ਕਿਸ ਦੇ ਸਿਰ ’ਤੇ ਸਜੇਗਾ ਪੰਜਾਬ ਦੇ CM ਦਾ ਤਾਜ, ਫ਼ੈਸਲਾ ਅੱਜ

03/10/2022 7:41:49 AM

ਜਲੰਧਰ (ਵੈੱਬ ਡੈਸਕ) : ਪੰਜਾਬ ’ਚ 20 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਜਾਵੇਗਾ। ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਈ. ਵੀ. ਐੱਮ. ’ਚ ਬੰਦ ਅੱਜ 1304 ਉਮੀਦਵਾਰਾਂ ਦੀ ਕਿਸਮਤ ਖੁੱਲ੍ਹੇਗੀ ਅਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਪੰਜਾਬ ਦੀ ਸੱਤਾ ਕਿਸ ਪਾਰਟੀ ਦੇ ਹੱਥਾਂ ’ਚ ਜਾਵੇਗੀ। ਵੋਟਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਦੋ-ਤਿੰਨ ਘੰਟਿਆਂ ਵਿਚ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। 14 ਗੇੜਾਂ ’ਚ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਸੂਬੇ ਭਰ ਦੇ ਵੋਟਰਾਂ ਨੂੰ 20 ਫਰਵਰੀ ਨੂੰ ਹੋਈਆਂ ਵੋਟਾਂ ਤੋਂ ਬਾਅਦ 10 ਮਾਰਚ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਉਥੇ ਹੀ ਚੋਣ ਕਮਿਸ਼ਨ ਵੱਲੋਂ ਗਿਣਤੀ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਿਯਮ ਸਪੱਸ਼ਟ ਕਰ ਦਿੱਤੇ ਗਏ ਹਨ, ਜਿਨ੍ਹਾਂ ’ਚ ਸਭ ਤੋਂ ਸਪੱਸ਼ਟ ਅਤੇ ਖ਼ਾਸ ਨਿਯਮ ਰੀ-ਕਾਊਂਟਿੰਗ ਨੂੰ ਲੈ ਕੇ ਹੈ। ਇਸ ਵਾਰ ਰੀ-ਕਾਊਂਟਿੰਗ ਰਾਊਂਡ ਦੇ ਅਨੁਸਾਰ ਹੋਣ ਵਾਲੀ ਹੈ। ਕਾਊਂਟਿੰਗ ਸੈਂਟਰਾਂ ਦੇ ਅੰਦਰ ਤਿਆਰੀਆਂ ਵੀ ਪੂਰੀਆਂ ਹੋ ਚੁੱਕੀਆਂ ਹਨ ਅਤੇ ਕੋਰੋਨਾ ਕਾਲ ਦੇ ਚਲਦਿਆਂ ਕੋਰੋਨਾ ਨਿਯਮਾਂ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।  ਮਾਸਕ ਅਤੇ ਸੈਨੀਟਾਈਜ਼ਰ ਉਪਲੱਬਧ ਕਰਵਾਏ ਜਾਣਗੇ। ਇੰਨਾ ਹੀ ਨਹੀਂ ਮਸ਼ੀਨਾਂ ਨੂੰ ਖੋਲ੍ਹਣ ਅਤੇ ਰੀ-ਪੈਕ ਕਰਨ ਤੋਂ ਪਹਿਲਾਂ ਸੈਨੇਟਾਈਜ਼ ਕੀਤਾ ਜਾਵੇਗਾ।

ਰਾਊਂਡ ਵਿਚਾਲੇ ਹੀ ਉਮੀਦਵਾਰ ਕਰਨ ਆਬਜ਼ੈਕਸ਼ਨ
ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਵੀ ਨਿਯਮ ਸਪੱਸ਼ਟ ਕੀਤੇ ਹਨ। ਇਸ ਵਾਰ ਉਮੀਦਵਾਰ ਸਿਰਫ਼ ਰਾਊਂਡ ਵਿਚਕਾਰ ਹੀ ਰੀ-ਕਾਊਂਟਿੰਗ ਦੀ ਅਪੀਲ ਕਰ ਸਕਦਾ ਹੈ। ਉਨ੍ਹਾਂ ਦੇ ਕਹਿਣ ’ਤੇ ਸਿਰਫ਼ ਦੋ ਵਾਰ ਰੀ-ਕਾਊਂਟਿੰਗ ਹੋ ਸਕਦੀ ਹੈ। ਇੰਨਾ ਹੀ ਨਹੀਂ ਅਪੀਲ ਵੀ ਰਾਊਂਡ ਦੇ ਵਿਚ ਹੀ ਕਰਨੀ ਹੋਵੇਗੀ। ਚੋਣ ਕਮਿਸ਼ਨ ਵੱਲੋਂ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਅਗਲੇ ਰਾਊਂਡ ਦੀ ਕਾਊਂਟਿੰਗ ਸ਼ੁਰੂ ਹੋ ਜਾਂਦੀ ਹੈ ਤਾਂ ਕੋਈ ਵੀ ਉਮੀਦਵਾਰ ਪਿਛਲੇ ਰਾਊਂਡ ਦੀ ਰੀ-ਕਾਊਂਟਿੰਗ ਦੀ ਅਪੀਲ ਨਹੀਂ ਕਰ ਸਕਦਾ।

ਮੋਬਾਇਲ ਲੈ ਕੇ ਜਾਣ ’ਤੇ ਰਹੇਗੀ ਮਨਾਹੀ
ਚੋਣ ਕਮਿਸ਼ਨ ਨੇ ਕਾਊਂਟਿੰਗ ਸੈਂਟਰਾਂ ਦੀ ਸੁਰੱਖਿਆ ਨੂੰ ਵੀ ਪੂਰਾ ਧਿਆਨ ’ਚ ਰੱਖਿਆ ਹੈ। ਕੋਈ ਵੀ ਉਮੀਦਵਾਰ ਆਪਣੇ ਨਾਲ ਮੋਬਾਇਲ ਅੰਦਰ ਨਹੀਂ ਲਿਜਾ ਸਕਦਾ। ਇੰਨਾ ਹੀ ਨਹੀਂ ਹੋਰ ਇਲੈਕਟ੍ਰਾਨਿਕ ਗੈਜੇਟਸ ਵੀ ਅੰਦਰ ਲੈ ਕੇ ਜਾਣਾ ’ਤੇ ਪਾਬੰਦੀ ਰਹੇਗੀ।


Anuradha

Content Editor

Related News