ਮਾਰਕਫੈਡ ਦੇ ਗੋਦਾਮ ''ਚੋਂ 125 ਬੋਰੀਆਂ ਕਣਕ ਦੀਆਂ ਚੋਰੀ

Thursday, Jan 18, 2018 - 03:51 PM (IST)


ਜੈਤੋਂ (ਜਿੰਦਲ) - ਅੱਜ ਸਵੇਰੇ 2.30 ਤੋਂ 3 ਵਜੇ ਦੇ ਕਰੀਬ ਕੋਟਕਪੂਰਾ ਰੋੜ 'ਤੇ ਸਥਿਤ ਮਾਰਕਫੈਡ ਗੋਦਾਮ 'ਚੋਂ ਕਣਕ ਦੀਆਂ ਬੋਰੀਆਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਗੋਦਾਮ 'ਚੋਂ ਕਣਕ ਚੋਰੀ ਕਰਨ ਲਈ 24-25 ਵਿਅਕਤੀ ਹੱਥਾਂ 'ਚ ਤਲਵਾਰਾਂ ਲੈ ਕੇ ਗੋਦਾਮ ਅੰਦਰ ਵੜ ਗਏ ਅਤੇ ਗੁਦਾਮ ਦੀ ਸਾਈਡ ਵਾਲੀ ਦੀਵਾਰ ਕੋਲ ਕੈਂਟਰ ਖੜਾ ਕਰ ਦਿੱਤਾ। ਉਨ੍ਹਾਂ 'ਚੋਂ ਕੁਝ ਵਿਅਕਤੀਆਂ ਨੇ ਗੋਦਾਮ ਨੰਬਰ 3 ਨੂੰ ਖੋਲ ਕੇ ਕੰਧ ਦੀ ਉਪਰੋ ਬਾਹਰ ਗਲੀ 'ਚ ਕਣਕ ਦੀਆਂ ਬੋਰੀਆਂ ਸੁੱਟਣ ਲੱਗ ਪਏ। ਕਈ ਵਿਅਕਤੀ ਬੋਰੀਆਂ ਨੂੰ ਕੈਂਟਰ 'ਚ ਰੱਖ ਰਹੇ ਸਨ। ਗੋਦਾਮ ਅੰਦਰ ਡਿਊਟੀ ਅਤੇ ਤਾਇਨਾਤ 2 ਚੌਂਕੀਦਾਰ ਸੇਵਕ ਸਿੰਘ ਅਤੇ ਗੁਰਮੀਤ ਸਿੰਘ ਜਿਹੜੇ ਗੋਦਾਮ ਦੇ ਚਾਰੇ ਪਾਸੇ ਰਾਊਂਡ ਲੱਗਾ ਰਹੇ ਸਨ। ਜਦ ਉਨ੍ਹਾਂ ਨੇ ਦੇਖਿਆ ਕਿ ਗੋਦਾਮ 'ਚੋਂ ਕਣਕ ਦੀਆਂ ਬੋਰੀਆਂ ਚੋਰੀ ਕੀਤੀਆਂ ਜਾ ਰਹੀਆਂ ਹਨ, ਤਾਂ ਉਹ ਉਨ੍ਹਾਂ ਵੱਲ ਵੱਧੇ। ਚੌਂਕੀਦਾਰਾਂ ਨੂੰ ਆਉਂਦਿਆਂ ਵੇਖ ਚੋਰ ਕ੍ਰਿਪਾਨਾ ਲੈ ਕੇ ਚੌਂਕੀਦਾਰਾਂ ਵੱਲ ਵੱਧੇ ਪਰ ਚੌਂਕੀਦਾਰਾਂ ਨੇ ਉਥੋਂ ਦੀ ਦੋੜ ਕੇ ਆਪਣੀ ਜਾਨ ਬਚਾਈ। ਆਖਿਰ ਰੌਲਾ ਪਾਉਣ 'ਤੇ ਉਹ 20-22 ਬੋਰੀਆਂ ਕਣਕ ਦੀਆਂ ਸੜਕ 'ਤੇ ਛੱਡ ਗਏ ਅਤੇ ਕੈਂਟਰ 'ਚ ਲੱਧੀਆਂ 125 ਬੋਰੀਆਂ ਕੋਟਕਪੂਰਾ ਭੱਜਾ ਕੇ ਲੈ ਗਏ। ਮੌਕੇ 'ਤੇ ਸੂਚਨਾ ਮਿਲਣ 'ਤੇ ਗੋਦਾਮ 'ਚ ਪਹੁੰਚੇ ਮੈਨੇਜਰ ਸ੍ਰੀ ਸੁਰਜੀਤ ਸਿੰਘ ਨੇ ਸਥਿਤੀ ਵੇਖ ਕੇ ਥਾਣਾ ਜੈਤੋਂ ਦੀ ਪੁਲਸ ਨੂੰ ਰਿਪੋਰਟ ਦਰਜ ਕਰਵਾਈ। ਸੁਰਜੀਤ ਸਿੰਘ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਥੇ ਹੁਣ ਤੱਕ ਕਦੇ ਵੀ ਅਜਿਹੀ ਘਟਨਾ ਨਹੀਂ ਵਾਪਰੀ ਸੀ। ਇਸ ਮੌਕੇ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News