ਮਹਾਮੁਕਾਬਲੇ ’ਚ ਮਹਾਰਥੀ, ਜਦੋਂ ਬਾਦਲ ਪਰਿਵਾਰ ’ਚ ਹੀ ਹੋਇਆ ਸੀ ਮੁਕਾਬਲਾ

Saturday, Jan 29, 2022 - 01:28 PM (IST)

ਮਹਾਮੁਕਾਬਲੇ ’ਚ ਮਹਾਰਥੀ, ਜਦੋਂ ਬਾਦਲ ਪਰਿਵਾਰ ’ਚ ਹੀ ਹੋਇਆ ਸੀ ਮੁਕਾਬਲਾ

ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ ਲਈ ਐਲਾਨੇ ਜਾ ਚੁੱਕੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਸਿਆਸੀ ਜੰਗ ਲਈ ਤਿਆਰ ਹਨ। ਕੁੱਝ ਸੀਟਾਂ ’ਤੇ ਸਖ਼ਤ ਮੁਕਾਬਲਾ ਵੀ ਹੋਣ ਜਾ ਰਿਹਾ ਹੈ ਪਰ ਪੰਜਾਬ ’ਚ ਇਸ ਵਾਰ ਇਕ ਸੀਟ ਅਜਿਹੀ ਵੀ ਹੈ, ਜਿਥੇ ਸਖ਼ਤ ਨਹੀਂ ਸਗੋਂ ਮਹਾਮੁਕਾਬਲਾ ਦੇਖਣ ਨੂੰ ਮਿਲੇਗਾ। ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕਾ ਅਜਿਹਾ ਹੀ ਹਲਕਾ ਹੈ, ਜਿੱਥੇ ਦੋਵੇਂ ਮੁੱਖ ਉਮੀਦਵਾਰ ਜੀ-ਜਾਨ ਦੀ ਬਾਜ਼ੀ ਲਗਾ ਕੇ ਵੈਰੀ ਨੂੰ ਚਿੱਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ਕਿਉਂਕਿ ਇਹ ਸੀਟ ਪੰਜਾਬ ਭਰ ’ਚ ਸਭ ਤੋਂ ਖ਼ਾਸ ਸੀਟ ਬਣ ਚੁੱਕੀ ਹੈ, ਜਿਸ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹਨ।ਹੁਣ ਤੱਕ ਕਦੋਂ ਅਤੇ ਕਿਹੜੀ ਸੀਟ ’ਤੇ ਅਜਿਹਾ ਹੀ ਮੁਕਾਬਲਾ ਹੋ ਚੁੱਕਿਆ ਹੈ, ਇਸ ਬਾਰੇ ‘ਜਗ ਬਾਣੀ’ ਤੋਂ ਹਰੀਸ਼ਚੰਦਰ ਦੀ ਇਹ ਖ਼ਾਸ ਰਿਪੋਰਟ:

ਅੰਮ੍ਰਿਤਸਰ ਪੂਰਬੀ ਹਲਕੇ ’ਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ’ਚ ਅਕਾਲੀ ਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਉਤਾਰਿਆ ਹੈ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਨਾਂ ਦਾ ਐਲਾਨ ਉਦੋਂ ਹੋਇਆ ਜਦੋਂ ਨਾਮਜ਼ਦਗੀ ਦਾ ਦੌਰ ਸ਼ੁਰੂ ਹੋਇਆ। ਇਕ ਦੌਰ ਅਜਿਹਾ ਵੀ ਰਿਹਾ, ਜਦੋਂ ਨਵਜੋਤ ਸਿੱਧੂ ਸਰਵਜਨਕ ਤੌਰ ’ਤੇ ਮਜੀਠੀਆ ਦੇ ਕਸੀਦੇ ਘੜ੍ਹਦੇ ਸਨ। 2009 ’ਚ ਜਦੋਂ ਉਹ ਕਾਂਗਰਸ ਤੋਂ ਸਿਰਫ਼ 8,000 ਵੋਟਾਂ ਤੋਂ ਜਿੱਤੇ ਸਨ, ਉਦੋਂ ਮਜੀਠਿਆ ਦੇ ਹਲਕੇ ਨੇ ਹੀ ਉਨ੍ਹਾਂ ਦੀ ਲਾਜ ਬਚਾਈ ਸੀ। ਇਸ ਕਾਰਨ ਮਜੀਠੀਆ ਨੂੰ ਆਪਣਾ ਛੋਟਾ ਭਰਾ ਦੱਸਣ ਵਾਲੇ ਸਿੱਧੂ ਹੁਣ ਮਜੀਠੀਆ ਨੂੰ ਆਪਣੇ ਵੱਡੇ ਦੁਸ਼ਮਣਾਂ ’ਚ ਗਿਣਨ ਲੱਗੇ ਹਨ। ਮਜੀਠੀਆ ਖ਼ਿਲਾਫ਼ ਨਸ਼ੇ ਦੇ ਮਾਮਲੇ ’ਚ ਮਾਮਲਾ ਦਰਜ ਕਰਨ ’ਚ ਅਕਾਲੀ ਦਲ ਸਿੱਧੂ ਦੀ ਹੀ ਵੱਡੀ ਭੂਮਿਕਾ ਮੰਨਦਾ ਹੈ ਕਿਉਂਕਿ ਸਿੱਧੂ ਦੇ ਚਹੇਤੇ ਸਿਧਾਰਥ ਚਟੋਪਾਧਿਆਏ ਦੇ ਡੀ.ਜੀ.ਪੀ. ਬਣਨ ਤੋਂ ਬਾਅਦ ਹੀ ਇਹ ਮਾਮਲਾ ਦਰਜ ਹੋਇਆ ਸੀ।

ਇਹ ਵੀ ਪੜ੍ਹੋ : ਮਜੀਠੀਆ ਦੇ ਇਲਜ਼ਾਮ 'ਤੇ ਰੰਧਾਵਾ ਦਾ ਤਿੱਖਾ ਜਵਾਬ, ਕਿਹਾ- ਨਸ਼ਾ ਤਸਕਰ ਕੋਲੋਂ ਰਾਸ਼ਟਰਵਾਦ ਦੇ ਸਰਟੀਫ਼ਿਕੇਟ ਦੀ ਲੋੜ ਨਹੀਂ

ਸਿੱਧੂ-ਮਜੀਠੀਆ, ਦੋਵੇਂ ਹੀ ਤੇਜ਼-ਤਰਾਰ
ਸਿੱਧੂ ਚਾਹੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਅਤੇ ਵਿਧਾਇਕ ਰਹੇ ਪਰ ਮਜੀਠੀਆ ਦੀ ਵੀ ਅੰਮ੍ਰਿਤਸਰ ’ਚ ਪਕੜ ਕਮਜ਼ੋਰ ਨਹੀਂ ਹੈ। ਉਨ੍ਹਾਂ ਦੇ ਪਿਤਾ ਸੱਤਿਆਜੀਤ ਸਿੰਘ ਮਜੀਠੀਆ ਲੰਮੇ ਸਮੇਂ ਤੋਂ ਸ਼ਹਿਰ ਦੇ ਮਸ਼ਹੂਰ ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦੇ ਚੇਅਰਮੈਨ ਹਨ ਅਤੇ ਇਸ ਸਮੇਂ ਖਾਲਸਾ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ। ਇਹੀ ਵਜ੍ਹਾ ਹੈ ਕਿ ਸ਼ਹਿਰ ’ਚ ਉਨ੍ਹਾਂ ਦੇ ਪਰਿਵਾਰ ਪ੍ਰਤੀ ਇਕ ਵੱਖਰਾ ਮੋਹ ਹੈ। 10 ਸਾਲ ਸੱਤਾ ’ਚ ਰਹਿਣ ਕਾਰਨ ਵੀ ਭਾਜਪਾ ਦੇ ਕਈ ਸਥਾਨਕ ਵਰਕਰ ਅਕਾਲੀ ਦਲ ਪ੍ਰਤੀ ਸਾਫ਼ਟ ਕਾਰਨਰ ਰੱਖਦੇ ਹਨ, ਜਿਸ ਦਾ ਫ਼ਾਇਦਾ ਮਜੀਠਿਆ ਨੂੰ ਮਿਲ ਸਕਦਾ ਹੈ। ਦੂਜੇ ਪਾਸੇ ਕਾਂਗਰਸ ’ਚ ਸਿੱਧੂ ਵਿਰੋਧੀ ਅਤੇ ਕੈ. ਅਮਰਿੰਦਰ ਸਮਰਥਕ ਲੋਕਲ ਨੇਤਾ-ਵਰਕਰ ਵੀ ਮਜੀਠੀਆ ਦਾ ਸਾਥ ਦੇ ਸਕਦੇ ਹਨ। ਅਜਿਹੇ ’ਚ ਇਹ ਮਹਾਮੁਕਾਬਲਾ ਬੇਹੱਦ ਰੌਚਕ ਰਹੇਗਾ।

ਬੜੀ ਮੁਸ਼ਕਲ ਇਸ ਰਾਹ ’ਚ
ਸਿੱਧੂ ਹਾਲਾਂਕਿ ਕਾਂਗਰਸ ਪ੍ਰਧਾਨ ਹਨ ਅਤੇ ਬਿਕਰਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਕੇ ਸਾਲੇ । ਇਸ ਲਈ ਦੋਵੇਂ ਪਾਰਟੀਆਂ ਵੱਲੋਂ ਖੂਬ ਜ਼ੋਰ-ਅਜਮਾਇਸ਼ ਇਹ ਚੋਣ ਜਿੱਤਣ ’ਤੇ ਰਹੇਗੀ। ਕੋਈ ਵੀ ਪੱਖ ਕਿਤੇ ਵੀ ਕਮਜ਼ੋਰੀ ਛੱਡਣਾ ਨਹੀਂ ਚਾਹੇਗਾ। ਸਿੱਧੂ ਲਈ ਮੁਸ਼ਕਲ ਇਹ ਹੋ ਸਕਦੀ ਹੈ ਕਿ ਉਨ੍ਹਾਂ ਨੂੰ ਬਤੌਰ ਪ੍ਰਧਾਨ ਪੰਜਾਬ ਦੇ ਬਾਕੀ ਹਲਕਿਆਂ ’ਚ ਵੀ ਪ੍ਰਚਾਰ ਕਰਨਾ ਪਵੇਗਾ ਜਦ ਕਿ ਬਿਕਰਮ ਮਜੀਠੀਆ ਨੂੰ ਇਸ ਮਾਮਲੇ ’ਚ ਕੁੱਝ ਰਾਹਤ ਰਹੇਗੀ।

ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਦਾ ਨਵਜੋਤ ਸਿੱਧੂ 'ਤੇ ਵੱਡਾ ਹਮਲਾ, ਦੱਸਿਆ ਭਗੌੜਾ

2017 ’ਚ ਵੀ ਜਲਾਲਾਬਾਦ ਤੇ ਲੰਬੀ ਸਨ ਹਾਟ ਸੀਟ
ਇਹ ਪਹਿਲਾ ਮੌਕਾ ਨਹੀਂ, ਜਦੋਂ ਕਿਸੇ ਸੀਟ ’ਤੇ 2 ਉੱਘੇ ਉਮੀਦਵਾਰ ਮੈਦਾਨ ’ਚ ਹੋਣ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਜਲਾਲਾਬਾਦ ਅਤੇ ਲੰਬੀ ’ਚ ਵੀ ਅਜਿਹੀ ਹੀ ਹਾਟ ਸੀਟ ਸਾਬਿਤ ਹੋਈ ਸੀ। ਉਦੋਂ ਲੰਬੀ ਸੀਟ ’ਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਚੋਣ ਲੜੀ ਸੀ। ਹਾਲਾਂਕਿ ਆਮ ਆਦਮੀ ਪਾਰਟੀ ਨੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੂੰ ਵੀ ਲੰਬੀ ਤੋਂ ਟਿਕਟ ਦੇ ਦਿੱਤੀ ਸੀ। ਬਾਦਲ ਨੇ ਉਦੋਂ ਅਮਰਿੰਦਰ ਨੂੰ 22,770 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। ਜਰਨੈਲ ਸਿੰਘ 21,254 ਵੋਟਾਂ ਲੈ ਕੇ ਤੀਸਰੇ ਨੰਬਰ ’ਤੇ ਰਹੇ।

2014 ਲੋਕ ਸਭਾ ’ਚ ਵੀ ਉਲਝੇ ਸਨ ਕਈ ਚੋਟੀ ਦੇ ਨੇਤਾ 
ਸਾਲ 2014 ’ਚ ਜਦੋਂ ਦੇਸ਼ ਭਰ ’ਚ ਮੋਦੀ ਲਹਿਰ ਪੂਰੇ ਜ਼ੋਰਾਂ ’ਤੇ ਸੀ, ਉਦੋਂ ਕਾਂਗਰਸ ਨੇ ਪੰਜਾਬ ’ਚ 4 ਸੀਟਾਂ ’ਤੇ ਅਕਾਲੀ-ਭਾਜਪਾ ਖ਼ਿਲਾਫ਼ ਵੱਡੇ ਨੇਤਾਵਾਂ ਨੂੰ ਉਤਾਰਿਆ। ਇਨ੍ਹਾਂ ’ਚ ਅੰਮਿ੍ਤਸਰ ਲੋਕ ਸਭਾ ਹਲਕੇ ’ਚ ਕਾਂਗਰਸ ਦੇ ਕੈ. ਅਮਰਿੰਦਰ ਸਿੰਘ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਟਲੀ ਵਿਚਕਾਰ ਮੁਕਾਬਲਾ ਸੀ। ਕੈਪਟਨ ਨੇ ਉਹ ਚੋਣ 1,02,770 ਵੋਟਾਂ ਦੇ ਅੰਤਰ ਨਾਲ ਜਿੱਤੀ ਸੀ। ਪੰਜਾਬ ਦੇ ਉਸ ਸਮੇਂ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਨ, ਜਿਨ੍ਹਾਂ ਦੀ ਟੱਕਰ ਗੁਰਦਾਸਪੁਰ ’ਚ ਭਾਜਪਾ ਦੇ ਵਿਨੋਦ ਖੰਨਾ ਨਾਲ ਸੀ। ਖੰਨਾ ਨੇ 4,82,042 ਵੋਟਾਂ ਲੈ ਕੇ ਉਦੋਂ ਬਾਜਵਾ ਨੂੰ 1,35,899 ਵੋਟਾਂ ਨਾਲ ਹਰਾ ਕੇ ਇਹ ਸੀਟ ਖੋਹੀ ਸੀ।

ਬਾਦਲ-ਮਾਨ ਭਿੜ ਚੁੱਕੇ ਨੇ ਕਿਲ੍ਹਾ ਰਾਏਪੁਰ ’ਚ
1997 ’ਚ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਲੰਬੀ ਸੀਟ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੀ ਕਿਲ੍ਹਾ ਰਾਏਪੁਰ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ। ਕਿਲ੍ਹਾ ਰਾਏਪੁਰ ’ਚ ਉਨ੍ਹਾਂ ਦਾ ਮੁਕਾਬਲਾ ਸੀ. ਪੀ. ਆਈ. ਦੇ ਤਰਸੇਮ ਜੋਧਾਂ ਨਾਲ ਸੀ। ਆਖਰੀ ਸਮੇਂ ’ਤੇ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਬਾਦਲ ਖ਼ਿਲਾਫ਼ ਇਥੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ। ਬਾਦਲ ਉਦੋਂ ਦੋਵੇਂ ਸੀਟਾਂ ’ਤੇ ਚੋਣ ਜਿੱਤੇ ਸਨ। ਕਿਲ੍ਹਾ ਰਾਏਪੁਰ ’ਚ ਬਾਦਲ ਨੇ ਜੋਧਾਂ ਨੂੰ 11,032 ਵੋਟਾਂ ਨਾਲ ਹਰਾਇਆ। ਤੀਸਰੇ ਨੰਬਰ ’ਤੇ ਰਹੇ ਸਿਮਰਨਜੀਤ ਸਿੰਘ ਮਾਨ ਨੂੰ ਉਦੋਂ 15,377 ਵੋਟਾਂ ਮਿਲੀਆਂ ਸਨ। ਉਦੋਂ ਅਮਰਿੰਦਰ ਆਪਣੀ ਪਟਿਆਲਾ ਸੀਟ ਜਿੱਤ ਕੇ ਮੁੱਖ ਮੰਤਰੀ ਬਣੇ ਸਨ।

ਜਦੋਂ ਬਾਦਲ ਪਰਿਵਾਰ ’ਚ ਹੀ ਹੋਇਆ ਮੁਕਾਬਲਾ
ਬਠਿੰਡਾ ’ਚ ਬਾਦਲ ਪਰਿਵਾਰ ’ਚ ਮੁਕਾਬਲਾ ਹੋਇਆ ਸੀ। ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਮਨਪ੍ਰੀਤ ਬਾਦਲ ਨੂੰ ਉਤਾਰਿਆ। ਇਸ ਚੋਣ ’ਚ ਬੇਹੱਦ ਕਰੀਬੀ ਅਤੇ ਤਿੱਖਾ ਮੁਕਾਬਲਾ ਦੇਖਣ ਨੂੰ ਮਿਲਿਆ ਜਦੋਂ ਹਰਸਿਮਰਤ ਕੌਰ ਬਾਦਲ 5 ਲੱਖ ਤੋਂ ਜ਼ਿਆਦਾ ਵੋਟਾਂ ਲੈ ਕੇ ਸਿਰਫ਼ 19,395 ਵੋਟਾਂ ਨਾਲ ਜਿੱਤ ਸਕੀ। ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ 2009 ’ਚ ਇਸ ਹਲਕੇ ’ਚ ਹਰਸਿਮਰਤ ਕੌਰ ਬਾਦਲ ਕੈਪਟਨ ਅਮਰਿੰਦਰ ਦੇ ਬੇਟੇ ਰਣਇੰਦਰ ਸਿੰਘ ਨੂੰ 1,20,000 ਵੋਟਾਂ ਨਾਲ ਹਰਾ ਚੁੱਕੀ ਸੀ।

ਜਦੋਂ ਸੁਖਬੀਰ ਦੇ ਸਾਹਮਣੇ ਆਏ ਮਾਨ ਅਤੇ ਰਵਨੀਤ
2017 ਦੀਆਂ ਚੋਣਾਂ ’ਚ ਹੀ ਜਲਾਲਾਬਾਦ ਤੋਂ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਅਤੇ ਕਾਂਗਰਸ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਚੋਣ ਲੜੀ। ਸੁਖਬੀਰ ਬਾਦਲ ਨੇ ਮਾਨ ਨੂੰ 18,450 ਵੋਟਾਂ ਨਾਲ ਹਰਾ ਕੇ ਇਹ ਚੋਣ ਜਿੱਤੀ ਜਦ ਕਿ ਬਿੱਟੂ 31,539 ਵੋਟਾਂ ਲੈ ਕੇ ਇਥੇ ਤੀਸਰੇ ਸਥਾਨ ’ਤੇ ਰਹੇ। 

ਚੰਦੂਮਾਜਰਾ ਨੇ 23,697 ਵੋਟਾਂ ਨਾਲ ਹਰਾਇਆ ਸੀ ਅੰਬਿਕਾ ਸੋਨੀ ਨੂੰ
ਕਾਂਗਰਸ ਹਾਈਕਮਾਨ ਦੀ ਬੇਹੱਦ ਕਰੀਬੀ ਉੱਘੀ ਨੇਤਾ ਅੰਬਿਕਾ ਸੋਨੀ ਨੇ ਵੀ 2014 ’ਚ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜੀ ਸੀ। ਉਨ੍ਹਾਂ ਨੂੰ ਪਟਿਆਲੇ ਦੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਨਜ਼ਦੀਕੀ ਮੁਕਾਬਲੇ ’ਚ 23,697 ਵੋਟਾਂ ਨਾਲ ਹਰਾਇਆ ਸੀ। ਉਸ ਚੋਣ ’ਚ ਚੰਦੂਮਾਜਰਾ ਨੂੰ ਕਰੀਬ ਸਾਢੇ 3 ਲੱਖ ਵੋਟ ਮਿਲੀ ਸੀ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ


author

Harnek Seechewal

Content Editor

Related News