਗ ਅਤੇ ਆਪਣੇ ਪਿਤਾ ਦੇ ਸਮਾਨ ਦੱਸਿਆ। ਸਿੱਧੂ ਨੇ ਇਹ ਵੀ ਕਿਹਾ ਕਿ ਉਸਦੇ ਬਿਆਨ ਨੂੰ ਮੀਡੀਆ ਵੱਲੋਂ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ
ਸਿਆਸੀ ਮਾਹਰਾਂ ਦੀ ਮੰਨੀਏ ਤਾਂ ਨਵਜੋਤ ਸਿੰਘ ਸਿੱਧੂ ਨੇ ਇਹ ਬਿਆਨ ਰਾਹੁਲ ਗਾਂਧੀ ਦੀ ਸ਼ਹਿ ’ਤੇ ਹੀ ਦਿੱਤਾ ਸੀ। ਮਾਹਰਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਪੰਜਾਬ ਵਿਚੋਂ ਕੈਪਟਨ ਅਮਰਿੰਦਰ ਸਿੰਘ ਦੀ ਸ਼ਕਤੀ ਨੂੰ ਘੱਟ ਕਰਨ ਲਈ ਅੰਦਰ ਖਾਤੇ ਹੀ ਆਪਣਾ ਇਕ ਧੜਾ ਖੜਾ ਕਰ ਰਹੇ ਹਨ।   


jasbir singh

News Editor

Related News