ਕਣਕ ਦੇ ਪਰਾਲ ਨੂੰ ਅੱਗ ਲਗਾਉਣ ਦੀਆਂ ਸਾਹਮਣੇ ਆਈਆਂ 243 ਘਟਨਾਵਾਂ
Friday, May 08, 2020 - 09:43 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪੰਜਾਬ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਲਗਾਤਾਰ ਕਿਸਾਨਾਂ ਨੂੰ ਕਣਕ ਦੇ ਪਰਾਲ ਨੂੰ ਅੱਗ ਨਾ ਲਾਉਣ ਲਈ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਵੀ ਹੁਣ ਤੱਕ 243 ਅੱਗ ਲਗਾਉਣ ਦੀਆਂ ਘਟਨਾਵਾਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵਲੋਂ ਦਰਜ ਕੀਤੀਆਂ ਗਈਆਂ ਜਾ ਚੁੱਕੀਆਂ ਹਨ। ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਮੁਖੀ ਡਾ.ਅਨਿਲ ਸੂਦ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਦਾ ਸੈਟੇਲਾਈਟ ਦੁਆਰਾ ਪਤਾ ਲਗਾਇਆ ਜਾਂਦਾ ਹੈ। ਇਸ ਵਿਚ ਕਈ ਵਾਰ ਹਾਦਸਿਆਂ ਕਾਰਨ ਲੱਗੀ ਅੱਗ ਵੀ ਦਰਜ ਹੋ ਜਾਂਦੀ ਹੈ ਪਰ ਅਧਿਕਾਰੀਆਂ ਦੁਆਰਾ ਛਾਣ ਬੀਣ ਤੋਂ ਬਾਅਦ ਹਾਦਸਿਆਂ ਵਾਲੀਆਂ ਘਟਨਾਵਾਂ ਇਸ ਵਿਚੋਂ ਕੱਢ ਦਿੱਤੀਆਂ ਜਾਂਦੀਆਂ ਹਨ।
ਜੇਕਰ ਕਿਸਾਨ ਰਾਤ ਵੇਲੇ ਜਾਂ ਸਵੇਰੇ ਮੂੰਹ ਹਨੇਰੇ ਅੱਗ ਲਗਾਉਂਦਾ ਹੈ ਤਾਂ ਉਸ ਨੂੰ ਸੈਟੇਲਾਈਟ ਰਾਹੀਂ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ । ਇਸ ਸਾਲ 15 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਕੁੱਲ 243 ਘਟਨਾਵਾਂ ਹੀ ਦਰਜ ਹੋਈਆਂ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਹਨ। ਇਸ ਵਾਰ ਕਣਕ ਦਾ ਸੀਜ਼ਨ ਲੰਬਾ ਚੱਲਿਆ ਹੈ ਅਜੇ ਵੀ ਲੋਕ ਕਣਕ ਦੀ ਵਾਢੀ ਕਰ ਰਹੇ ਹਨ। ਬਹੁਤ ਸਾਰੇ ਕਿਸਾਨਾਂ ਦੀਆਂ ਤੂੜੀਆਂ ਬਣਾਉਣੀਆਂ ਅਜੇ ਬਾਕੀ ਹਨ। ਇਸ ਮਹੀਨੇ ਅੱਗ ਲੱਗਣ ਦੀਆਂ ਘਟਨਾਵਾਂ ਵਧਣ ਦੇ ਆਸਾਰ ਜ਼ਰੂਰ ਹਨ ਪਰ ਸਰਕਾਰ ਦੁਆਰਾ ਅੱਗ ਨਾ ਲਾਉਣ ਦੀਆਂ ਕਿਸਾਨਾਂ ਨੂੰ ਸਲਾਹਾਂ ਜ਼ਰੂਰ ਕਾਰਗਰ ਸਿੱਧ ਹੋਣਗੀਆਂ ।
ਪੜ੍ਹੋ ਇਹ ਵੀ ਖਬਰ - ਵਿਸ਼ਵ ਭਰ ''ਚ 90 ਹਜ਼ਾਰ ਤੋਂ ਵਧੇਰੇ ਸਿਹਤ ਸੰਭਾਲ ਕਰਮਚਾਰੀ ਕੋਰੋਨਾ ਤੋਂ ਹੋਏ ਪ੍ਰਭਾਵਿਤ (ਵੀਡੀਓ)
ਪੜ੍ਹੋ ਇਹ ਵੀ ਖਬਰ - ਜਾਣੋ ਖੂਨਦਾਨ ਅਤੇ ਪਲਾਜ਼ਮਾ ਦਾਨ ਵਿਚ ਆਖਰ ਕੀ ਹੈ ਅੰਤਰ (ਵੀਡੀਓ)
ਪੜ੍ਹੋ ਇਹ ਵੀ ਖਬਰ - ਰੋਜ਼ਾਨਾ 4000 ਲੋੜਵੰਦਾਂ ਦਾ ਲੰਗਰ ਮਿਲਕੇ ਤਿਆਰ ਕਰ ਰਹੇ ਹਨ ‘ਯੂਨਾਈਟਡ ਸਿੱਖ ਮਿਸ਼ਨ’
ਉਨ੍ਹਾਂ ਕਿਹਾ ਕਿ ਅੱਗ ਦੁਆਰਾ ਪੈਦਾ ਹੋਏ ਧੂੰਏਂ ਨਾਲ ਸਰੀਰ ਨੂੰ ਸਾਹ ਪ੍ਰਣਾਲੀ ਦੀ ਸਮੱਸਿਆ ਪੈਦਾ ਹੁੰਦੀ ਹੈ। ਜਿਸ ਕਾਰਨ ਕੋਰੋਨਾ ਵਾਇਰਸ ਹੋਰ ਵੱਧ ਸਕਦਾ ਹੈ। ਕਿਸਾਨਾਂ ਨੂੰ ਇਹੀ ਬੇਨਤੀ ਹੈ ਕਿ ਉਹ ਆਪਣੇ ਖੇਤ ਵਿਚ ਕਣਕ ਦੇ ਪਰਾਲ ਨੂੰ ਅੱਗ ਨਾ ਲਾਉਣ , ਇਸ ਲਈ ਕੋਰੋਨਾ ਉੱਤੇ ਕਾਬੂ ਪਾਉਣ ਲਈ ਕਿਸਾਨ ਦਾ ਵੀ ਬਹੁਤ ਵੱਡਾ ਯੋਗਦਾਨ ਹੋਵੇਗਾ। ਪਰਾਲ ਨੂੰ ਅੱਗ ਲਾਉਣ ਦੇ ਸਬੰਧ ਵਿਚ ਕਿਸਾਨਾਂ ਨੂੰ ਜੁਰਮਾਨੇ ਅਤੇ ਪੁਲਸ ਕੇਸ ਵੀ ਦਰਜ ਹੋਏ ਹਨ ਇਸ ਬਾਰੇ ਗੱਲ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਐਨਵਾਇਰਮੈਂਟਲ ਇੰਜੀਨੀਅਰ ਕਰੁਨੇਸ਼ ਗਰਗ ਨੇ ਕਿਹਾ ਕਿ ਜਦੋਂ ਅੱਗ ਲੱਗਣ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਕਈ ਵਾਰ ਕਈ ਜਗ੍ਹਾ ਹਾਦਸਾ ਵੀ ਹੁੰਦਾ ਹੈ ਜਾਂ ਅੱਗ ਨਹੀਂ ਵੀ ਲੱਗੀ ਹੁੰਦੀ ।
ਇਨ੍ਹਾਂ ਨੂੰ ਛੱਡ ਕੇ ਬਾਕੀ ਕਿਸਾਨਾਂ ਤੇ ਜੁਰਮਾਨੇ ਜਾਂ ਪੁਲਸ ਕੇਸ ਦਰਜ ਹੁੰਦੇ ਹਨ। ਪਰਾਲ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 2 ਏਕੜ ਤੋਂ ਘੱਟ 2500 ਰੁਪਏ 2 ਤੋਂ 5 ਏਕੜ ਤੱਕ 5000 ਰੁਪਏ ਅਤੇ 5 ਏਕੜ ਤੋਂ ਉੱਪਰ 15000 ਰੁਪਏ ਤੱਕ ਦਾ ਜੁਰਮਾਨਾ ਹੈ। ਇਸ ਸਬੰਧੀ ਪੰਜਾਬ ਵਿਚ ਹੁਣ ਤੱਕ ਲਗਭਗ 7 ਪੁਲਸ ਕੇਸ ਦਰਜ ਹੋ ਚੁੱਕੇ ਹਨ।
ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਬਹੁਤ ਸਾਰੇ ਕਿਸਾਨ ਹੁਣ ਕਣਕ ਦੇ ਪਰਾਲ ਨੂੰ ਅੱਗ ਲਾਉਣਾ ਘਟ ਗਏ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਨੁਸਾਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ 2 ਕਿੱਲਿਆਂ ਤੋਂ ਘੱਟ ਵਾਲੇ ਕਿਸਾਨ ਨੂੰ ਮੁਫ਼ਤ, 2 ਤੋਂ 5 ਕਿੱਲਿਆਂ ਵਾਲੇ ਕਿਸਾਨ ਨੂੰ 5 ਹਜ਼ਾਰ ਰੁਪਏ ਅਤੇ 5 ਕਿੱਲਿਆਂ ਤੋਂ ਉੱਪਰ ਵਾਲੇ ਕਿਸਾਨ ਨੂੰ 15000 ਰੁਪਏ ਤੱਕ ਪਰਾਲ ਸੰਭਾਲਣ ਲਈ ਮਸ਼ੀਨਰੀ ਮੁਹੱਈਆ ਕਰਵਾਵੇ। ਜੇਕਰ ਫਿਰ ਵੀ ਕੋਈ ਕਿਸਾਨ ਅੱਗ ਲਾਉਂਦਾ ਹੈ ਤਾਂ ਇਸੇ ਤਰ੍ਹਾਂ ਉਸ ਤੋਂ ਜੁਰਮਾਨਾ ਕਬੂਲਿਆ ਜਾਵੇ। ਸਰਕਾਰ ਅਤੇ ਮਹਿਕਮੇ ਨੂੰ ਇਸ ਸਬੰਧ ਵਿੱਚ ਕਿਸਾਨ ਦੀ ਮਦਦ ਕਰਨੀ ਚਾਹੀਦੀ ਹੈ ਨਾ ਕਿ ਜੁਰਮਾਨੇ ਅਤੇ ਪੁਲਸ ਕੇਸ ਦਰਜ ਕਰਨੇ ਚਾਹੀਦੇ ਹਨ ।