ਵਾਰਡਬੰਦੀ ਤਿਆਰ ਕਰਨ ਸਮੇਂ ਅਫ਼ਸਰਾਂ ਨੇ ਦਬਾਅ ’ਚ ਆ ਕੇ ਕੀਤਾ ਫਰਜ਼ੀਵਾੜਾ, ਸਸਪੈਂਡ ਦੀ ਉੱਠਣ ਲੱਗੀ ਮੰਗ

Friday, Jun 23, 2023 - 11:52 AM (IST)

ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੀਆਂ ਚੋਣਾਂ ਲਗਭਗ 2 ਮਹੀਨੇ ਬਾਅਦ ਹੋਣ ਜਾ ਰਹੀਆਂ ਹਨ, ਜਿਸ ਦੇ ਲਈ ਪੂਰੇ ਸ਼ਹਿਰ ਨੂੰ 85 ਵਾਰਡਾਂ ਵਿਚ ਵੰਡ ਦਿੱਤਾ ਗਿਆ ਹੈ ਅਤੇ ਨਵੀਂ ਵਾਰਡਬੰਦੀ ਦਾ ਡਰਾਫਟ ਨੋਟੀਫਿਕੇਸ਼ਨ ਵੀ ਹੋ ਚੁੱਕਾ ਹੈ। ਨਵੇਂ ਬਣੇ ਵਾਰਡਾਂ ਦੇ ਨਕਸ਼ੇ ਇਨ੍ਹੀਂ ਦਿਨੀਂ ਨਿਗਮ ਵਿਚ ਆਮ ਪਬਲਿਕ ਨੂੰ ਵਿਖਾਏ ਜਾ ਰਹੇ ਹਨ। ਇਸ ਦੌਰਾਨ ਦੋਸ਼ ਲੱਗ ਰਹੇ ਹਨ ਕਿ ਨਵੀਂ ਵਾਰਡਬੰਦੀ ਨੂੰ ਤਿਆਰ ਕਰਨ ਸਮੇਂ ਲੋਕਲ ਬਾਡੀਜ਼ ਦੇ ਅਫ਼ਸਰਾਂ ਨੇ ਦਬਾਅ ਵਿਚ ਆ ਕੇ ਫਰਜ਼ੀਵਾੜਾ ਕੀਤਾ ਹੈ ਅਤੇ ਚੋਣਵੇਂ ਵਾਰਡਾਂ ਨੂੰ ਐੱਸ. ਸੀ. ਰਿਜ਼ਰਵ ਜਾਂ ਜਨਰਲ ਕਰਨ ਲਈ ਅੰਕੜਿਆਂ ਵਿਚ ਜ਼ਬਰਦਸਤ ਹੇਰ-ਫੇਰ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਫਰਜ਼ੀਵਾੜੇ ਦੀ ਗੱਲ ਸਾਹਮਣੇ ਆਉਣ ’ਤੇ ਵਿਰੋਧੀ ਧਿਰ ਵਿਚ ਬੈਠੇ ਕਾਂਗਰਸੀ ਅਤੇ ਭਾਜਪਾ ਦੇ ਆਗੂ ਇਸ ਮਾਮਲੇ ਨੂੰ ਅਦਾਲਤ ਵਿਚ ਚੁਣੌਤੀ ਵੀ ਦੇ ਸਕਦੇ ਹਨ। ਦੋਵਾਂ ਹੀ ਪਾਰਟੀਆਂ ਦੇ ਆਗੂ ਨਵੀਂ ਵਾਰਡਬੰਦੀ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਪਾਵਰਕਾਮ ਦੀ ਵੱਡੀ ਉਪਲੱਬਧੀ: PSPCL ਨੇ 15000 ਮੈਗਾਵਾਟ ਦੀ ਡਿਮਾਂਡ ਪੂਰੀ ਕਰਕੇ ਬਣਾਇਆ ਰਿਕਾਰਡ

ਇੰਡਸਟਰੀਅਲ ਏਰੀਆ ਵਾਰਡ ਨੂੰ ਐੱਸ. ਸੀ. ਬਣਾਉਣ ਲਈ ਅੰਕੜਿਆਂ ’ਚ ਕੀਤੀ ਗਈ ਗੜਬੜੀ
ਭਾਜਪਾ ਆਗੂ ਜੌਲੀ ਬੇਦੀ ਨੇ ਤੱਥ ਦੇ ਕੇ ਰੱਖੀ ਜਾਂਚ ਦੀ ਮੰਗ

ਵਾਰਡਬੰਦੀ ਤਿਆਰ ਕਰਨ ਸਮੇਂ ਅਫ਼ਸਰਾਂ ਵੱਲੋਂ ਕੀਤਾ ਗਿਆ ਫਰਜ਼ੀਵਾੜਾ ਉਸ ਸਮੇਂ ਸਾਹਮਣੇ ਆਇਆ, ਜਦੋਂ ਭਾਜਪਾ ਆਗੂ ਜੌਲੀ ਬੇਦੀ ਨੇ ਇੰਡਸਟਰੀਅਲ ਏਰੀਆ ਵਾਰਡ ਸਬੰਧੀ ਪੱਤਰਕਾਰਾਂ ਸਾਹਮਣੇ ਕਈ ਤੱਥ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਵਾਰਡ ਨੰਬਰ 64 ਸੀ, ਜਿਸ ਨੂੰ ਹੁਣ 80 ਨੰਬਰ ਵਾਰਡ ਬਣਾ ਦਿੱਤਾ ਗਿਆ ਹੈ ਪਰ ਕਿਸੇ ‘ਆਪ’ ਆਗੂ ਨੂੰ ਐਡਜਸਟ ਕਰਨ ਲਈ ਇੰਡਸਟਰੀਅਲ ਏਰੀਆ ਵਾਰਡ ਨੂੰ ਐੱਸ. ਸੀ. ਰਿਜ਼ਰਵ ਕਰ ਦਿੱਤਾ ਗਿਆ ਹੈ, ਜਦੋਂ ਕਿ ਇਸ ਇਲਾਕੇ ਵਿਚ ਐੱਸ. ਸੀ. ਜਨਸੰਖਿਆ ਕਾਫ਼ੀ ਘੱਟ ਹੈ। ਉਨ੍ਹਾਂ ਵਾਰਡ ਨੰਬਰ 80 ਨਾਲ ਸਬੰਧਤ ਨਕਸ਼ਾ ਵੇਖ ਕੇ ਦੱਸਿਆ ਕਿ ਬਲਾਕ ਨੰਬਰ 6 ਵਿਚ ਕੁੱਲ ਵੋਟਾਂ 641, ਐੱਸ. ਸੀ. ਵੋਟਾਂ 266, ਜਨਰਲ ਵਰਗ ਦੀਆਂ ਵੋਟਾਂ 125 ਅਤੇ ਬੀ. ਸੀ. ਵਰਗ ਦੀਆਂ 250 ਦੱਸੀਆਂ ਗਈਆਂ ਹਨ, ਜਦੋਂ ਕਿ 7 ਨੰਬਰ ਬਲਾਕ ਵਿਚ ਵੀ ਅੰਕੜੇ ਇਹੀ ਹਨ।

ਇਹ ਵੀ ਪੜ੍ਹੋ:ਪਟਵਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਵਕਫ਼ ਬੋਰਡ ਨੇ ਲਿਆ ਇਤਿਹਾਸਕ ਫ਼ੈਸਲਾ

PunjabKesari

ਇਸੇ ਤਰ੍ਹਾਂ ਬਲਾਕ ਨੰਬਰ 31, 32 ਅਤੇ 33 ਵਿਚ ਕੁੱਲ ਵੋਟਾਂ 465 ਤੇ ਐੱਸ. ਸੀ. ਵਰਗ ਦੀਆਂ ਵੋਟਾਂ 336 ਵਿਖਾਈਆਂ ਗਈਆਂ ਹਨ। ਜਨਰਲ ਵਰਗ ਦੀਆਂ ਸਿਰਫ਼ 46 ਅਤੇ ਬੀ. ਸੀ. ਵਰਗ ਦੀਆਂ 83 ਵੋਟਾਂ ਵਿਖਾਈਆਂ ਗਈਆਂ ਹਨ। ਤਿੰਨ ਬਲਾਕਾਂ ਵਿਚ ਇਕੋ ਜਿਹੇ ਅੰਕੜੇ ਹੋਣਾ ਨਾਮੁਮਕਿਨ ਹੈ। ਉਨ੍ਹਾਂ ਕਿਹਾ ਕਿ ਪੂਰੇ ਵਾਰਡ ਦੀਆਂ ਕੁੱਲ 11687 ਵੋਟਾਂ ਦਰਸਾਈਆਂ ਗਈਆਂ ਹਨ, ਜਿਨ੍ਹਾਂ ਵਿਚੋਂ ਜਨਰਲ ਵਰਗ ਦੀਆਂ ਵੋਟਾਂ ਸਿਰਫ਼ 2208 ਹੀ ਹਨ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਇਸ ਵਾਰਡ ਵਿਚ ਕੁੱਲ ਦਲਿਤ ਵੋਟਾਂ ਦੀ ਗਿਣਤੀ 9500 ਦੇ ਲਗਭਗ ਹੈ, ਜਿਸ ਤਰ੍ਹਾਂ ਕਿ ਨਕਸ਼ੇ ’ਤੇ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਫਰਜ਼ੀਵਾੜਾ ਸਾਬਿਤ ਹੁੰਦਾ ਹੈ ਤਾਂ ਸਬੰਧਤ ਅਫ਼ਸਰਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ।

ਕਾਂਗਰਸੀਆਂ ਨੇ ਵੀ ਜਤਾਇਆ ਇਤਰਾਜ਼, ਡਰਾਫਟਸਮੈਨ ਨੂੰ ਸਮਝਾਉਣ ਲਈ ਨਿਯੁਕਤ ਕੀਤਾ ਜਾਵੇ
ਕਾਂਗਰਸੀ ਆਗੂਆਂ ਬਲਰਾਜ ਠਾਕੁਰ, ਡਾ. ਜਸਲੀਨ ਸੇਠੀ, ਨੀਰਜਾ ਜੈਨ, ਮਨਮੋਹਨ ਸਿੰਘ ਮੋਹਨਾ ਆਦਿ ਨੇ ਵਾਰਡਬੰਦੀ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਨਕਸ਼ੇ ਵਿਚ ਵਾਰਡ ਦੀ ਬਾਊਂਡਰੀ ਸਬੰਧੀ ਲੋਕੇਸ਼ਨ ਗੂਗਲ ਮੈਪ ਤੋਂ ਚੁੱਕੀ ਗਈ ਹੈ, ਜੋ ਕਈ ਸਥਾਨਾਂ ’ਤੇ ਡਰਾਫਟ ਨੋਟੀਫਿਕੇਸ਼ਨ ਨਾਲ ਮੇਲ ਨਹੀਂ ਖਾਂਦੀ, ਇਸ ਲਈ ਨਕਸ਼ੇ ਨੂੰ ਸਮਝਾਉਣ ਲਈ ਡਰਾਫਟਸਮੈਨ ਦੀ ਪੱਕੇ ਤੌਰ ’ਤੇ ਉਥੇ ਡਿਊਟੀ ਲਾਈ ਜਾਵੇ। ਇਹ ਮੰਗ ਵੀ ਕੀਤੀ ਗਈ ਕਿ ਹਰ ਵਾਰਡ ਦੀ ਜਨਸੰਖਿਆ ਕਾਸਟ ਦੇ ਹਿਸਾਬ ਨਾਲ ਪ੍ਰਦਰਸ਼ਿਤ ਕੀਤੀ ਜਾਵੇ ਅਤੇ ਅੰਕੜੇ ਸਾਰਿਆਂ ਨੂੰ ਦਿੱਤੇ ਜਾਣ। ਇਸੇ ਵਿਚਕਾਰ ਪਤਾ ਲੱਗਾ ਹੈ ਕਿ ਅੱਜ ਵੀ ਕਈ ਹੋਰ ਆਗੂਆਂ ਨੇ ਵਾਰਡਬੰਦੀ ’ਤੇ ਆਪਣੇ ਲਿਖਤੀ ਇਤਰਾਜ਼ ਦਰਜ ਕਰਵਾਏ।

ਇਹ ਵੀ ਪੜ੍ਹੋ: ਮੁਕੇਰੀਆਂ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸ਼ੱਕੀ ਹਾਲਾਤ 'ਚ ਮੌਤ, ਦੁਕਾਨ ਦੇ ਅੰਦਰੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News